ਸਵੈ-ਗਣਨਾ ਇੱਕ ਆਸਾਨ ਅਤੇ ਡਿਜ਼ੀਟਲ ਪ੍ਰਕਿਰਿਆ : ਕਮਿਸ਼ਨਰ ਨਗਰ ਨਿਗਮ
ਸਵੈ-ਗਣਨਾ ਵਿੱਚ ਭਾਗ ਲੈਣ ਤੇ ਇਸ ਨੂੰ ਸਫ਼ਲ ਬਣਾਉਣ ਵਿੱਚ ਆਪਣੇ ਯੋਗਦਾਨ ਦੀ ਅਪੀਲ
ਅਸ਼ੋਕ ਵਰਮਾ
ਬਠਿੰਡਾ, 6 ਮਈ 2026 : ਭਾਰਤ ਸਰਕਾਰ ਵੱਲੋਂ ਜਨਗਣਨਾ-2027 ਸਬੰਧੀ ਪਹਿਲੇ ਪੜਾਅ ਤਹਿਤ ਸਵੈ-ਗਣਨਾ ਦੀ 30 ਅਪ੍ਰੈਲ ਤੋਂ ਸ਼ੁਰੂ ਕੀਤੀ ਗਈ ਪ੍ਰਕਿਰਿਆ 14 ਮਈ ਤੱਕ ਚੱਲੇਗੀ।
ਬਠਿੰਡਾ ਸ਼ਹਿਰ ਵਾਸੀਆਂ ਲਈ ਇਸਦੀ ਸ਼ੁਰੂਆਤ ਕਮਿਸ਼ਨਰ ਨਗਰ ਨਿਗਮ ਮੈਡਮ ਲਵਜੀਤ ਕੌਰ ਕਲਸੀ ਨੇ ਸ਼ਹਿਰ ਦੇ ਮੋਹਤਵਰ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ ਇਕ ਆਸਾਨ ਅਤੇ ਡਿਜੀਟਲ ਪ੍ਰਕਿਰਿਆ ਹੈ, ਜਿਸ ਰਾਹੀਂ ਲੋਕ ਘਰ ਬੈਠੇ ਆਪਣੀ ਜਾਣਕਾਰੀ ਦਰਜ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਸਵੈ-ਗਣਨਾ ਲਈ ਭਾਰਤ ਸਰਕਾਰ ਦੀ ਅਧਿਕਾਰਤ ਵੈਬਸਾਈਟ https://se.census.gov.in/ ‘ਤੇ ਜਾ ਕੇ ਆਪਣਾ ਸੂਬਾ ਚੁਣਨਾ ਹੋਵੇਗਾ ਅਤੇ ਮੋਬਾਈਲ ਨੰਬਰ ਦੇ ਜ਼ਰੀਏ ਰਜਿਸਟ੍ਰੇਸ਼ਨ ਕਰਨਾ ਹੋਵੇਗਾ। ਰਜਿਸਟਰ ਮੋਬਾਈਲ ਨੰਬਰ ‘ਤੇ ਆਏ ਓ.ਟੀ.ਪੀ (OTP) ਰਾਹੀਂ ਲਾਗ ਇਨ ਕਰਨ ਤੋਂ ਬਾਅਦ ਲੋਕ ਸੌਖੇ ਤਰੀਕੇ ਨਾਲ ਆਪਣੀ ਜਾਣਕਾਰੀ ਭਰ ਸਕਦੇ ਹਨ।
ਕਮਿਸ਼ਨਰ ਨਗਰ ਨਿਗਮ ਮੈਡਮ ਲਵਜੀਤ ਕੌਰ ਕਲਸੀ ਨੇ ਦੱਸਿਆ ਕਿ ਸਵੈ-ਗਣਨਾ ਦੌਰਾਨ ਕੁੱਲ 33 ਵਿੱਚੋਂ 30 ਮੁੱਖ ਜਾਣਕਾਰੀ ਦੇ ਬਿੰਦੂ ਲੋਕਾਂ ਵੱਲੋਂ ਖੁਦ ਭਰੇ ਜਾਣਗੇ, ਜਿੰਨ੍ਹਾਂ ਵਿੱਚ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ, ਵਿਆਹਤਾਂ ਜੋੜਿਆਂ ਦੀ ਜਾਣਕਾਰੀ, ਪੀਣ ਵਾਲੇ ਪਾਣੀ ਦਾ ਸਰੋਤ, ਐਲਪੀਜੀ ਕੁਨੈਕਸ਼ਨ, ਮੋਬਾਈਲ, ਇੰਟਰਨੈੱਟ, ਟੀਵੀ, ਵਾਹਨ ਅਤੇ ਘਰ ਦੀ ਬਣਤਰ ਸੰਬੰਧੀ ਵੇਰਵਾ ਸ਼ਾਮਲ ਹੈ।
ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੇ ਤਿੰਨ ਬਿੰਦੂ ਡੋਰ-ਟੂ-ਡੋਰ ਸਰਵੇ ਦੌਰਾਨ ਭਰੇ ਜਾਣਗੇ, ਜੋ ਕਿ 15 ਮਈ ਤੋਂ 13 ਜੂਨ ਤੱਕ ਸਰਕਾਰੀ ਜਨਗਣਨਾ ਮੁਲਾਜ਼ਮ ਵੱਲੋਂ ਕੀਤਾ ਜਾਵੇਗਾ। ਇਸ ਲਈ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਸਮੇਂ-ਸਿਰ ਆਪਣੀ ਸਵੈ-ਗਣਨਾ ਪੂਰੀ ਕਰਨ।
ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਸਵੈ-ਗਣਨਾ ਪੂਰੀ ਕਰਨ ਉਪਰੰਤ ਹਰ ਘਰ ਨੂੰ ਇੱਕ ਯੂਨੀਕ ਆਈ.ਡੀ. ਪ੍ਰਾਪਤ ਹੋਵੇਗੀ, ਜਿਸਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ। ਡੋਰ-ਟੂ-ਡੋਰ ਸਰਵੇ ਦੌਰਾਨ ਇਹ ਆਈ.ਡੀ. ਜਨਗਣਨਾ ਮੁਲਾਜ਼ਮ ਨੂੰ ਦੇਣ ‘ਤੇ ਪਹਿਲਾਂ ਭਰੀ ਜਾਣਕਾਰੀ ਆਟੋਮੈਟਿਕ ਤੌਰ ‘ਤੇ ਪ੍ਰਾਪਤ ਹੋ ਜਾਵੇਗੀ, ਜਿਸ ਨਾਲ ਪੂਰੀ ਪ੍ਰਕਿਰਿਆ ਸੌਖੀ ਅਤੇ ਤੇਜ਼ ਹੋਵੇਗੀ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਸਵੈ-ਗਣਨਾ ਵਿੱਚ ਭਾਗ ਲੈਣ ਅਤੇ ਇਸ ਮਹੱਤਵਪੂਰਨ ਸਰਕਾਰੀ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ। ਹਰ ਘਰ ਵਿੱਚੋਂ ਇੱਕ ਵਿਅਕਤੀ ਵੱਲੋਂ ਇਹ ਪ੍ਰਕਿਰਿਆ ਪੂਰੀ ਕੀਤੀ ਜਾ ਸਕਦੀ ਹੈ, ਜਿਸ ਨਾਲ ਸਮੇਂ ਦੀ ਬਚਤ ਦੇ ਨਾਲ-ਨਾਲ ਸਰਵੇ ਦੀ ਕਾਰਗੁਜ਼ਾਰੀ ਵੀ ਬਿਹਤਰ ਹੋਵੇਗੀ। ਇਸ ਮੌਕੇ ਆਰਟਿਸਟ ਗੁਰਪ੍ਰੀਤ ਸਿੰਘ, ਗੀਤਕਾਰ ਮਨਪ੍ਰੀਤ ਤਿਵਾਣਾ, ਏ.ਸੀ ਸੁਨੀਲ ਮਹਿਤਾ, ਬਲਵਾਨ ਸਿੰਘ (ਅਰਬਨ ਪਲੈਨਰ) ਅਤੇ ਹਰਵਿੰਦਰ ਸਿੰਘ ਬਰਾੜ ਆਦਿ ਹਾਜ਼ਰ ਸਨ।
- Download Babushahi App
-
-