ਕੈਰੀਅਰ ਮਾਰਗਦਰਸ਼ਨ ਨਾਲ ਵਿਦਿਆਰਥੀਆਂ ਨੂੰ ਮਿਲੀ ਨਵੀਂ ਉਡਾਣ-ਸਕੂਲ ਆਫ ਐਮੀਨੈਂਸ ਗੁਰਦਾਸਪੁਰ ਅਤੇ ਵੇਦ ਕੌਰ ਆਰਿਆ ਗਰਲਜ਼ ਸਕੂਲ ਵਿੱਚ ਵਿਸ਼ੇਸ਼ ਸੈਸ਼ਨ
ਰੋਹਿਤ ਗੁਪਤਾ
ਗੁਰਦਾਸਪੁਰ, 20 ਮਈ ਐੱਸ.ਸੀ.ਈ.ਆਰ.ਟੀ ਪੰਜਾਬ ਦੀ ਸਹਾਇਕ ਡਾਇਰੈਕਟਰ ਸ਼੍ਰੀਮਤੀ ਸ਼ਰੂਤੀ ਸ਼ੁਕਲਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਪਰਮਜੀਤ ਕੌਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਗਾਈਡੈਂਸ ਕੌਂਸਲਰ ਮੁਕੇਸ਼ ਵਰਮਾ ਵੱਲੋਂ ਸਕੂਲ ਆਫ ਐਮੀਨੈਂਸ ਗੁਰਦਾਸਪੁਰ ਅਤੇ ਵੇਦ ਕੌਰ ਆਰਿਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦਾ ਵਿਸ਼ੇਸ਼ ਵਿਦਿਅਕ ਦੌਰਾ ਕੀਤਾ ਗਿਆ।
ਇਸ ਮੌਕੇ ਵਿਦਿਆਰਥੀਆਂ ਨੂੰ ਕਰੀਅਰ ਨਿਰਮਾਣ, ਪ੍ਰਤੀਯੋਗੀ ਪ੍ਰੀਖਿਆਵਾਂ ਅਤੇ ਰੋਜ਼ਗਾਰਮੁਖੀ ਮੌਕਿਆਂ ਸਬੰਧੀ ਮਹੱਤਵਪੂਰਨ ਅਤੇ ਪ੍ਰੇਰਣਾਦਾਇਕ ਜਾਣਕਾਰੀ ਪ੍ਰਦਾਨ ਕੀਤੀ ਗਈ।
ਕਾਰਜਕ੍ਰਮ ਦੌਰਾਨ ਸਕੂਲ ਆਫ ਐਮੀਨੈਂਸ ਗੁਰਦਾਸਪੁਰ ਦੇ ਪ੍ਰਿੰਸੀਪਲ ਸ਼੍ਰੀ ਅਨਿਲ ਭੱਲਾ, ਵੇਦ ਕੌਰ ਆਰਿਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਮਮਤਾ ਡੋਗਰਾ, ਗਾਈਡੈਂਸ ਕੌਂਸਲਰ ਸ਼ੈਲਜਾ ਅਤੇ ਰੰਜੂ ਬਾਲਾ ਨੇ ਵਿਦਿਆਰਥੀਆਂ ਨੂੰ ਅਜਿਹੇ ਮਾਰਗਦਰਸ਼ਨ ਪ੍ਰੋਗਰਾਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ।
ਆਪਣੇ ਸੰਬੋਧਨ ਦੌਰਾਨ ਜ਼ਿਲ੍ਹਾ ਗਾਈਡੈਂਸ ਕੌਂਸਲਰ ਮੁਕੇਸ਼ ਵਰਮਾ ਨੇ ਵਿਦਿਆਰਥੀਆਂ ਨੂੰ ਬਾਰ੍ਹਵੀਂ ਤੋਂ ਬਾਅਦ ਉਪਲੱਬਧ ਵੱਖ-ਵੱਖ ਕਰੀਅਰ ਵਿਕਲਪਾਂ, ਪ੍ਰਤੀਯੋਗੀ ਪ੍ਰੀਖਿਆਵਾਂ, ਸਕਿੱਲ ਡਿਵੈਲਪਮੈਂਟ ਪ੍ਰੋਗਰਾਮਾਂ ਅਤੇ ਕਿੱਤਾਮੁਖੀ ਕੋਰਸਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਦੇ ਮੁਕਾਬਲੇਭਰੇ ਯੁੱਗ ਵਿੱਚ ਸਹੀ ਸਮੇਂ ‘ਤੇ ਮਿਲਿਆ ਸਹੀ ਮਾਰਗਦਰਸ਼ਨ ਵਿਦਿਆਰਥੀਆਂ ਦੇ ਜੀਵਨ ਨੂੰ ਨਵੀਂ ਦਿਸ਼ਾ ਦਿੰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਰੁਚੀ ਅਤੇ ਯੋਗਤਾ ਅਨੁਸਾਰ ਟੀਚੇ ਨਿਰਧਾਰਤ ਕਰਕੇ ਨਿਰੰਤਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਐਨ.ਡੀ.ਏ., ਸੀ.ਡੀ.ਐੱਸ., ਸੀ.ਯੂ.ਈ.ਟੀ., ਬੈਂਕਿੰਗ, ਰੇਲਵੇ, ਪੈਰਾਮੈਡੀਕਲ, ਆਈ.ਟੀ.ਆਈ., ਪਾਲੀਟੈਕਨਿਕ ਅਤੇ ਹੋਰ ਰੋਜ਼ਗਾਰਮੁਖੀ ਕੋਰਸਾਂ ਬਾਰੇ ਵੀ ਜਾਗਰੂਕ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੇ ਆਪਣੇ ਕਰੀਅਰ ਅਤੇ ਭਵਿੱਖ ਨਾਲ ਸਬੰਧਤ ਕਈ ਪ੍ਰਸ਼ਨ ਪੁੱਛੇ, ਜਿਨ੍ਹਾਂ ਦੇ ਉਨ੍ਹਾਂ ਵੱਲੋਂ ਸੌਖੇ, ਵਿਹਾਰਕ ਅਤੇ ਪ੍ਰੇਰਣਾਦਾਇਕ ਢੰਗ ਨਾਲ ਜਵਾਬ ਦਿੱਤੇ ਗਏ।
ਦੌਰੇ ਦੌਰਾਨ ਸਕੂਲਾਂ ਵਿੱਚ ਸਥਾਪਿਤ “ਗਾਈਡੈਂਸ ਕਾਰਨਰ” ਦਾ ਵੀ ਨਿਰੀਖਣ ਕੀਤਾ ਗਿਆ। ਸ਼੍ਰੀ ਮੁਕੇਸ਼ ਵਰਮਾ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸੁਝਾਅ ਦਿੱਤਾ ਕਿ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਉਣ ਲਈ ਇਸ ਵਿੱਚ ਪ੍ਰਤੀਯੋਗੀ ਪ੍ਰੀਖਿਆਵਾਂ, ਸਕਿੱਲ ਕੋਰਸਾਂ ਅਤੇ ਰੋਜ਼ਗਾਰ ਸਬੰਧੀ ਨਵੀਨਤਮ ਜਾਣਕਾਰੀ ਅਤੇ ਅਧਿਐਨ ਸਮੱਗਰੀ ਨੂੰ ਨਿਯਮਿਤ ਤੌਰ ‘ਤੇ ਅਪਡੇਟ ਕੀਤਾ ਜਾਵੇ।
ਇਸ ਮੌਕੇ ਸਕੂਲ ਪ੍ਰਬੰਧਨ ਵੱਲੋਂ ਮੁਕੇਸ਼ ਵਰਮਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
- Download Babushahi App
-
-