ਮੁੱਖ ਮੰਤਰੀ ਵੱਲੋਂ ਨਿਵੇਸ਼ ਨੂੰ ਉਤਸ਼ਾਹਤ ਕਰਨ ਅਤੇ ਕੌਮਾਂਤਰੀ ਸਹਿਯੋਗ ਲਈ ਆਲਮੀ ਪੱਧਰ ਉੱਤੇ ਹੰਭਲੇ ਜਾਰੀ
• ਵਿੱਤੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਅਤੇ ਆਮ ਲੋਕਾਂ ਦੇ ਆਪਸੀ ਸੰਪਰਕ ਨੂੰ ਹੁਲਾਰਾ ਦੇਣ ਲਈ ਕਈ ਪ੍ਰੋਗਰਾਮਾਂ ਦਾ ਐਲਾਨ
• ਪੰਜਾਬ ਨੂੰ ਦੁਨੀਆ ਭਰ ਵਿੱਚ ਬਿਹਤਰੀਨ ਨਿਵੇਸ਼ ਸਥਾਨ ਵਜੋਂ ਦਰਸਾਇਆ
• ਪਰਵਾਸੀ ਪੰਜਾਬੀਆਂ ਅਤੇ ਮੋਹਰੀ ਕਾਰੋਬਾਰੀਆਂ ਨਾਲ ਕੀਤਾ ਵਿਚਾਰ-ਵਟਾਂਦਰਾ
ਚੰਡੀਗੜ੍ਹ, 21 ਅਪ੍ਰੈਲ
ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਅੰਤਰਰਾਸ਼ਟਰੀ ਭਾਈਵਾਲੀ ਨੂੰ ਹੋਰ ਹੁਲਾਰਾ ਦੇਣ ਲਈ ਵਿਸ਼ਵ-ਵਿਆਪੀ ਪਹੁੰਚ ਜਾਰੀ ਰੱਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਰਥਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਅਤੇ ਲੋਕਾਂ ਦੇ ਆਪਸੀ ਸੰਪਰਕ ਨੂੰ ਉਤਸ਼ਾਹਿਤ ਕਰਨ ਲਈ ਹੰਭਲਾ ਜਾਰੀ ਹੈ।
ਚੇਅਰਪਰਸਨ ਮਿਸ ਐਡਿਥ ਨੋਰਡਮੈਨ ਦੀ ਅਗਵਾਈ ਵਾਲੇ ਨੀਦਰਲੈਂਡਜ਼ ਇੰਡੀਆ ਚੈਂਬਰ ਆਫ਼ ਕਾਮਰਸ ਐਂਡ ਟਰੇਡ ਨਾਲ ਰਣਨੀਤਕ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਅਤੇ ਨੀਦਰਲੈਂਡਜ਼ ਵਿਚਕਾਰ ਦੁਵੱਲੇ ਵਪਾਰਕ ਸਬੰਧਾਂ ਨੂੰ ਵਧਾਉਣ ਅਤੇ ਨਿਵੇਸ਼ ਪ੍ਰਵਾਹ ਨੂੰ ਉਤਸ਼ਾਹਿਤ ਕਰਨ ਦੀ ਵਕਾਲਤ ਕੀਤੀ। ਉਨ੍ਹਾਂ ਨੇ ਵੈਲਯੂ ਐਡੀਸ਼ਨ, ਬਰਾਮਦ ਆਧਾਰਤ ਵਿਕਾਸ ਅਤੇ ਵਿਸ਼ਵ ਸਪਲਾਈ ਚੇਨਾਂ ਨਾਲ ਤਾਲਮੇਲ, ਖ਼ਾਸ ਕਰ ਕੇ ਫੂਡ ਪ੍ਰੋਸੈਸਿੰਗ ਅਤੇ ਨਿਰਮਾਣ ਵਰਗੇ ਖੇਤਰਾਂ ਵਿੱਚ ਪੰਜਾਬ ਦੇ ਰਣਨੀਤਕ ਫੋਕਸ ਨੂੰ ਵੀ ਉਜਾਗਰ ਕੀਤਾ। ਭਗਵੰਤ ਸਿੰਘ ਮਾਨ ਨੇ ਐਨ.ਆਈ.ਸੀ.ਸੀ.ਟੀ. ਨੂੰ ਪੰਜਾਬ ਨੂੰ ਹਾਲੈਂਡ ਦੇ ਉੱਦਮਾਂ ਨਾਲ ਜੋੜਨ ਅਤੇ ਸੈਕਟਰ-ਵਿਸ਼ੇਸ਼ ਰੁਝੇਵਿਆਂ ਅਤੇ ਵਪਾਰਕ ਵਫ਼ਦਾਂ ਨੂੰ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ।
ਇਸ ਦੌਰਾਨ ਹੇਗ ਵਿੱਚ ਨਿਵੇਸ਼ ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਨੇ ਇਸ ਪ੍ਰੋਗਰਾਮ ਵਿੱਚ ਸੂਬੇ ਦੀਆਂ ਉਦਯੋਗਿਕ ਸ਼ਕਤੀਆਂ ਅਤੇ ਉੱਭਰ ਰਹੇ ਮੌਕਿਆਂ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਨੀਦਰਲੈਂਡ ਦੇ ਉਦਯੋਗਪਤੀਆਂ, ਵਪਾਰਕ ਪ੍ਰਤੀਨਿਧੀਆਂ ਅਤੇ ਭਾਈਵਾਲਾਂ ਨੇ ਭਾਗ ਲਿਆ। ਭਗਵੰਤ ਸਿੰਘ ਮਾਨ ਨੇ ਵੈਲਯੂ ਐਡਿਡ ਨਿਰਮਾਣ, ਉਦਯੋਗਿਕ ਵਿਕਾਸ ਅਤੇ ਬਰਾਮਦ ਆਧਾਰਤ ਵਿਕਾਸ ਵੱਲ ਪੰਜਾਬ ਦੀ ਤਬਦੀਲੀ `ਤੇ ਚਾਨਣਾ ਪਾਇਆ। ਉਨ੍ਹਾਂ ਨੇ ਸੂਬੇ ਦੇ ਮਜ਼ਬੂਤ ਬੁਨਿਆਦੀ ਢਾਂਚੇ ਨੂੰ ਵੀ ਪ੍ਰਦਰਸ਼ਿਤ ਕੀਤਾ, ਜਿਸ ਵਿੱਚ ਇਸ ਦਾ ਮਜ਼ਬੂਤ ਨਿਰਮਾਣ ਮਾਹੌਲ, ਹੁਨਰਮੰਦ ਕਾਰਜਬਲ, ਪ੍ਰਗਤੀਸ਼ੀਲ ਨੀਤੀਆਂ ਅਤੇ ਨਿਵੇਸ਼ਕ-ਅਨੁਕੂਲ ਸ਼ਾਸਨ ਢਾਂਚਾ ਸ਼ਾਮਲ ਹੈ।
ਮੁੱਖ ਮੰਤਰੀ ਨੇ ਪੰਜਾਬ ਅਤੇ ਨੀਦਰਲੈਂਡ ਵਿਚਕਾਰ ਮਜ਼ਬੂਤ ਇਤਿਹਾਸਕ ਅਤੇ ਸੱਭਿਆਚਾਰਕ ਸਬੰਧਾਂ `ਤੇ ਵੀ ਜ਼ੋਰ ਦਿੱਤਾ, ਜੋ ਖੁੱਲ੍ਹੇਪਣ ਅਤੇ ਨਵੀਨਤਾ ਦੇ ਸਾਂਝੇ ਮੁੱਲਾਂ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਕਾਰੋਬਾਰ ਕਰਨ ਵਿੱਚ ਆਸਾਨੀ ਪ੍ਰਤੀ ਸੂਬਾ ਸਰਕਾਰ ਦੀ ਸਰਗਰਮ ਅਤੇ ਸੁਧਾਰ-ਮੁਖੀ ਪਹੁੰਚ `ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ 2026 ਦੇਸ਼ ਵਿੱਚ ਸਭ ਤੋਂ ਵੱਧ ਮੁਕਾਬਲੇ ਵਾਲੀ ਨੀਤੀ ਹੈ। ਭਗਵੰਤ ਸਿੰਘ ਮਾਨ ਨੇ ਸਿੰਗਲ-ਵਿੰਡੋ ਕਲੀਅਰੈਂਸ ਅਤੇ ਸਮਾਂਬੱਧ ਪ੍ਰਵਾਨਗੀਆਂ ਨੂੰ ਯਕੀਨੀ ਬਣਾਉਣ ਵਿੱਚ ਫਾਸਟ ਟਰੈਕ ਪੰਜਾਬ ਪੋਰਟਲ ਦੀ ਪ੍ਰਭਾਵਸ਼ੀਲਤਾ ਬਾਰੇ ਵੀ ਜਾਣੂ ਕਰਵਾਇਆ।
ਮੁੱਖ ਮੰਤਰੀ ਨੇ ਪੰਜਾਬ ਅਤੇ ਨੀਦਰਲੈਂਡ ਵਿਚਕਾਰ ਸਾਂਝੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਉੱਦਮੀ ਭਾਵਨਾ ਦੀ ਸ਼ਲਾਘਾ ਕਰਦੇ ਹੋਏ ਵਿਸ਼ਵ-ਵਿਆਪੀ ਨਿਵੇਸ਼ਕਾਂ ਨੂੰ ‘ਪੰਜਾਬ ਵਿੱਚ ਆਓ, ਨਿਵੇਸ਼ ਕਰੋ ਅਤੇ ਅੱਗੇ ਵਧੋ’ ਦਾ ਸੱਦਾ ਦਿੱਤਾ। ਉਨ੍ਹਾਂ ਨੇ ਪੰਜਾਬ ਦੇ ਰਣਨੀਤਕ ਫਾਇਦਿਆਂ ਨੂੰ ਵੀ ਉਜਾਗਰ ਕੀਤਾ ਅਤੇ ਨਿਰਵਿਘਨ ਨਿਵੇਸ਼ਾਂ ਨੂੰ ਆਰਾਮਦਾਇਕ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਅਤੇ ਪੰਜਾਬ ਦੀਆਂ ਵਿਸ਼ੇਸ਼ਤਾਵਾਂ ਜਿਵੇਂ ਕਿ ਗੁਣਵੱਤਾ ਵਾਲਾ ਬੁਨਿਆਦੀ ਢਾਂਚਾ, ਪ੍ਰਗਤੀਸ਼ੀਲ ਕਿਸਾਨ ਅਤੇ ਵਿਸ਼ਵ ਪੱਧਰੀ ਮਾਪਦੰਡਾਂ ਅਨੁਸਾਰ ਹੁਨਰਮੰਦ ਮਨੁੱਖੀ ਸ਼ਕਤੀ `ਤੇ ਜ਼ੋਰ ਦਿੱਤਾ। ਭਗਵੰਤ ਸਿੰਘ ਮਾਨ ਨੇ ਡੱਚ ਕੰਪਨੀਆਂ ਨੂੰ ਨਵੇਂ ਨਿਵੇਸ਼ਾਂ ਲਈ ਪੰਜਾਬ ਨੂੰ ਇਕ ਸੰਭਾਵੀ ਸਥਾਨ ਵਜੋਂ ਵਿਚਾਰਨ ਦਾ ਵੀ ਸੱਦਾ ਦਿੱਤਾ।
ਮੁੱਖ ਮੰਤਰੀ ਨੇ ਇਕ ਭਾਈਚਾਰਕ ਪ੍ਰੋਗਰਾਮ ਦੌਰਾਨ ਪਰਵਾਸੀ ਪੰਜਾਬੀਆਂ ਨਾਲ ਗੱਲਬਾਤ ਕੀਤੀ, ਜਿਸ ਨਾਲ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਦੇ ਆਪਸੀ ਸੰਪਰਕ ਨੂੰ ਡੂੰਘਾ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਸੱਭਿਆਚਾਰਕ ਅਤੇ ਆਰਥਿਕਤਾ ਰਾਹੀਂ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਨੀਦਰਲੈਂਡਜ਼ ਵਿੱਚ ਭਾਰਤੀ ਅਤੇ ਪੰਜਾਬੀ ਭਾਈਚਾਰੇ ਦੇ ਯੋਗਦਾਨ ਨੂੰ ਸਵੀਕਾਰ ਕੀਤਾ। ਗੱਲਬਾਤ ਦੌਰਾਨ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਦੇ ਸੁਝਾਅ ਵੀ ਮੰਗੇ ਅਤੇ ਪੰਜਾਬ ਦੀ ਵਿਕਾਸ ਯਾਤਰਾ ਵਿੱਚ ਮੁੱਖ ਭਾਈਵਾਲਾਂ ਵਜੋਂ ਪਰਵਾਸੀ ਪੰਜਾਬੀਆਂ ਨਾਲ ਜੁੜਨ ਦੀ ਸਰਕਾਰ ਦੀ ਵਚਨਬੱਧਤਾ ਦੀ ਵੀ ਪੁਸ਼ਟੀ ਕੀਤੀ।
ਇਸ ਮੌਕੇ ਕੈਬਨਿਟ ਮੰਤਰੀ ਸੰਜੀਵ ਅਰੋੜਾ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਨੀਦਰਲੈਂਡਜ਼ ਵਿੱਚ ਭਾਰਤੀ ਸਫ਼ੀਰ ਕੁਮਾਰ ਤੁਹਿਨ ਅਤੇ ਹੋਰ ਵੀ ਹਾਜ਼ਰ ਸਨ।
Click to Follow Babushahi Facebook page →