ਮਾਡਲ ਟਾਊਨ ਦੀ ਗੋਲ ਮਾਰਕੀਟ 'ਚ ਗੰਦਗੀ ਦਾ ਆਲਮ: ਨਿਗਮ ਕਮਿਸ਼ਨਰ ਨੂੰ ਸ਼ਿਕਾਇਤ, ਬਿਮਾਰੀਆਂ ਫੈਲਣ ਦਾ ਡਰ
ਗੋਲ ਮਾਰਕੀਟ ਦੇ ਪਿਛਲੇ ਇਲਾਕੇ ਵਿੱਚ ਲੱਗੇ ਕੂੜੇ ਦੇ ਢੇਰ, ਲੋਕਾਂ ਦਾ ਜਿਊਣਾ ਹੋਇਆ ਮੁਹਾਲ
ਸਵੱਛਤਾ ਐਪ 'ਤੇ ਸ਼ਿਕਾਇਤ ਦੇ ਬਾਵਜੂਦ ਨਹੀਂ ਹੋਇਆ ਸਥਾਈ ਹੱਲ; ਕਰਮਚਾਰੀ ਮਲਬਾ ਛੱਡ ਕੇ ਚੱਲਦੇ ਬਣੇ
ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਕੋਲੋਂ ਵਿਸ਼ੇਸ਼ ਸਫਾਈ ਮੁਹਿੰਮ ਚਲਾਉਣ ਦੀ ਕੀਤੀ ਮੰਗ
ਸੁਖਮਿੰਦਰ ਭੰਗੂ
ਲੁਧਿਆਣਾ 9 ਮਈ 2026 - ਲੁਧਿਆਣਾ ਦੇ ਪਾਸ਼ ਇਲਾਕੇ ਮਾਡਲ ਟਾਊਨ ਸਥਿਤ ਗੋਲ ਮਾਰਕੀਟ ਦੇ ਪਿਛਲੇ ਹਿੱਸੇ ਵਿੱਚ ਗੰਦਗੀ ਅਤੇ ਕੂੜੇ ਦੇ ਅੰਬਾਰਾਂ ਨੇ ਸਥਾਨਕ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਲੁਧਿਆਣਾ ਦੀ ਕਮਿਸ਼ਨਰ ਨੂੰ ਇੱਕ ਲਿਖਤੀ ਸ਼ਿਕਾਇਤ ਭੇਜ ਕੇ ਇੱਥੋਂ ਦੇ ਮਾੜੇ ਸਫਾਈ ਪ੍ਰਬੰਧਾਂ ਵੱਲ ਧਿਆਨ ਦਿਵਾਇਆ ਹੈ।
ਨਿਵਾਸੀਆਂ ਅਨੁਸਾਰ ਗੋਲ ਮਾਰਕੀਟ ਦੇ ਪਿਛਲੇ ਪਾਸੇ ਅਸ਼ੋਕ ਫਰੂਟ ਜੂਸ ਵੱਲ ਜਾਂਦੀ ਗਲੀ ਵਿੱਚ ਲੰਬੇ ਸਮੇਂ ਤੋਂ ਸਫਾਈ ਨਹੀਂ ਹੋਈ ਹੈ। ਸਫਾਈ ਕਰਮਚਾਰੀਆਂ ਦੀ ਕਥਿਤ ਲਾਪਰਵਾਹੀ ਕਾਰਨ ਇੱਥੇ ਕੂੜੇ ਦੇ ਢੇਰ ਜਮ੍ਹਾਂ ਹੋ ਚੁੱਕੇ ਹਨ। ਭਿਆਨਕ ਗਰਮੀ ਅਤੇ ਆਉਣ ਵਾਲੇ ਬਰਸਾਤ ਦੇ ਮੌਸਮ ਨੂੰ ਦੇਖਦਿਆਂ ਲੋਕਾਂ ਵਿੱਚ ਬਿਮਾਰੀਆਂ ਫੈਲਣ ਦਾ ਭਾਰੀ ਡਰ ਪਾਇਆ ਜਾ ਰਿਹਾ ਹੈ। ਬਦਬੂ ਕਾਰਨ ਲੋਕਾਂ ਦਾ ਇਸ ਰਸਤੇ ਤੋਂ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ।
ਪ੍ਰਸ਼ਾਸਨਿਕ ਕਾਰਵਾਈ 'ਤੇ ਉੱਠੇ ਸਵਾਲ
ਇਲਾਕਾ ਵਾਸੀ ਵਨੀਤ ਰਾਵਲ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਇਸ ਸਬੰਧੀ 'ਸਵੱਛਤਾ ਐਪ' 'ਤੇ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਤੋਂ ਬਾਅਦ ਸਫਾਈ ਕਰਮਚਾਰੀ ਮੌਕੇ 'ਤੇ ਤਾਂ ਪਹੁੰਚੇ, ਪਰ ਉਹ ਕੇਵਲ ਕੂੜਾ ਚੁੱਕ ਕੇ ਹੀ ਚਲੇ ਗਏ। ਉੱਥੇ ਪਿਆ ਮਲਬਾ ਚੁੱਕਣ ਦੀ ਬਜਾਏ ਉਨ੍ਹਾਂ ਨੇ ਇਹ ਕਹਿ ਕੇ ਪਿੱਛਾ ਛੁਡਵਾ ਲਿਆ ਕਿ ਇਹ ਕੰਮ ਬੀ ਐਂਡ ਆਰ (B&R) ਵਿਭਾਗ ਦਾ ਹੈ। ਇਸ ਨਾਲ ਲੋਕਾਂ ਵਿੱਚ ਨਿਗਮ ਦੇ ਕੰਮ ਕਰਨ ਦੇ ਤਰੀਕੇ ਪ੍ਰਤੀ ਕਾਫ਼ੀ ਰੋਸ ਹੈ।
ਵਨੀਤ ਰਾਵਲ ਅਤੇ ਇਲਾਕੇ ਦੇ ਹੋਰਨਾਂ ਵਸਨੀਕਾਂ ਨੇ ਨਗਰ ਨਿਗਮ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ, ਇਲਾਕੇ ਦੀ ਤੁਰੰਤ ਵਿਸ਼ੇਸ਼ ਸਫਾਈ ਕਰਵਾਈ ਜਾਵੇ। ਰੋਜ਼ਾਨਾ ਕੂੜਾ ਚੁੱਕਣ ਦੀ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇ। ਸਫਾਈ ਕਰਮਚਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਸਾਫ਼-ਸੁਥਰਾ ਮਾਹੌਲ ਮਿਲ ਸਕੇ।
- Download Babushahi App
-
-