ਅਧਿਆਪਕ ਜਗਦੀਪ ਸਿੰਘ ਦੇ ਕਤਲ ਦੀ ਜਥੇਦਾਰ ਅਕਾਲ ਤਖ਼ਤ ਸਾਹਿਬ ਵੱਲੋਂ ਸਖ਼ਤ ਸ਼ਬਦਾਂ 'ਚ ਨਿੰਦਾ
ਸ੍ਰੀ ਅੰਮ੍ਰਿਤਸਰ, 2 ਜੂਨ 2026- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ਵਿੱਚ ਤਲਵੰਡੀ ਮਾਣਕ ਪਿੰਡ ਦੇ ਵਾਸੀ ਅਧਿਆਪਕ ਜਗਦੀਪ ਸਿੰਘ ਦੇ ਦਿਨ ਦਿਹਾੜੇ ਕੀਤੇ ਗਏ ਕਤਲ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਸ. ਜਗਦੀਪ ਸਿੰਘ ਇੱਕ ਹੋਣਹਾਰ ਗੁਰਸਿੱਖ ਸੀ ਜੋ ਸਰਕਾਰੀ ਸਕੂਲ ਵਿੱਚ ਅਧਿਆਪਕ ਦੀਆਂ ਸੇਵਾਵਾਂ ਨਿਭਾਅ ਰਿਹਾ ਸੀ। ਉਨ੍ਹਾਂ ਕਿਹਾ ਕਿ ਸ. ਜਗਦੀਪ ਸਿੰਘ ਸਕੂਲ ਵਿੱਚ ਉਨ੍ਹਾਂ ਦੇ ਨਾਲ ਪੜ੍ਹਦਾ ਰਿਹਾ ਹੈ ਅਤੇ ਉਹ ਬਹੁਤ ਹੀ ਲਿਆਕਤ ਵਾਲੀ ਸਖ਼ਸ਼ੀਅਤ ਸੀ। ਉਨ੍ਹਾਂ ਕਿਹਾ ਕਿ ਅਜਿਹੇ ਨੌਜਵਾਨਾਂ ਦਾ ਇਸ ਤਰ੍ਹਾਂ ਜਾਣਾ ਪੰਜਾਬ ਅਤੇ ਪੰਥ ਲਈ ਵੱਡਾ ਘਾਟਾ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਇਸ ਤਰ੍ਹਾਂ ਪੰਜਾਬ ਦੇ ਹੋਣਹਾਰ ਨੌਜਵਾਨ ਸੂਬੇ ਅੰਦਰ ਅਪਰਾਧ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਬਿਨਾਂ ਦੇਰੀ ਸ. ਜਗਦੀਪ ਸਿੰਘ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਕੇ ਪੀੜਤ ਪਰਿਵਾਰ ਨਾਲ ਇਨਸਾਫ਼ ਕਰੇ। ਉਨ੍ਹਾਂ ਕਿਹਾ ਕਿ ਇਹ ਜਾਣਕਾਰੀ ਮਿਲ ਰਹੀ ਹੈ ਕਿ ਪੁਲਿਸ ਵੱਲੋਂ ਸ. ਜਗਦੀਪ ਸਿੰਘ ਦੇ ਮਾਮਲੇ ਵਿੱਚ ਜਾਂਚ ਵਿੱਚ ਬਹੁਤ ਢਿੱਲਾਪਣ ਵਰਤਿਆ ਜਾ ਰਿਹਾ ਹੈ, ਜਿਸ ਕਰਕੇ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਪੁਲਿਸ ਤੁਰੰਤ ਪ੍ਰਭਾਵ ਨਾਲ ਇਲਾਕੇ ਵਿੱਚ ਵਿਚਰ ਰਹੇ ਅਪਰਾਧਿਕ ਅਨਸਰਾਂ ਨੂੰ ਨੱਥ ਪਾਵੇ ਅਤੇ ਆਮ ਲੋਕਾਂ ਦੀ ਜਾਨ ਮਾਲ ਨੂੰ ਯਕੀਨੀ ਬਣਾਵੇ।
ਉਨ੍ਹਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
- Download Babushahi App
-
-