ਪੰਜਾਬੀ ਯੂਨੀਵਰਸਿਟੀ ਦੇ 24 ਖਿਡਾਰੀਆਂ ਨੂੰ ਪੰਜਾਬ ਸਰਕਾਰ ਨੇ ਵੱਕਾਰੀ 'ਮਹਾਰਾਜਾ ਰਣਜੀਤ ਸਿੰਘ ਖੇਡ ਐਵਾਰਡ' ਨਾਲ਼ ਸਨਮਾਨਿਆ
ਸ਼ੂਟਰ ਅਮਨਪ੍ਰੀਤ ਸਿੰਘ ਨੂੰ 1.54 ਕਰੋੜ ਰੁਪਏ ਅਤੇ ਤੀਰਅੰਦਾਜ਼ ਪਰਨੀਤ ਕੌਰ ਨੂੰ ਮਿਲੇ 19.5 ਲੱਖ ਰੁਪਏ
ਐਵਾਰਡ ਹਾਸਲ ਕਰਨ ਵਾਲੇ ਬਾਕੀ ਸਾਰੇ ਖਿਡਾਰੀਆਂ ਨੂੰ ਵੀ ਪੰਜ-ਪੰਜ ਲੱਖ ਰੁਪਏ ਦੀ ਰਾਸ਼ੀ ਹੋਈ ਪ੍ਰਾਪਤ
ਪਟਿਆਲਾ, 25 ਮਈ
ਪੰਜਾਬੀ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਹੈ ਕਿ ਯੂਨੀਵਰਸਿਟੀ ਅਤੇ ਇਸ ਨਾਲ਼ ਸਬੰਧਤ ਕਾਲਜਾਂ ਦੇ ਵੱਖ-ਵੱਖ ਖੇਡਾਂ ਦੇ 24 ਹੋਣਹਾਰ ਖਿਡਾਰੀਆਂ ਨੂੰ ਮਾਣਯੋਗ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਮਾਨ ਵੱਲੋਂ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਵੱਕਾਰੀ 'ਮਹਾਰਾਜਾ ਰਣਜੀਤ ਸਿੰਘ ਖੇਡ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਖਿਡਾਰੀਆਂ ਨੂੰ ਇਹ ਐਵਾਰਡ ਸਾਲ 2018 ਤੋਂ 2023 ਦੌਰਾਨ ਉਨ੍ਹਾਂ ਵੱਲੋਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ 'ਤੇ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਯੂਨੀਵਰਸਿਟੀ ਅਤੇ ਸੂਬੇ ਦਾ ਨਾਮ ਰੌਸ਼ਨ ਕਰਨ ਲਈ ਦਿੱਤੇ ਗਏ ਹਨ।
ਯੂਨੀਵਰਸਿਟੀ ਤੋਂ ਖੇਡ ਨਿਰਦੇਸ਼ਕ ਡਾ. ਗੁਰਦੀਪ ਕੌਰ ਰੰਧਾਵਾ ਨੇ ਦੱਸਿਆ ਕਿ ਇਸ ਖੇਡ ਸਮਾਰੋਹ ਦੌਰਾਨ ਅੰਤਰ-ਰਾਸ਼ਟਰੀ ਪੱਧਰ ਦੇ ਸ਼ੂਟਿੰਗ ਖਿਡਾਰੀ ਅਮਨਪ੍ਰੀਤ ਸਿੰਘ ਨੂੰ 1.54 ਕਰੋੜ ਰੁਪਏ ਅਤੇ ਅੰਤਰ-ਰਾਸ਼ਟਰੀ ਤੀਰਅੰਦਾਜ਼ ਖਿਡਾਰਨ ਪਰਨੀਤ ਕੌਰ ਨੂੰ 19.5 ਲੱਖ ਰੁਪਏ ਦੀ ਨਕਦ ਰਾਸ਼ੀ ਦੇ ਚੈੱਕ ਦੇ ਕੇ ਵਿਸ਼ੇਸ਼ ਤੌਰ 'ਤੇ ਨਿਵਾਜਿਆ ਗਿਆ। ਉਨ੍ਹਾਂ ਦੱਸਿਆ ਕਿ ਐਵਾਰਡ ਹਾਸਲ ਕਰਨ ਵਾਲੇ ਬਾਕੀ ਸਾਰੇ ਖਿਡਾਰੀਆਂ ਨੂੰ ਵੀ ਪੰਜ ਲੱਖ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਹੈ।
ਐਵਾਰਡ ਪ੍ਰਾਪਤ ਕਰਨ ਵਾਲੇ ਹੋਰਨਾਂ ਪ੍ਰਮੁੱਖ ਖਿਡਾਰੀਆਂ ਵਿੱਚ ਸਾਈਕਲਿੰਗ ਖਿਡਾਰੀ ਹਰਸ਼ਵੀਰ ਸਿੰਘ ਸੇਖੋਂ, ਵਿਸ਼ਵਦੀਪ ਸਿੰਘ ਭੰਗੂ, ਰਾਜਬੀਰ ਸਿੰਘ ਮੁੰਡੀ ਅਤੇ ਨਮਨ ਕਪਿਲ ਸ਼ਾਮਲ ਹਨ। ਐਥਲੈਟਿਕਸ ਵਿੱਚ ਹਰਮਿਲਨ ਬੈੰਸ, ਜੂਡੋ ਵਿੱਚ ਹਰਸ਼ਪ੍ਰੀਤ ਸਿੰਘ ਅਤੇ ਹਰਸ਼ਦੀਪ ਸਿੰਘ ਬਰਾੜ ਨੂੰ ਸਨਮਾਨਿਤ ਕੀਤਾ ਗਿਆ। ਫੈਂਸਿੰਗ ਖਿਡਾਰਨ ਐਨਾ ਅਰੋੜਾ ਅਤੇ ਜਸਸੀਰਤ ਸਿੰਘ ਨੇ ਇਹ ਵੱਕਾਰੀ ਐਵਾਰਡ ਹਾਸਲ ਕੀਤਾ।
ਤੀਰਅੰਦਾਜ਼ੀ ਦੇ ਖੇਤਰ ਵਿੱਚ ਸੰਗਮਪ੍ਰੀਤ ਸਿੰਘ ਤੇ ਪ੍ਰਭਜੋਤ ਕੌਰ, ਸੁਖਬੀਰ ਸਿੰਘ ਅਤੇ ਰਾਜ ਕੌਰ ਨੂੰ ਐਵਾਰਡ ਨਾਲ ਨਿਵਾਜਿਆ ਗਿਆ। ਕੁਸ਼ਤੀ ਵਿੱਚ ਸੰਦੀਪ ਸਿੰਘ ਅਤੇ ਰੂਬਲਜੀਤ ਸਿੰਘ ਤੋਂ ਇਲਾਵਾ ਵੇਟਲਿਫਟਿੰਗ ਵਿੱਚ ਹਰਜਿੰਦਰ ਕੌਰ ਅਤੇ ਕਬੱਡੀ ਵਿੱਚ ਗੁਰਲਾਲ ਸਿੰਘ ਘਨੌਰ ਨੂੰ ਸਨਮਾਨਿਤ ਕੀਤਾ ਗਿਆ। ਹੈਂਡਬਾਲ ਖੇਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਬਦਲੇ ਚਾਰ ਖਿਡਾਰੀਆਂ ਕਰਮਜੀਤ ਸਿੰਘ, ਮਨਦੀਪ ਕੌਰ, ਹਰਜਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
ਇਸੇ ਤਰ੍ਹਾਂ ਕੈਨੋਇੰਗ ਵਿੱਚ ਜਸਮੀਤ ਕੌਰ, ਕੈਯਾਕਿੰਗ ਵਿੱਚ ਅਵਤਾਰ ਸਿੰਘ ਅਤੇ ਰੋਇੰਗ ਵਿੱਚ ਜਸਪਾਲ ਸਿੰਘ ਨੂੰ ਇਸ ਵੱਕਾਰੀ ਰਾਜ ਪੱਧਰੀ ਪੁਰਸਕਾਰ ਨਾਲ ਨਿਵਾਜਿਆ ਗਿਆ।
ਇਸ ਇਤਿਹਾਸਕ ਪ੍ਰਾਪਤੀ 'ਤੇ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਵੱਲੋਂ ਸਮੂਹ ਜੇਤੂ ਖਿਡਾਰੀਆਂ, ਉਨ੍ਹਾਂ ਦੇ ਕੋਚ ਸਾਹਿਬਾਨ ਅਤੇ ਸਬੰਧਤ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਨੂੰ ਹਾਰਦਿਕ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੇ ਯੂਨੀਵਰਸਿਟੀ ਦਾ ਨਾਮ ਕੌਮਾਂਤਰੀ ਪੱਧਰ 'ਤੇ ਚਮਕਾਇਆ ਹੈ ਅਤੇ ਇਨ੍ਹਾਂ ਦੀ ਇਹ ਸਫਲਤਾ ਬਾਕੀ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਬਣੇਗੀ।
- Download Babushahi App
-
-