Political Special ਬਠਿੰਡਾ ਨਿਗਮ ਚੋਣਾਂ : ਚੋਣ ਨਤੀਜਿਆਂ ਨੇ ਭਾਜਪਾ ਦੇ ਪੈਰਾਂ ਹੇਠੋਂ ਜਮੀਨ ਖਿਸਕਾਈ
ਅਸ਼ੋਕ ਵਰਮਾ
ਬਠਿੰਡਾ, 31 ਮਈ 2026 : ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਦੌਰਾਨ ਆਮ ਆਮ ਆਦਮੀ ਪਾਰਟੀ ਦੀ ਜਿੱਤ ਨੇ ਭਾਜਪਾ ਲੀਡਰਸ਼ਿਪ ਦੇ ਉਨ੍ਹਾਂ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ ਜਿੰਨ੍ਹਾਂ ’ਚ ਕਿਹਾ ਗਿਆ ਸੀ ਕਿ ਇਸ ਵਾਰ ਮੇਅਰ ਬੀਜੇਪੀ ਦਾ ਬਣੇਗਾ । ਭਾਜਪਾ ਨੇ ਬਠਿੰਡਾ ਦੇ 48 ਵਾਰਡਾਂ ਤੋਂ ਚੋਣ ਲੜੀ ਸੀ ਜਿੰਨ੍ਹਾਂ ਚੋਂ ਸਿਰਫ ਇੱਕ ਉਮੀਦਵਾਰ ਹੀ ਜਿੱਤ ਸਕਿਆ ਹੈ । ਭਾਜਪਾ ਦੀ ਇਸ ਅਣਕਿਆਸੀ ਹਾਰ ਨੂੰ ਲੈਕੇ ਸ਼ਹਿਰ ਦੀ ਹੱਟੀ ਭੱਠੀ ਤੇ ਭਾਂਤ ਭਾਂਤ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਕੋਈ ਇਸ ਹਾਰ ਨੂੰ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਅੱਥਰੀ ਬੋਲਬਾਣੀ ਦਾ ਨਤੀਜਾ ਦੱਸ ਰਿਹਾ ਹੈ ਜਦੋਂਕਿ ਕਈ ਇਸ ਨੂੰ ਭਾਜਪਾ ਆਗੂਆਂ ਦੀ ਆਪਸੀ ਖਿੱਚੋਤਾਣ ਦਾ ਸਿੱਟਾ ਦੱਸ ਰਹੇ ਹਨ। ਇਹ ਵੀ ਚਰਚਾ ਹੈ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਪਿਛੋਕੜ ’ਚ ਲਏ ਫੈਸਲਿਆਂ ਕਾਰਨ ਵੀ ਵੋਟਰ ਭਾਜਪਾ ਤੋਂ ਦੂਰ ਹੋਇਆ ਹੈ।
ਜਿਕਰਯੋਗ ਹੈ ਕਿ ਬਠਿੰਡਾ ’ਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਬਿੱਟੂ ਨੇ ਕਿਸੇ ਗੜਬੜ ਦੀ ਸੂਰਤ ’ਚ ਡੀਸੀ ਅਤੇ ਐਸਐਸਪੀ ਨੂੰ ਕੇਂਦਰ ਸਰਕਾਰ ਰਾਹੀਂ ਸਿੱਝਣ ਦੀ ਚਿਤਾਵਨੀ ਦਿੱਤੀ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਉਹ ਵੋਟਾਂ ਪੈਣ ਵਾਲੇ ਦਿਨ ਬਠਿੰਡਾ ਆਉਣਗੇ ਪਰ ਹੈਰਾਨੀ ਵਾਲੀ ਗੱਲ ਹੈ ਕਿ ਉਸੇ ਦਿਨ ਸ਼ਾਮ ਨੂੰ ਭਾਜਪਾ ਦੇ ਜਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਅਤੇ ਉਨ੍ਹਾਂ ਦੇ ਲੜਕੇ ’ਤੇ ਹਮਲਾ ਹੋਣ ਅਤੇ ਉਲਟਾ ਉਨ੍ਹਾਂ ’ਤੇ ਪੁਲਿਸ ਕੇਸ ਦਰਜ ਕਰਨ ਦੇ ਬਾਵਜੂਦ ਕੇਂਦਰੀ ਮੰਤਰੀ ਦੇ 5 ਦਿਨ ਬਾਅਦ ਵੀ ਬਠਿੰਡਵੀਆਂ ਨੂੰ ਦਰਸ਼ਨ ਨਹੀਂ ਹੋਏ ਹਨ। ਇੱਥੇ ਇਹ ਵੀ ਜਿਕਰ ਕਰਨਾ ਦਿਲਚਸਪੀ ਤੋਂ ਘੱਟ ਨਹੀਂ ਹੋਵੇਗਾ ਕਿ ਜਿੰਨ੍ਹਾਂ ਵਾਰਡਾਂ ’ਚ ਕੇਂਦਰੀ ਮੰਤਰੀ ਨੇ ਚੋਣ ਪ੍ਰਚਾਰ ਕੀਤਾ ਉਨ੍ਹਾਂ ’ਚ ਭਾਜਪਾ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਜਪਾ ਲਈ ਹੌਸਲੇ ਵਾਲੀ ਗੱਲ ਇਹੋ ਹੈ ਕਿ ਪਾਰਟੀ ਦੇ ਕਾਫੀ ਉਮੀਦਵਾਰ ਦੂਸਰੇ ਸਥਾਨ ’ਤੇ ਰਹੇ ਹਨ।
ਬਿੱਟੂ ਨੇ ਇਸ ਮੌਕੇ ਦੋ ਚੋਣ ਰੈਲੀਆਂ ਕੀਤੀਆਂ ਸਨ ਜਿੰਨ੍ਹਾਂ ’ਚ ਉਨ੍ਹਾਂ ਹਾਕਮ ਧਿਰ ਖਿਲਾਫ ਜੰਮਕੇ ਭੜਾਸ ਕੱਢੀ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਖਰੀਆਂ ਖਰੀਆਂ ਸੁਣਾਈਆਂ ਸਨ। ਉਨ੍ਹਾਂ ਪਹਿਲੀ ਰੈਲੀ ’ਚ ਵਾਰਡ ਨੰਬਰ 2 ਅਤੇ ਆਸ ਪਾਸ ਦੇ ਉਮੀਦਵਾਰਾਂ ਲਈ ਵੋਟਾਂ ਮੰਗੀਆਂ ਸਨ ਜਦੋਂਕਿ ਦੂਸਰੀ ਰੈਲੀ ਮੇਲਾ ਰਾਮ ਰੋਡ ’ਤੇ ਵਾਰਡ ਨੰਬਰ 47 ਦੇ ਉਮੀਦਵਾਰ ਅਤੇ ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਡਾ ਤਰਸੇਮ ਗਰਗ ਦੀ ਪਤਨੀ ਡਾ ਰਜਨੀ ਜਿੰਦਲ ਦੇ ਹੱਕ ’ਚ ਕੀਤੀ ਸੀ ਪਰ ਦੋਵਾਂ ਹੀ ਵਾਰਡਾਂ ’ਚ ਭਾਜਪਾ ਦੇ ਉਮੀਦਵਾਰ ਜਿੱਤ ਨਹੀਂ ਸਕੇ ਹਨ। ਵਾਰਡ ਨੰਬਰ 8 ’ਚ ਭਾਜਪਾ ਉਮੀਦਵਾਰ ਅਸ਼ੋਕ ਬਾਲਿਆਂਵਾਲੀ ਨੂੰ ਪੂਰੀ ਤਰਾਂ ਜੇਤੂ ਮੰਨਿਆ ਜਾ ਰਿਹਾ ਪਰ ਉਨ੍ਹਾਂ ਦੀ ਹਾਰ ਹੋਈ ਹੈ। ਵਾਰਡ ਨੰਬਰ 7 ’ਚ ਭਾਜਪਾ ਉਮੀਦਵਾਰ ਰਿੰਪੀ ਰਾਣੀ ਅਤੇ ਵਾਰਡ ਨੰਬਰ 9 ’ਚ ਡਿੰਪਲ ਰਾਣੀ ਭਾਜਪਾ ਦੀਆਂ ਮਜਬੂਤ ਉਮੀਦਵਾਰ ਸਨ ਪਰ ਦੋਵੇ ਹੀ ਹਾਰ ਗਈਆਂ।
ਭਾਜਪਾ ਦੇ ਇੱਕ ਟਕਸਾਲੀ ਆਗੂ ਦਾ ਕਹਿਣਾ ਸੀ ਕਿ ਜਿੱਥੇ ਬਾਕੀ ਪਾਰਟੀਆਂ ਉਮੀਦਵਾਰਾਂ ਦੀ ਚੋਣ ’ਚ ਜੁਟੀਆਂ ਹੋਈਆਂ ਸਨ ਉੱਥੇ ਹੀ ਭਾਜਪਾ ਲੀਡਰਸ਼ਿਪ ਵੱਲੋਂ ਟਿਕਟਾਂ ਦੀ ਵੰਡ ’ਚ ਦੇਰੀ ਵੀ ਕਿਸੇ ਹੱਦ ਤੱਕ ਹਾਰ ਲਈ ਜਿੰਮੇਵਾਰ ਹੈ। ਉਨ੍ਹਾਂ ਦੱਸਿਆ ਕਿ ਇਸੇ ਕਾਰਨ ਹੀ ਕਈ ਵਾਰਡਾਂ ’ਚ ਯੋਗ ਉਮੀਦਵਾਰਾਂ ਨੂੰ ਉਤਾਰਿਆ ਨਹੀਂ ਜਾ ਸਕਿਆ ਹੈ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 7 ’ਚ ਆਪ ਉਮੀਦਵਾਰ ਮਨਦੀਪ ਕੌਰ ਰਾਮਗੜ੍ਹੀਆ ਦੇ ਮੁਕਾਬਲੇ ਦੋ ਦਿਨ ਪਹਿਲਾਂ ਪਾਰਟੀ ’ਚ ਵਾਪਿਸ ਪਰਤੀ ਮਨਦੀਪ ਕੌਰ ਪਤਨੀ ਬਸੰਤ ਸਿੰਘ ਅਗਰੋਹੀਆ ਨੂੰ ਮੈਦਾਨ ’ਚ ਲਿਆਂਦਾ ਪਰ ਜਿੱਤ ਨਾਂ ਸਕੀ ਜਿਸ ਦਾ ਕਾਰਨ ਹੀ ਦੇਰੀ ਸੀ। ਉਨ੍ਹਾਂ ਕਿਹਾ ਕਿ ਜੇਕਰ ਕਈ ਵਾਰਡਾਂ ’ਚ ਵਕਤ ਰਹਿੰਦਿਆਂ ਉਮੀਦਵਾਰ ਐਲਾਨੇ ਹੁੰਦੇ ਤਾਂ ਚੋਣ ਨਤੀਜੇ ਹੋਰ ਹੋ ਸਕਦੇ ਸਨ। ਉਨ੍ਹਾਂ ਦੱਸਿਆ ਕਿ ਫਿਰ ਵੀ ਔਖੇ ਹਾਲਾਤਾਂ ਦੇ ਬਾਵਜੂਦ ਪਾਰਟੀ ਉਮੀਦਵਾਰਾਂ ਨੇ ਜਬਰਦਸਤ ਲੜਾਈ ਲੜੀ ਅਤੇ ਦੂਸਰੇ ਸਥਾਨ ’ਤੇ ਰਹੇ ਹਨ।
ਹਾਲਾਂਕਿ ਸ਼ਹਿਰੀ ਭਾਜਪਾ ਦੇ ਆਗੂ ਸਿੱਧੇ ਤੌਰ ’ਤੇ ਇਸ ਸਬੰਧ ਵਿੱਚ ਕੁੱਝ ਵੀ ਕਹਿਣ ਨੂੰ ਤਿਆਰ ਨਹੀਂ ਪਰ ਰਾਜਨੀਤੀ ਦੇ ਜਾਣਕਾਰਾਂ ਅਤੇ ਸਿਆਸੀ ਮਾਹਿਰਾਂ ਵੱਲੋਂ ਕੀਤੀਆਂ ਗਈਆਂ ਪੇਸ਼ੀਨਗੋਈਆਂ ਨੂੰ ਪਿੱਛੇ ਛੱਡਦਿਆਂ ਬਠਿੰਡਾ ਦੀ ਜਨਤਾ ਦੇ ਫੈਸਲੇ ਨੇ ਭਾਜਪਾ ਨੇਤਾਵਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇੱਕ ‘ਆਪ’ ਆਗੂ ਨੇ ਦਾਅਵਾ ਕੀਤਾ ਕਿ ਚੋਣ ਨਤੀਜੇ ਸਪਸ਼ਟ ਕਰਦੇ ਹਨ ਕਿ ਮੋਦੀ ਸਰਕਾਰ ਦੀਆਂ ਸਕੀਮਾਂ ਦੇ ਸਿਰ ’ਤੇ ਵੋਟਰਾਂ ਨੂੰ ਉਲਝਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਵੇਂ ਵਿਰੋਧੀ ਧਿਰਾਂ ਕਾਂਗਰਸ , ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ‘ਆਪ ਦੀ ਇਸ ਜਿੱਤ ਨੂੰ ਚੋਣ ਧਾਂਦਲੀਆਂ ਦਾ ਸਿੱਟਾ ਦੱਸ ਰਹੀਆਂ ਹਨ ਪਰ ਇੰਨ੍ਹਾਂ ਨਤੀਜਿਆਂ ਨੇ ਇਹ ਵੀ ਸਾਫ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੇ ਨੌਜਵਾਨ ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਤਕਰੀਬਨ ਸਾਲ ਭਰ ਦੌਰਾਨ ਕੀਤੇ ਕੰਮਾਂ ਨੂੰ ਯਾਦ ਹੀ ਨਹੀਂ ਰੱਖਿਆ ਬਲਕਿ ਆਪਣਾ ਅਥਾਹ ਭਰੋਸਾ ਪ੍ਰਗਟ ਕੀਤਾ ਹੈ।
ਹਾਈਕੋਰਟ ਜਾਵਾਂਗੇ : ਸਿੰਗਲਾ
ਭਾਜਪਾ ਦੇ ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦਾ ਕਹਿਣਾ ਸੀ ਕਿ ਬੀਜੇਪੀ ਦੇ ਇੱਕ ਦਰਜਨ ਤੋਂ ਵੱਧ ਉਮੀਦਵਾਰਾਂ ਨੂੰ ਹਰਾਉਣ ਸਭ ਕਾਇਦੇ ਕਾਨੂੰਨ ਛਿੱਕੇ ਟੰਗੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਧਾਂਦਲੀਆਂ ਖਿਲਾਫ ਉਹ ਹਾਈਕੋਰਟ ਦਾ ਰੁੱਖ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਪੂਰੀ ਤਰਾਂ ਇੱਕਜੁੱਟ ਹੈ ਅਤੇ ਹਾਕਮ ਧਿਰ ਦੀ ਧੱਕੇਸ਼ਾਹੀ ਖਿਲਾਫ ਲੜਾਈ ਜਾਰੀ ਰਹੇਗੀ।
- Download Babushahi App
-
-