ਹਰਚੋਵਾਲ: ਡਾਕਟਰ ਦੀ ਕੁੱਟਮਾਰ ਦੇ ਵਿਰੋਧ 'ਚ ਸਰਕਾਰੀ ਹਸਪਤਾਲ ਦੀ ਓ.ਪੀ.ਡੀ. ਬੰਦ; ਮਰੀਜ਼ ਖੱਜਲ-ਖੁਆਰ
Babushahi Bureau
ਹਰਚੋਵਾਲ/ਸ੍ਰੀ ਹਰਗੋਬਿੰਦਪੁਰ, 20 ਅਪ੍ਰੈਲ, 2026- ਕਸਬਾ ਹਰਚੋਵਾਲ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਮੈਡੀਕਲ ਸਪੈਸ਼ਲਿਸਟ ਡਾਕਟਰ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੇ ਰੋਸ ਵਜੋਂ ਸਮੂਹ ਡਾਕਟਰਾਂ ਅਤੇ ਸਟਾਫ ਵੱਲੋਂ ਹੜਤਾਲ ਕਰਕੇ ਓ.ਪੀ.ਡੀ. (OPD) ਸੇਵਾਵਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਗਈਆਂ, ਜਿਸ ਕਾਰਨ ਦੂਰ-ਦੁਰਾਡਿਓਂ ਆਏ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਕੀ ਹੈ ਪੂਰਾ ਮਾਮਲਾ?
ਪੀੜਤ ਡਾਕਟਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ 18 ਅਪ੍ਰੈਲ (ਸ਼ਨੀਵਾਰ) ਸ਼ਾਮ ਨੂੰ ਉਹ ਆਪਣੀ ਡਿਊਟੀ 'ਤੇ ਤਾਇਨਾਤ ਸਨ। ਇੱਕ ਗਰਭਵਤੀ ਔਰਤ ਚੈੱਕਅਪ ਲਈ ਆਈ, ਜਿਸ ਨੂੰ ਉਨ੍ਹਾਂ ਨੇ ਉੱਪਰਲੀ ਮੰਜ਼ਿਲ 'ਤੇ ਐਮਰਜੈਂਸੀ ਵਾਰਡ ਵਿੱਚ ਜਾਣ ਲਈ ਕਿਹਾ। ਚੈੱਕਅਪ ਤੋਂ ਬਾਅਦ ਮਹਿਲਾ ਵਾਪਸ ਚਲੀ ਗਈ, ਪਰ ਕੁਝ ਦੇਰ ਬਾਅਦ ਉਸਦਾ ਪਤੀ, ਜੋ ਕਿ ਆਮ ਆਦਮੀ ਪਾਰਟੀ ਦਾ ਕਾਦੀਆਂ ਬਲਾਕ ਦਾ ਵਾਈਸ ਚੇਅਰਮੈਨ ਦੱਸਿਆ ਜਾ ਰਿਹਾ ਹੈ, ਹਸਪਤਾਲ ਪਹੁੰਚਿਆ।
ਮੁਲਜ਼ਮ ਨੇ ਡਾਕਟਰ ਨਾਲ ਇਸ ਗੱਲੋਂ ਬਹਿਸ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ ਕਿ ਉਸਦੀ ਪਤਨੀ ਨੂੰ ਵੀਲ-ਚੇਅਰ ਦੀ ਸਹੂਲਤ ਕਿਉਂ ਨਹੀਂ ਦਿੱਤੀ ਗਈ ਅਤੇ ਉਸਨੂੰ ਪੈਦਲ ਉੱਪਰ ਕਿਉਂ ਭੇਜਿਆ ਗਿਆ। ਡਾਕਟਰ ਅਨੁਸਾਰ, ਵੀਲ-ਚੇਅਰ ਮੁਹੱਈਆ ਕਰਵਾਉਣਾ ਵੱਖਰੇ ਸਟਾਫ ਦੀ ਜ਼ਿੰਮੇਵਾਰੀ ਹੁੰਦੀ ਹੈ, ਪਰ ਉਕਤ ਵਿਅਕਤੀ ਨੇ ਗੁੱਸੇ ਵਿੱਚ ਆ ਕੇ ਉਨ੍ਹਾਂ (ਡਾਕਟਰ) 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਦੇ ਸਰੀਰ 'ਤੇ ਕਈ ਸੱਟਾਂ ਲੱਗੀਆਂ ਹਨ।
ਘਟਨਾ ਤੋਂ ਬਾਅਦ ਐਸ.ਐਮ.ਓ. ਮੈਡਮ ਹੇਮਾ ਲਲਤਾ ਦੀ ਅਗਵਾਈ ਵਿੱਚ ਸਮੂਹ ਡਾਕਟਰਾਂ (ਡਾ. ਅਮਨਦੀਪ ਸਿੰਘ, ਡਾ. ਸੈਲਿਜਾ, ਡਾ. ਮੋਹਿਤ ਪ੍ਰੀਤ ਸਿੰਘ, ਡਾ. ਸੰਦੀਪ ਅਤੇ ਹੋਰ) ਨੇ ਪੁਲਿਸ ਥਾਣਾ ਸ੍ਰੀ ਹਰਗੋਬਿੰਦਪੁਰ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ, ਦੋਸ਼ੀ ਵਿਰੁੱਧ ਤੁਰੰਤ ਸਖ਼ਤ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਜਾਵੇ। ਇਸ ਸਬੰਧੀ ਸਿਹਤ ਮੰਤਰੀ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਜੇਕਰ ਜਲਦ ਕਾਰਵਾਈ ਨਾ ਹੋਈ ਤਾਂ ਇਹ ਹੜਤਾਲ ਪੂਰੇ ਪੰਜਾਬ ਵਿੱਚ ਵਧਾਈ ਜਾਵੇਗੀ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਹਸਪਤਾਲ ਵਿੱਚ ਇਲਾਜ ਲਈ ਆਏ ਮਰੀਜ਼ ਸੁਖਵਿੰਦਰ ਸਿੰਘ, ਹਰਪ੍ਰੀਤ ਕੌਰ ਅਤੇ ਜਸਬੀਰ ਸਿੰਘ ਨੇ ਦੱਸਿਆ ਕਿ ਉਹ ਸਵੇਰ ਤੋਂ ਹਸਪਤਾਲ ਵਿੱਚ ਬੈਠੇ ਹਨ, ਪਰ ਡਾਕਟਰਾਂ ਦੀ ਹੜਤਾਲ ਕਾਰਨ ਪਰਚੀਆਂ ਨਹੀਂ ਬਣ ਰਹੀਆਂ। ਡਾਕਟਰਾਂ ਦੇ ਕਮਰੇ ਖਾਲੀ ਪਏ ਹੋਣ ਕਾਰਨ ਮਰੀਜ਼ ਬਿਨਾਂ ਇਲਾਜ ਕਰਵਾਏ ਵਾਪਸ ਮੁੜਨ ਲਈ ਮਜਬੂਰ ਹਨ। ਫਿਲਹਾਲ ਪੁਲਿਸ ਵੱਲੋਂ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਪਰ ਹਸਪਤਾਲ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।
Click to Follow Babushahi Facebook page →