ਮਲੇਨੀਅਮ ਸਕੂਲ ’ਚ ਇਸ਼ਮਾਨ ਭੁੱਲਰ ਹੈੱਡ ਬੁਆਏ ਅਤੇ ਅਮਰਾਜ ਕੌਰ ਹੈੱਡ ਗਰਲ ਚੁਣੇ
ਅਸ਼ੋਕ ਵਰਮਾ
ਬਠਿੰਡਾ, 6 ਮਈ 2026 :ਲੋਕਤੰਤਰ ਦੇਸ਼ ਭਾਰਤ ਵਿੱਚ ਚੋਣਾਂ ਦਾ ਬਹੁਤ ਵੱਡਾ ਮਹੱਤਵ ਹੈ, ਇਸ ਲਈ ਜਿੱਥੇ ਸਰਕਾਰਾਂ ਬਣਾਉਣ ਲਈ ਚੋਣਾਂ ਹੁੰਦੀਆਂ ਹਨ ਉੱਥੇ ਯੂਨੀਵਰਸਿਟੀਆਂ ਕਾਲਜਾਂ ਵਿੱਚ ਵੀ ਪੂਰੇ ਜੋਸ਼ੋ ਖਰੋਸ਼ ਨਾਲ ਚੋਣਾਂ ਕਰਵਾਈਆਂ ਜਾਂਦੀਆਂ ਹਨ। ਮਲੇਨੀਅਮ ਸਕੂਲ ਬਠਿੰਡਾ ਨੇ ਬੱਚਿਆਂ ਨੂੰ ਚੋਣਾਂ ਲਈ ਜਾਗਰੂਕ ਕਰਨ ਅਤੇ ਦੇਸ਼ ਸਮਾਜ ਦੇ ਸੁਧਾਰ ਲਈ ਜੁਮੇਵਾਰੀ ਦੀ ਭਾਵਨਾ ਪੈਦਾ ਕਰਨ ਲਈ ਪ੍ਰਾਇਮਰੀ ਜਮਾਤਾਂ ਦੀ ਜੂਨੀਅਰ ਕੌਂਸਲ ਦੀਆਂ ਚੋਣਾਂ ਕਰਵਾਉਣ ਦੀ ਨਿਵੇਕਲੀ ਪਿਰਤ ਨੂੰ ਅੱਗੇ ਵਧਾਇਆ ਹੈ।
ਸਕੂਲ ਵੱਲੋਂ ਪ੍ਰਾਇਮਰੀ ਜਮਾਤਾਂ ਦੀ ਜੂਨੀਅਰ ਸਟੂਡੈਂਟ ਕੌਂਸਲ 2026-27 ਲਈ ਚੋਣਾਂ ਕਰਵਾਈਆਂ ਗਈਆਂ। ਇਹਨਾਂ ਚੋਣਾਂ ਲਈ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਨੇ ਬਕਾਇਦਾ ਚੋਣ ਮੈਦਾਨ ਵਿੱਚ ਨਿੱਤਰਣ ਦਾ ਐਲਾਨ ਕੀਤਾ, ਪੋਸਟਰ ਬਣਾ ਕੇ ਲਗਾਏ ਗਏ, ਵੋਟਰਾਂ ਤੱਕ ਸੰਪਰਕ ਕੀਤਾ ਗਿਆ ਅਤੇ ਪ੍ਰਚਾਰ ਕਰਕੇ ਸੁਧਾਰ ਕਰਨ ਹਿਤ ਵਾਅਦੇ ਕੀਤੇ ਗਏ।
ਮਿਥੀ ਤਾਰੀਖ ਤੇ ਕੰਪਿਊਟਰ ਰਾਹੀਂ ਗੁਪਤ ਵੋਟਾਂ ਪਵਾਈਆਂ ਗਈਆਂ। ਇਹਨਾਂ ਚੋਣਾਂ ਵਿੱਚ ਭਾਵੇਂ ਵੱਖ ਵੱਖ ਹਾਊਸਾਂ ਦੇ ਪ੍ਰਬੰਧਕ ਵੀ ਚੁਣੇ ਜਾਣੇ ਸਨ, ਪਰ ਸਭ ਤੋਂ ਵੱਧ ਜੋਰ ਦੋ ਅਹਿਮ ਅਹੁਦਿਆਂ ਹੈੱਡ ਬੁਆਏ ਅਤੇ ਹੈੱਡ ਗਰਲ ਚੁਣੇ ਜਾਣ ਤੇ ਲੱਗਾ ਹੋਇਆ ਸੀ। ਵੋਟਾਂ ਪੈਣ ਤੋਂ ਦੋ ਦਿਨ ਬਾਅਦ ਗਿਣਤੀ ਕਰਕੇ ਜੇਤੂਆਂ ਦਾ ਐਲਾਨ ਕੀਤਾ ਗਿਆ। ਜਿਸ ਵਿੱਚ ਇਸ਼ਮਾਨ ਭੁੱਲਰ ਕਲਾਸ ਚੌਥੀ ਹੈੱਡ ਬੁਆਏ ਅਤੇ ਅਮਰਾਜ ਕੌਰ ਭੁੱਲਰ ਕਲਾਸ ਪੰਜਵੀਂ ਹੈੱਡ ਗਰਲ ਚੁਣੇ ਗਏ। ਇਸੇ ਤਰ੍ਹਾਂ ਸੀਨਅਰ ਸਟੂਡੈਂਟ ਕੌਂਸਲ ਦੀ ਚੋਣ ਵਿੱਚ ਉਦੈ ਸਿੰਘ ਸਿੱਧੂ ਹੈੱਡ ਬੁਆਏ ਅਤੇ ਅਜੈਆਂਸੀ ਸਰਮਾ ਹੈੱਡ ਗਰਲ ਚੁਣੇ ਗਏ।
ਇੱਕ ਵਿਸ਼ੇਸ਼ ਸਮਾਗਮ ਕਰਕੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਦੀ ਹਾਜਰੀ ਵਿੱਚ ਜੇਤੂ ਉਮੀਦਵਾਰਾਂ ਨੂੰ ਅਹੁਦੇ ਸੰਭਾਲ ਕੇ ਜੁਮੇਵਾਰੀਆਂ ਨਿਭਾਉਣ ਦੀ ਸਹੁੰ ਚੁਕਾਈ ਗਈ। ਸਕੂਲ ਦੀ ਪ੍ਰਿਸੀਪਲ ਸ੍ਰੀਮਤੀ ਸੁਰਭੀ ਜੋਸ਼ੀ ਨੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ, ਸਕੂਲ ਵੱਲੋਂ ਉਹਨਾਂ ਵਿੱਚ ਦੇਸ਼ ਤੇ ਸਮਾਜ ਪ੍ਰਤੀ ਸੇਵਾ ਅਤੇ ਜੁਮੇਵਾਰੀਆਂ ਨਿਭਾਉਣ ਲਈ ਜਾਗਰੂਕਤਾ ਲਿਆਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਹ ਚੋਣ ਵੇਖਣ ਸੁਣਨ ਨੂੰ ਭਾਵੇਂ ਛੋਟਾ ਕਾਰਜ ਜਾਪਦਾ ਹੈ, ਪਰ ਇਸ ਕਾਰਜ ਦੀ ਹਰ ਪਾਸਿਉਂ ਸਲਾਘਾ ਹੋ ਰਹੀ ਹੈ।
- Download Babushahi App
-
-