ਜਗਰਾਉਂ MC ਚੋਣਾਂ: ਨਾਮਜ਼ਦਗੀ ਦੇ ਆਖ਼ਰੀ ਦਿਨ ਲੱਗੀ ਭੀੜ- ਕੁੱਲ 110 ਉਮੀਦਵਾਰਾਂ ਨੇ ਦਾਖਲ ਕੀਤੇ ਕਾਗਜ਼
ਦੀਪਕ ਜੈਨ
ਜਗਰਾਉਂ, 16 ਮਈ 2026- ਨਗਰ ਕੌਂਸਲ ਜਗਰਾਉਂ ਦੀਆਂ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਹੁਣ ਪੂਰੀ ਤਰ੍ਹਾਂ ਰਫ਼ਤਾਰ ਫੜ ਚੁੱਕੀ ਹੈ। ਚੋਣ ਮੈਦਾਨ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖ਼ਰੀ ਦਿਨ ਉਮੀਦਵਾਰਾਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲਿਆ, ਜਿਸ ਕਾਰਨ ਚੋਣ ਸਰਗਰਮੀਆਂ ਕਾਫੀ ਤੇਜ਼ ਹੋ ਗਈਆਂ ਹਨ।
ਪ੍ਰਾਪਤ ਅਧਿਕਾਰਿਕ ਜਾਣਕਾਰੀ ਅਨੁਸਾਰ, ਚੋਣਾਂ ਦੇ ਪਹਿਲੇ ਦਿਨ ਕਿਸੇ ਵੀ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਗਿਆ ਸੀ, ਜਦਕਿ ਦੂਸਰੇ ਦਿਨ ਕੇਵਲ ਦੋ ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕੀਤੇ ਸਨ। ਤੀਸਰੇ ਦਿਨ ਚੋਣ ਮਾਹੌਲ ਵਿੱਚ ਅਚਾਨਕ ਤੇਜ਼ੀ ਆਈ ਅਤੇ 42 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ, ਜਿਸ ਨਾਲ ਇਹ ਅੰਕੜਾ 44 ਤੱਕ ਪਹੁੰਚ ਗਿਆ ਸੀ।
ਚੋਣ ਪ੍ਰਕਿਰਿਆ ਦੇ ਆਖ਼ਰੀ ਦਿਨ (16 ਮਈ ਨੂੰ) ਵੱਡੀ ਗਿਣਤੀ ਵਿੱਚ ਉਮੀਦਵਾਰ ਸਾਹਮਣੇ ਆਏ। ਅੱਜ ਆਖ਼ਰੀ ਦਿਨ ਰਿਕਾਰਡ 66 ਹੋਰ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸ ਤਰ੍ਹਾਂ ਨਗਰ ਕੌਂਸਲ ਜਗਰਾਉਂ ਦੇ ਕੁੱਲ 23 ਵਾਰਡਾਂ ਲਈ ਹੁਣ ਤੱਕ ਕੁੱਲ 110 ਉਮੀਦਵਾਰਾਂ ਨੇ ਚੋਣ ਮੈਦਾਨ ਵਿੱਚ ਆਪਣੇ ਦਾਅਵੇ ਪੇਸ਼ ਕਰ ਦਿੱਤੇ ਹਨ।
ਇਨ੍ਹਾਂ ਉਮੀਦਵਾਰਾਂ ਵਿੱਚ ਵੱਖ-ਵੱਖ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਜ਼ਾਦ ਉਮੀਦਵਾਰ ਵੀ ਸ਼ਾਮਿਲ ਹਨ। ਨਾਮਜ਼ਦਗੀ ਕੇਂਦਰਾਂ ਦੇ ਬਾਹਰ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਦੀ ਭਾਰੀ ਚਹਿਲ-ਪਹਿਲ ਦੇਖਣ ਨੂੰ ਮਿਲੀ, ਜਿਸ ਨਾਲ ਸ਼ਹਿਰ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਪ੍ਰਸ਼ਾਸਨਿਕ ਸੂਤਰਾਂ ਅਨੁਸਾਰ, ਸਮੁੱਚੀ ਨਾਮਜ਼ਦਗੀ ਪ੍ਰਕਿਰਿਆ ਅਮਨ-ਅਮਾਨ ਅਤੇ ਨਿਯਮਾਂ ਅਨੁਸਾਰ ਨੇਪਰੇ ਚੜ੍ਹ ਗਈ ਹੈ।
- Download Babushahi App
-
-