ਗ੍ਰੇਟ ਨਵਭਾਰਤ ਮਿਸ਼ਨ ਫਾਊਂਡੇਸ਼ਨ ਦੀ ਅਗਵਾਈ ’ਚ ‘ਉਜਵਲ ਪੰਜਾਬ ਰਾਹੀਂ ਨੌਜਵਾਨਾਂ ਨੂੰ ਕੀਤਾ ਗਿਆ ਲਾਮਬੰਦ
ਨਸ਼ੇ ਨੂੰ ਨਾਂ, ਤਰੱਕੀ ਨੂੰ ਹਾਂ’ ਸਮਾਗਮ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਕੀਤਾ ਜਾਗਰੂਕ
ਮੋਹਾਲੀ, 10 ਮਈ 2026- ਨਸ਼ਾ ਮੁਕਤ ਅਤੇ ਪ੍ਰਗਤੀਸ਼ੀਲ ਸਮਾਜ ਦੀ ਸਿਰਜਣਾ ਵੱਲ ਇੱਕ ਅਹਿਮ ਕਦਮ ਵਧਾਉਂਦੇ ਹੋਏ, ’ਗ੍ਰੇਟ ਨਵਭਾਰਤ ਮਿਸ਼ਨ ਫਾਊਂਡੇਸ਼ਨ’ ਵੱਲੋਂ ਸੀ.ਜੀ.ਸੀ ਯੂਨੀਵਰਸਿਟੀ, ਮੋਹਾਲੀ ਵਿਖੇ "ਉਜਵਲ ਪੰਜਾਬ: ਨਸ਼ੇ ਨੂੰ ਨਾਂ, ਤਰੱਕੀ ਨੂੰ ਹਾਂ" ਵਿਸ਼ੇ ’ਤੇ ਇੱਕ ਪ੍ਰਭਾਵਸ਼ਾਲੀ ਜਾਗਰੂਕਤਾ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਪਹਿਲਕਦਮੀ ਦੀ ਅਗਵਾਈ ’ਫਾਦਰ ਆਫ਼ ਐਜੂਕੇਸ਼ਨ ਨਾਲ ਨਿਵਾਜੇ ਜਾ ਚੁੱਕੇ ਅਤੇ ਸੀ.ਜੀ.ਸੀ. ਦੇ ਮਾਨਯੋਗ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਨੇ ਕੀਤੀ, ਜਿਨ੍ਹਾਂ ਦੀ ਸਮਾਜਿਕ ਤਬਦੀਲੀ ਪ੍ਰਤੀ ਵਚਨਬੱਧਤਾ ਹਮੇਸ਼ਾ ਪ੍ਰੇਰਨਾਮਈ ਰਹੀ ਹੈ। ਇਸ ਦੌਰਾਨ ਨਸ਼ਿਆਂ ਦੀ ਗੰਭੀਰ ਸਮੱਸਿਆ ਨਾਲ ਨਜਿੱਠਣ ਲਈ ਕਰਵਾਏ ਗਏ ਇਸ ਸਮਾਗਮ ਵਿੱਚ ਨਿਆਂਪਾਲਿਕਾ, ਰੱਖਿਆ ਸੇਵਾਵਾਂ, ਪੁਲਿਸ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।
ਸਮਾਗਮ ਵਿੱਚ ਸਾਬਕਾ ਜੱਜ ਇਮਾਨਬੀਰ ਸਿੰਘ ਧਾਲੀਵਾਲ, ਬ੍ਰਿਗੇਡੀਅਰ ਰਾਜ ਕੁਮਾਰ (ਸਾਬਕਾ ਡਿਪਟੀ ਡਾਇਰੈਕਟਰ ਜਨਰਲ, ਮਿਲਟਰੀ ਇੰਟੈਲੀਜੈਂਸ), ਬ੍ਰਿਗੇਡੀਅਰ ਐੱਚ.ਪੀ.ਐੱਸ. ਬੇਦੀ, ਸੇਵਾਮੁਕਤ ਕਰਨਲ ਮੋਹਨ ਲਾਲ ਭੰਡਾਰੀ, ਸ਼੍ਰੀ ਲਖਵੀਰ ਸਿੰਘ ਰਾਣਾ (ਇੰਸਪੈਕਟਰ-ਵਿਜੀਲੈਂਸ), ਗੁਰਮੁਖ ਸਿੰਘ ਐੱਸ.ਐੱਚ.ਓ ਮੋਰਿੰਡਾ, ਖੁਸ਼ਵੰਤ ਸਿੰਘ ਲੇਖਕ ਅਤੇ ਕੋ-ਫਾਊਂਡਰ, ਮਦਰਜ਼ ਅਗੇਂਸਟ ਡਰੱਗਜ਼ ਮੁਹਿੰਮ), ਸੁਸ਼੍ਰੀ ਹਨੀ ਗਰੇਵਾਲ (ਮਨੋਵਿਗਿਆਨੀ) ਅਤੇ ਇਸ਼ੂਪਾਲ ਚੌਧਰੀ (ਸਮਾਜ ਸੇਵੀ) ਸ਼ਾਮਲ ਹੋਏ। ਬੁਲਾਰਿਆਂ ਨੇ ਨਸ਼ਿਆਂ ਦੇ ਬਹੁਪੱਖੀ ਮਾਰੂ ਪ੍ਰਭਾਵਾਂ ਬਾਰੇ ਚਰਚਾ ਕੀਤੀ ਅਤੇ ਸਮਾਜਿਕ ਭਾਗੀਦਾਰੀ ਦੀ ਲੋੜ ’ਤੇ ਜ਼ੋਰ ਦਿੱਤਾ।
ਇਸ ਦੌਰਾਨ ਨਸ਼ਿਆਂ ਦੇ ਖਾਤਮੇ ਲਈ ਸ਼ਲਾਘਾਯੋਗ ਕੰਮ ਕਰਨ ਵਾਲੇ ਪੁਲਿਸ ਅਧਿਕਾਰੀਆਂ, ਨਿਆਂਪਾਲਿਕਾ ਦੇ ਮੈਂਬਰਾਂ, ਸਾਬਕਾ ਸੈਨਿਕਾਂ ਅਤੇ ਸਮਾਜ ਸੇਵੀਆਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਉਪਰੰਤ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸਮੂਹ ਹਾਜ਼ਰੀਨ ਨੇ ਨਸ਼ਾ ਮੁਕਤ ਭਵਿੱਖ ਲਈ ਇੱਕ ਜ਼ੋਰਦਾਰ ਸਹੁੰ ਚੁੱਕੀ, ਜਿਸ ਨੇ ਨੌਜਵਾਨਾਂ ਵਿੱਚ ਨਵਾਂ ਜੋਸ਼ ਭਰ ਦਿੱਤਾ। ਸਮਾਗਮ ਵਿੱਚ ਭਾਸ਼ਣਾਂ ਅਤੇ ਪੇਸ਼ਕਾਰੀਆਂ ਤੋਂ ਇਲਾਵਾ ਇੱਕ ਵਿਸ਼ਾਲ ’ਡਰੱਗ ਅਵੇਅਰਨੈੱਸ ਰੈਲੀ’ ਵੀ ਕੱਢੀ ਗਈ, ਜਿਸ ਵਿੱਚ 500 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਰੈਲੀ ਰਾਹੀਂ "ਨਸ਼ਿਆਂ ਨੂੰ ਨਾਂ ਅਤੇ ਤਰੱਕੀ ਨੂੰ ਹਾਂ" ਦਾ ਸੁਨੇਹਾ ਘਰ-ਘਰ ਪਹੁੰਚਾਉਣ ਦੀ ਕੋਸ਼ਿਸ਼ਾਂ ਕੀਤੀ ਗਈ।
ਇਹ ਪਹਿਲਕਦਮੀ ਨੌਜਵਾਨਾਂ ਨੂੰ ਆਪਣੀ ਊਰਜਾ ਦੇਸ਼ ਦੇ ਨਿਰਮਾਣ ਅਤੇ ਆਪਣੇ ਕਰੀਅਰ ਵੱਲ ਲਗਾਉਣ ਲਈ ਪ੍ਰੇਰਿਤ ਕਰਨ ਵਿੱਚ ਸਫਲ ਰਹੀ। ‘ਉਜਵਲ ਪੰਜਾਬ’ ਮੁਹਿੰਮ ਸਮੂਹਿਕ ਕੋਸ਼ਿਸ਼ਾਂ ਦੀ ਇੱਕ ਮਿਸਾਲ ਬਣ ਕੇ ਉੱਭਰੀ ਹੈ, ਜੋ ਪੰਜਾਬ ਨੂੰ ਸਿਹਤਮੰਦ ਅਤੇ ਸੁਰੱਖਿਅਤ ਬਣਾਉਣ ਲਈ ਵਚਨਬੱਧ ਹੈ।
ਫੋਟੋ ਕੈਪਸ਼ਨ:
ਸੀ.ਜੀ.ਸੀ. ਯੂਨੀਵਰਸਿਟੀ ਮੋਹਾਲੀ ਵਿਖੇ ’ਉੱਜਵਲ ਪੰਜਾਬ’ ਸਮਾਗਮ ਦੌਰਾਨ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ, ਉੱਘੀਆਂ ਸ਼ਖ਼ਸੀਅਤਾਂ ਦਾ ਸਨਮਾਨ ਕਰਦੇ ਹੋਏ ਅਤੇ ਨਸ਼ਿਆਂ ਵਿਰੁੱਧ ਸਹੁੰ ਚੁੱਕਦੇ ਹੋਏ ਵਿਦਿਆਰਥੀ।
- Download Babushahi App
-
-