ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ; ਬਿਆਸ ਦਰਿਆ ਕਿਨਾਰੇ ਭਾਰੀ ਮਾਤਰਾ 'ਚ ਨਜਾਇਜ ਸ਼ਰਾਬ ਬਰਾਮਦ
ਜਮੀਨਾਂ ਪੁੱਟ ਪੁੱਟ ਕੇ ਕੱਢੀ ਧਰਤੀ ਵਿੱਚ ਦਬਾਈ ਗਈ ਨਜਾਇਜ਼ ਸ਼ਰਾਬ
ਰੋਹਿਤ ਗੁਪਤਾ
ਗੁਰਦਾਸਪੁਰ 22 ਅਪ੍ਰੈਲ 2026-ਆਬਕਾਰੀ ਵਿਭਾਗ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵੱਲੋਂ ਜਿਲਾ ਗੁਰਦਾਸਪੁਰ ਪੁਲਿਸ ਦੇ ਸਹਿਯੋਗ ਨਾਲ ਸਾਂਝੇ ਤੌਰ ਤੇ ਨਜਾਇਜ਼ ਸ਼ਰਾਬ ਬਣਾਉਣ ਲਈ ਬਦਨਾਮ ਬਿਆਸ ਦਰਿਆ ਦੇ ਕਿਨਾਰੇ ਦੇ ਇਲਾਕਿਆਂ ਵਿੱਚ ਵੱਡਾ ਸਰਚ ਆਪਰੇਸ਼ਨ ਚਲਾਇਆ ਗਿਆ। ਤਕਰੀਬਨ ਸਾਢੇ ਅੱਠ ਘੰਟੇ ਚਲੇ ਇਸ ਸਰਚ ਆਪਰੇਸ਼ਨ ਵਿੱਚ ਭਾਰੀ ਮਾਤਰਾ ਵਿੱਚ ਲਾਹਨ ਤੇ ਨਜਾਇਜ਼ ਦੇਸੀ ਸ਼ਰਾਬ ਦੇ ਨਾਲ ਨਾਲ ਨਾਜਾਇਜ਼ ਸ਼ਰਾਬ ਬਣਾਉਣ ਵਾਲਾ ਸਮਾਨ ਵੀ ਬਰਾਮਦ ਕੀਤਾ ਗਿਆ ਹੈ ਅਤੇ ਮੌਕੇ ਤੇ ਨਸ਼ਟ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ਉਹ ਬਦਨਾਮ ਇਲਾਕਾ ਹੈ ਜਿੱਥੇ ਨਜਾਇਜ਼ ਸ਼ਰਾਬ ਦੇ ਕਾਰੋਬਾਰੀ ਸ਼ਰਾਬ ਬਣਾਉਂਦੇ ਹਨ ਅਤੇ ਬਣਾ ਕੇ ਦਰਿਆ ਦੇ ਕੰਡੇ ਜਮੀਨਾਂ ਖੋਦ ਕੇ ਦੱਬ ਦਿੰਦੇ ਹਨ ਜਾਂ ਫਿਰ ਦਰਿਆ ਵਿੱਚ ਲੁਕਾ ਦਿੰਦੇ ਹਨ। ਆਬਕਾਰੀ ਵਿਭਾਗ ਵੱਲੋਂ ਜਮੀਨਾਂ ਖੋਦ ਖੋਦ ਕੇ ਅਤੇ ਦਰਿਆ ਵਿੱਚ ਵੜ ਕੇ ਇਹ ਸ਼ਰਾਬ ਕੱਢੀ ਗਈ।
ਐਕਸਾਈਜ਼ ਵਿਬਾਗ ਦੇ ਇੰਸਪੈਕਟਰ ਦੀਪਕ ਨੇ ਦੱਸਿਆ ਕਿ ਕਰਮਬੀਰ ਸਿੰਘ ਮਾਹਲਾ ਏ.ਸੀ. (ਐਕਸ) ਗੁਰਦਾਸਪੁਰ ਰੇਂਜ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ਼੍ਰੀ ਹੇਮੰਤ ਸ਼ਰਮਾ ਆਬਕਾਰੀ ਅਫਸਰ ਗੁਰਦਾਸਪੁਰ-1 ਦੀ ਨਿਗਰਾਨੀ ਹੇਠ, ਨਾਜਾਇਜ਼ ਸ਼ਰਾਬ ਨੂੰ ਰੋਕਣ ਦੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ, ਆਬਕਾਰੀ ਇੰਸਪੈਕਟਰ ਦੀਪਕ ਕੁਮਾਰ (ਸਰਕਲ ਗੁਰਦਾਸਪੁਰ) ਈ.ਆਈ. ਪੰਕਜ ਮਹਾਜਨ (ਸਰਕਲ ਧਾਰੀਵਾਲ) ਅਤੇ ਈ.ਆਈ. ਕਸ਼ਮੀਰ ਸਿੰਘ (ਸਰਕਲ ਕਾਦੀਆਂ) ਦੁਆਰਾ ਹੁਸ਼ਿਆਰਪੁਰ ਆਬਕਾਰੀ ਰੇਂਜ ਦੇ ਨਾਲ-ਨਾਲ ਗੁਰਦਾਸਪੁਰ ਪੁਲਿਸ ਦੇ ਨਾਲ ਸਾਂਝੇ ਤੌਰ 'ਤੇ ਡੀ.ਐਸ.ਪੀ. (ਜੀ.ਐਸ.ਪੀ.) ਸ਼੍ਰੀ ਕੁਲਵੰਤ ਸਿੰਘ ਮਾਨ, ਐਸ.ਐਚ.ਓ. ਭੈਣੀ ਮੀਆਂ ਖਾਨ, ਗੁਰਨਾਮ ਸਿੰਘ ਅਤੇ ਆਬਕਾਰੀ ਪੁਲਿਸ ਗੁਰਦਾਸਪੁਰ ਦੀ ਨਿਗਰਾਨੀ ਹੇਠ ਸਵੇਰੇ 6 ਵਜੇ ਤੋਂ ਆਬਕਾਰੀ ਸਰਕਲ ਗੁਰਦਾਸਪੁਰ ਦੇ ਪਿੰਡ ਮੌਜਪੁਰ, ਆਲਮਾ, ਨੂਨਾ ਬਰਕਤ, ਨਵੀਂ ਬਘੜੀਆ, ਪੁਰਾਣੀ ਬਘੜੀਆ, ਰਾਜਪੁਰ, ਭੈਣੀ ਪਾਸਵਾਲ, ਭੈਣੀ ਮਿਲਵਾਂ, ਭੈਣੀ ਮੀਆਂ ਖਾਨ ਦੇ ਮੰਡ ਖੇਤਰਾਂ ਵਿੱਚ ਇੱਕ ਵਿਸ਼ਾਲ ਸਾਂਝਾ ਸਰਚ ਆਪ੍ਰੇਸ਼ਨ ਚਲਾਇਆ ਗਿਆ। ਇਸ ਵਿਸ਼ਾਲ ਤਲਾਸ਼ੀ ਮੁਹਿੰਮ ਦੌਰਾਨ ਜੋ ਸਾਢੇ ਅੱਠ ਘੰਟੇ ਚੱਲੀ, ਬਿਆਸ ਦਰਿਆ ਦੇ ਨਾਲ ਲੱਗਦੇ ਮੰਡ ਖੇਤਰ ਦੇ ਪੂਰੇ ਹਿੱਸੇ ਦੀ ਤਲਾਸ਼ੀ ਲਈ ਗਈ, ਜਿੱਥੇ 2 ਲੋਹੇ ਦੇ ਡਰੰਮ, 4 ਚਾਂਦੀ ਦੇ ਬਾਇਲਰ (ਪਟਿਲਾ) 12 ਟੀਨ ਅਤੇ 31 ਤਰਪਾਲਾਂ, ਜਿਨ੍ਹਾਂ ਵਿੱਚੋਂ ਹਰੇਕ ਵਿੱਚ 500 ਕਿਲੋ (ਲਗਭਗ 16280 ਕਿਲੋ ਲਾਹਣ) ਅਤੇ 12 ਪਲਾਸਟਿਕ ਦੀਆਂ ਗੱਤੀਆਂ, 2 ਪਲਾਸਟਿਕ ਪਾਊਚ ਅਤੇ 9 ਪਲਾਸਟਿਕ ਦੀਆਂ ਬੋਤਲਾਂ (ਪੈਪਸੀ) ਜਿਨ੍ਹਾਂ ਵਿੱਚ 198 ਲੀਟਰ ਨਾਜਾਇਜ਼ ਸ਼ਰਾਬ ਸੀ, ਬਰਾਮਦ ਕੀਤੀਆਂ ਗਈਆਂ ਅਤੇ ਲਾਵਾਰਿਸ ਹੋਣ 'ਤੇ ਮੌਕੇ 'ਤੇ ਹੀ ਨਸ਼ਟ ਕਰ ਦਿੱਤੀਆਂ ਗਈਆਂ। ਮਾਮਲੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਈ ਪਰ ਇਸ ਸੰਬੰਧ ਵਿੱਚ ਸਬੰਧਤ ਥਾਣਿਆਂ ਵਿੱਚ ਮਾਮਲੇ ਦਰਜ ਕਰਵਾ ਦਿੱਤੇ ਗਏ ਹਨ।
Click to Follow Babushahi Facebook page →