Crime Special ਬਠਿੰਡਾ ਪੁਲਿਸ ਦੀ ਕਲਗੀ ’ਚ ਖੰਭ ਲੱਗਿਆ ਜਦੋਂ ਖੁਦਕਸ਼ੀ ’ਚ ਡੀਐਸਪੀ ਦਾ ਨਾਮ ਵੱਜਿਆ
ਪੁਲਿਸ ਦਾ ਕ੍ਰਿਸ਼ਮਾ ਸਾਹਿਬ ਬਖਸ਼ਿਆ ਤਾਂ ਵਪਾਰ ਮੰਡਲ ਭੜਕਿਆ
ਅਸ਼ੋਕ ਵਰਮਾ
ਬਠਿੰਡਾ, 25 ਅਪ੍ਰੈਲ 2026 : ਰੇਤ ਬੱਜਰੀ ਦੇ ਕਾਰੋਬਾਰੀ ਸੰਦੀਪ ਕੁਮਾਰ ਵੱਲੋਂ ਖੁਦਕਸ਼ੀ ਕਰਨ ਦੇ ਮਾਮਲੇ ’ਚ ਆਪਣੇ ਇੱਕ ਅਫਸਰ ਦਾ ਨਾਮ ਆਉਣ ਕਾਰਨ ਹਿਰਾਸਤੀ ਮੌਤਾਂ ਵਰਗੇ ਸੰਗੀਨ ਦੋਸ਼ਾਂ ਦਾ ਸਾਹਮਣਾ ਕਰ ਰਹੀ ਬਠਿੰਡਾ ਪੁਲਿਸ ਨਵੇਂ ਵਿਵਾਦ ’ਚ ਉਲਝਦੀ ਦਿਸਦੀ ਹੈ। ਸੰਦੀਪ ਨੇ ਆਤਮਹੱਤਿਆ ਕਰਨ ਤੋਂ ਪਹਿਲਾਂ ਬਣਾਈ ਵੀਡੀਓ ਅਤੇ ਲਿਖੇ ਖੁਦਕਸ਼ੀ ਨੋਟ ’ਚ ਪੁਲਿਸ ਦੇ ਇੱਕ ਡੀਐਸਪੀ ਤੋਂ ਇਲਾਵਾ ਇੱਕ ਜੱਜ ਦੀ ਰੀਡਰ , ਉਸ ਦੇ ਪਤੀ , ਇੱਕ ਵਕੀਲ ਅਤੇ ਇੱਕ ਹੋਰ ਵਿਅਕਤੀ ’ਤੇ ਮਾਨਸਿਕ ਅਤੇ ਆਰਥਿਕ ਤੌਰ ’ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਸਨ। ਪੁਲਿਸ ਨੇ ਮੁਲਜਮ ਪਤੀ ਪਤਨੀ ਦੀ ਗ੍ਰਿਫਤਾਰੀ ’ਚ ਤਾਂ ਝੱਟ ਕਰ ਲਈ ਪਰ ਹੈਰਾਨੀ ਵਾਲੀ ਗੱਲ ਹੈ ਕਿ ਡੀਐਸਪੀ ਨੂੰ ਨਾਮਜਦ ਨਹੀਂ ਕੀਤਾ ਹੈ। ਇਸ ਤੋਂ ਭੜਕੇ ਵਪਾਰ ਮੰਡਲ ਦੇ ਆਗੂਆਂ ਨੇ ਡੀਐਸਪੀ ਸਿਟੀ ਵਨ ਨੂੰ ਨਾਮਜਦ ਕਰਨ ਲਈ ਸ਼ਾਮ 7 ਵਜੇ ਤੱਕ ਦਾ ਅਲਟੀਮੇਟਮ ਦਿੱਤਾ ਹੈ।
ਵਪਾਰ ਮੰਡਲ ਬਠਿੰਡਾ ਦੇ ਪ੍ਰਧਾਨ ਜੀਵਨ ਗੋਇਲ ਨੇ ਦੱਸਿਆ ਕਿ ਜੇਕਰ ਸਬੰਧਤ ਡੀਐਸਪੀ ਨੂੰ ਨਾਮਜਦ ਨਾਂ ਕੀਤਾ ਤਾਂ ਸੋਮਵਾਰ ਨੂੰ ਵੱਡਾ ਸੰਘਰਸ਼ ਉਲੀਕਿਆ ਜਾਏਗਾ। ਥਾਣਾ ਕੋਤਵਾਲੀ ਪੁਲਿਸ ਨੇ ਰਮਨ ਜੈਨ , ਉਸ ਦੀ ਪਤਨੀ ਰੇਨੂੰ ਬਾਲਾ , ਇੱਕ ਵਕੀਲ ਤੇ ਇੱਕ ਹੋਰ ਵਿਅਕਤੀ ਖਿਲਾਫ ਮੁੱਕਦਮਾ ਦਰਜ ਕਰਨ ਤੋਂ ਬਾਅਦ ਰਮਨ ਅਤੇ ਰੇਨੂੰ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਦੇ ਭਰਾ ਮਨੀਸ਼ ਕੁਮਾਰ ਨੇ ਦੱਸਿਆ ਕਿ ਸੰਦੀਪ ਰੇਤਾ ਬੱਜਰੀ ਆਦਿ ਸਪਲਾਈ ਕਰਨ ਦਾ ਕਾਰੋਬਾਰ ਕਰਦਾ ਸੀ। ਉਸ ਨੇ ਦੱਸਿਆ ਕਿ ਰਮਨ ਦੀ ਕੋਠੀ ਬਣ ਰਹੀ ਹੈ ਜਿੱਥੇ ਸੰਦੀਪ ਨੇ ਸਮਾਨ ਸਪਲਾਈ ਕੀਤਾ ਸੀ। ਇਸੇ ਸਮਾਨ ਦੇ ਲੈਣ ਦੇਣ ਨੂੰ ਲੈਕੇ ਦੋਵਾਂ ਵਿਚਕਾਰ ਵਿਵਾਦ ਪੈਦਾ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸ ਮਗਰੋਂ ਕਰੀਬ ਡੇਢ ਮਹੀਨੇ ਤੋਂ ਬਠਿੰਡਾ ਦਾ ਇੱਕ ਡੀਐਸਪੀ, ਇੱਕ ਵਕੀਲ , ਟਾਈਪਿਸਟ ਅਤੇ ਜੱਜ ਦੀ ਰੀਡਰ , ਸੰਦੀਪ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਹੇ ਸਨ।
ਮਨੀਸ਼ ਕੁਮਾਰ ਦੇ ਦੱਸਣ ਮੁਤਾਬਕ ਇਸ ਤੋਂ ਬਾਅਦ ਡੀਐਸਪੀ ਸਿਟੀ ਵਨ ਰਾਹੀਂ ਸੰਦੀਪ ’ਤੇ ਨਜਾਇਜ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਗਿਆ। ਪ੍ਰੀਵਾਰ ਨੇ ਦੋਸ਼ ਲਾਇਆ ਕਿ ਪੁਲਿਸ ਅਫਸਰਾਂ ਨੇ ਡਰਾਉਣ ਧਮਕਾਉਣ ਤੋਂ ਬਾਅਦ ਸੰਦੀਪ ਤੋਂ 4-5 ਲੱਖ ਰੁਪਿਆ ਲੈ ਲਿਆ। ਪੁਲਿਸ ਅਤੇ ਮੁਲਜਮਾਂ ਵੱਲੋਂ ਪਾਏ ਜਾ ਰਹੇ ਕਥਿਤ ਦਬਾਅ ਦੀ ਪਰੇਸ਼ਾਨੀ ਬਰਦਾਸ਼ਤ ਨਾਂ ਕਰਦਿਆਂ ਦੁਖੀ ਸੰਦੀਪ ਨੇ ਖੁਦਕਸ਼ੀ ਕਰ ਲਈ। ਓਧਰ ਸੰਦੀਪ ਵੱਲੋਂ ਬਣਾਈ ਆਖਰੀ ਵੀਡੀਓ ’ਚ ਉਸ ਨੇ ਕਿਹਾ ਕਿ ਪੰਜਾਂ ਨੇ ਮੇਰਾ ਖੂਨ ਚੂਸ ਲਿਆ ਅਤੇ ਜਿੰਦਗੀ ਤਬਾਹ ਕਰ ਦਿੱਤੀ ਹੈ , ਇੰਨ੍ਹਾਂ ਨੂੰ ਛੱਡਣਾ ਨਹੀਂ। ਸੰਦੀਪ ਨੇ ਵੀਡੀਓ ’ਚ ਕਿਹਾ , ਮੇਰੀ ਫਰਮ ਕਿਸੇ ਦੇ ਨਾਮ ਨਹੀਂ ਹੈ। ਉਹ ਆਪਣੀ ਪਤਨੀ ਦੇ ਖਾਤੇ ’ਚ 8 ਲੱਖ ਰੁਪਏ ਦੀ ਐਂਟਰੀ ਕਰਵਾ ਬੈਠਾ ਜੋ ਮੇਰਾ ਨੈਗੇਟਿਵ ਪੁਆਇੰਟ ਬਣ ਗਿਆ। ਇੰਨ੍ਹਾਂ ਦਾ ਵਕੀਲ ਚਾਚਾ ਮੈਨੂੰ ਰੋਜ ਧਮਕੀਆਂ ਦਿੰਦੇ ਕਿ ਸੰਦੀਪ ਸਾਡੇ ਪੈਸੇ ਵਾਪਿਸ ਕਰ ਦੇ।
ਵੀਡੀਓ ਮੁਤਾਬਕ ਜਦੋਂ ਮੈਂ ਪੈਸੇ ਦੇਣੇ ਹੀ ਨਹੀਂ ਹਨ ਤਾਂ ਵਾਪਿਸ ਕਿੱਥੋਂ ਕਰਾਂ। ਜਿੰਨੀ ਪੇਮੈਂਟ ਆਈ ਸੀ ਓਨਾਂ ਇੰਨ੍ਹਾਂ ਨੂੰ ਮਾਲ ਦਿੱਤਾ ਹੋਇਆ ਹੈ। ਇੰਨ੍ਹਾਂ ਨੇ ਮੇਰੇ ਖਿਲਾਫ ਡੀਐਸਪੀ ਵਨ ਨੂੰ ਅਰਜੀ ਦੇ ਦਿੱਤੀ ਜੋ ਇੰਨ੍ਹਾਂ ਦਾ ਹੀ ਬੰਦਾ ਹੈ। ਉਹ ਵੀ ਮੈਨੂੰ ਧਮਕੀਆਂ ਦਿੰਦਾ ਹੈ ਕਿ ਇੰਨ੍ਹਾਂ ਦੇ ਪੈਸੇ ਵਾਪਿਸ ਕਰ ਦੇ। ਇਹ ਧਮਕੀਆਂ ਦਿੰਦੇ ਹਨ ਕਿ ਤੇਰੇ ’ਤੇ ਚੂਹੇ ਛੱਡੇ ਜਾਣਗੇ, ਤੈਨੂੰ ਕਰੰਟ ਲਾਇਆ ਜਾਏਗਾ। ਇੰਨ੍ਹਾਂ ਨੇ ਮੇਰਾ ਖੂਨ ਚੂਸ ਲਿਆ ਹੈ। ਇੰਨ੍ਹਾਂ ਨੇ ਮੈਨੂੰ ਮਰਨ ਲਈ ਮਜਬੂਰ ਕਰ ਦਿੱਤਾ ਹੈ। ਜੇਕਰ ਮੈਨੂੰ ਕੁੱਝ ਹੁੰਦਾ ਹੈ ਜਾਂ ਕੋਈ ਸਮੱਸਿਆ ਹੁੰਦੀ ਹੈ ਤਾਂ ਇਸ ਦੇ ਜਿੰਮੇਵਾਰ ਇਹ ਪੰਜੇ ਹਨ। ਮੇਰੇ ਤੋਂ ਬਾਅਦ ਮੇਰੇ ਘਰ ਵਾਲਿਆਂ ਨੂੰ ਇਨਸਾਫ ਦਿਵਾਇਆ ਜਾਏ। ਮੈਂ ਅੱਜ ਜਾਂ ਸੁਭਾ ਮਰਨ ਦੀ ਕੋਸ਼ਿਸ਼ ... ਮਰੂੰਗਾ ਮੈਂ। ਮੇਰੀ ਸਰਕਾਰ ਨੂੰ ਗੁਜਾਰਿਸ਼ ਹੈ ਕਿ ਇੰਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਛੱਡਣਾ ਨਹੀਂ ਹੈ।
ਧਰਨੇ ਦੇ ਦਬਾਅ ’ਤੇ ਕਾਰਵਾਈ
ਵਪਾਰੀ ਸੰਦੀਪ ਕੁਮਾਰ ਦੀ ਮੌਤ ਹੋਣ ਤੋਂ ਬਾਅਦ ਭੜਕੇ ਪ੍ਰੀਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਆਮ ਲੋਕਾਂ ਦੇ ਸਹਿਯੋਗ ਨਾਲ ਹਾਈਵੇਅ ਜਾਮ ਕਰ ਦਿੱਤਾ ਸੀ। ਪ੍ਰੀਵਾਰ ਨੇ ਚਿਤਾਵਨੀ ਦਿੱਤੀ ਸੀ ਕਿ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਹ ਸੰਦੀਪ ਦਾ ਪੋਸਟਮਾਰਟਮ ਨਹੀਂ ਹੋਣ ਦੇਣਗੇ ਅਤੇ ਨਾਂ ਹੀ ਧਰਨਾ ਖਤਮ ਕਰਨਗੇ। ਆਵਾਜਾਈ ਜਾਮ ਹੋਣ ਕਾਰਨ ਧਰਨੇ ਦੇ ਦਬਾਅ ਕਰਕੇ ਮੁਲਜਮਾਂ ਦੇ ਰਸੂਖਵਾਨ ਹੋਣ ਦੇ ਬਾਵਜੂਦ ਹਰਕਤ ਵਿੱਚ ਆਈ ਪੁਲਿਸ ਨੂੰ ਕਾਰਵਾਈ ਕਰਨੀ ਪਈ ਹੈ।
ਮੁੱਖ ਮੁਲਜਮ ਗ੍ਰਿਫਤਾਰ : ਐਸਪੀ
ਥਾਣਾ ਕੋਤਵਾਲੀ ਪੁਲਿਸ ਨੇ ਰਮਨ ਕੁਮਾਰ , ਉਸ ਦੀ ਪਤਨੀ ਰੇਨੂੰ ਅਤੇ ਇੱਕ ਵਕੀਲ ਖਿਲਾਫ ਖੁਦਕਸ਼ੀ ਲਈ ਮਜਬੂਰ ਕਰਨ ਸਮੇਤ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਐਸਪੀ ਸਿਟੀ ਨਰਿੰਦਰ ਸਿੰਘ ਨੇ ਇਸ ਸਬੰਧੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁੱਖ ਮੁਲਜਮ ਰਮਨ ਅਤੇ ਉਸ ਦੀ ਪਤੀ ਰੇਨੂੰ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜਮਾਂ ਨੇ ਡੀਐਸਪੀ ਸਿਟੀ ਕੋਲ ਦਰਖਾਸਤ ਦਿੱਤੀ ਸੀ ਜਿਸ ਦੀ ਪੜਤਾਲ ਤੋਂ ਪਹਿਲਾਂ ਹੀ ਸੰਦੀਪ ਨੇ ਖੁਦਕਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਜੋ ਵੀ ਤੱਥ ਸਾਹਮਣੇ ਆਉਣਗੇ ਉਨ੍ਹਾਂ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਏਗੀ।
Click to Follow Babushahi Facebook page →