ਭਾਰਤੀ ਜਹਾਜ਼ਾਂ 'ਤੇ ਈਰਾਨੀ ਹਮਲੇ ਮਗਰੋਂ ਜਲ ਸੈਨਾ ਨੇ ਜਾਰੀ ਕੀਤਾ High Alert
ਨਵੀਂ ਦਿੱਲੀ, 20 ਅਪ੍ਰੈਲ, 2026
ਫਾਰਸ ਦੀ ਖਾੜੀ ਦੇ ਸ਼ਾਂਤ ਪਾਣੀਆਂ ਵਿੱਚ ਅਚਾਨਕ ਮੌਤ ਦਾ ਡਰ ਮੰਡਰਾਉਣ ਲੱਗਾ ਹੈ ਅਤੇ ਸਥਿਤੀ ਬੇਹੱਦ ਤਣਾਅਪੂਰਨ ਬਣੀ ਹੋਈ ਹੈ। ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ (IRGC) ਵੱਲੋਂ ਦੋ ਭਾਰਤੀ ਜਹਾਜ਼ਾਂ 'ਤੇ ਕੀਤੀ ਗਈ ਗੋਲੀਬਾਰੀ ਨੇ ਅੰਤਰਰਾਸ਼ਟਰੀ ਸਮੁੰਦਰੀ ਸੀਮਾਵਾਂ 'ਤੇ ਤਣਾਅ ਨੂੰ ਚਰਮ ਸੀਮਾ 'ਤੇ ਪਹੁੰਚਾ ਦਿੱਤਾ ਹੈ। 18 ਅਪ੍ਰੈਲ ਨੂੰ 'ਜਗ ਅਰਨਵ' ਅਤੇ 'ਸਨਮਾਰ ਹੇਰਾਲਡ' ਨਾਮਕ ਭਾਰਤੀ ਜਹਾਜ਼ਾਂ 'ਤੇ ਹੋਏ ਹਮਲੇ ਨੇ ਭਾਰਤ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹੁਣ ਭਾਰਤੀ ਜਲ ਸੈਨਾ ਨੇ ਪੂਰੀ ਤਰ੍ਹਾਂ 'High Alert' ਮੋਡ 'ਤੇ ਆਉਂਦਿਆਂ ਆਪਣੇ ਵਪਾਰੀ ਜਹਾਜ਼ਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਜੰਗੀ ਪੱਧਰ 'ਤੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਇਹ ਇਲਾਕਾ ਹੁਣ ਕਿਸੇ ਖ਼ਤਰਨਾਕ ਮਾਈਨਫੀਲਡ ਤੋਂ ਘੱਟ ਨਹੀਂ ਰਿਹਾ ਹੈ। ਖਾਸ ਤੌਰ 'ਤੇ ਲਾਰਕ ਟਾਪੂ ਦੇ ਆਲੇ-ਦੁਆਲੇ ਦਾ ਇਲਾਕਾ, ਜਿੱਥੇ ਈਰਾਨ ਦੇ ਫੌਜੀ ਅੱਡੇ ਮੌਜੂਦ ਹਨ, ਉੱਥੇ ਛੋਟੀਆਂ ਤੇਜ਼ ਰਫ਼ਤਾਰ ਕਿਸ਼ਤੀਆਂ ਰਾਹੀਂ ਹਮਲਿਆਂ ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ। ਇਹ ਟਾਪੂ ਈਰਾਨ ਦੇ ਮੁੱਖ ਤੇਲ ਬੁਨਿਆਦੀ ਢਾਂਚੇ (Oil infrastructure) ਦਾ ਕੇਂਦਰ ਹੈ ਅਤੇ ਇੱਥੇ ਜਾਣ ਦਾ ਮਤਲਬ ਹੈ ਸਿੱਧਾ ਖ਼ਤਰੇ ਦੇ ਮੂੰਹ ਵਿੱਚ ਜਾਣਾ। ਇਸੇ ਲਈ ਜਲ ਸੈਨਾ ਨੇ ਸਪੱਸ਼ਟ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਕਿਸੇ ਵੀ ਭਾਰਤੀ ਜਹਾਜ਼ ਨੂੰ ਲਾਰਕ ਟਾਪੂ ਦੇ ਨੇੜੇ ਨਹੀਂ ਜਾਣਾ ਚਾਹੀਦਾ, ਕਿਉਂਕਿ ਇੱਥੇ ਹਰ ਪਲ ਇੱਕ ਨਵੀਂ ਅਣਸੁਖਾਵੀਂ ਘਟਨਾ ਦਾ ਖਤਰਾ ਮੰਡਰਾ ਰਿਹਾ ਹੈ।
ਭਾਰਤੀ ਜਲ ਸੈਨਾ ਨੇ ਸਮੁੰਦਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੱਤ ਜੰਗੀ ਜਹਾਜ਼ਾਂ ਨੂੰ ਤਾਇਨਾਤ ਕੀਤਾ ਹੈ। ਹੁਣ ਕੋਈ ਵੀ ਭਾਰਤੀ ਜਹਾਜ਼ ਬਿਨਾਂ ਨੇਵੀ ਦੀ 'ਹਰੀ ਝੰਡੀ' ਦੇ ਅੱਗੇ ਨਹੀਂ ਵਧ ਸਕਦਾ। 'ਦੇਸ਼ ਗਰਿਮਾ' ਵਰਗੇ ਟੈਂਕਰਾਂ ਨੂੰ ਖੁਦ ਜਲ ਸੈਨਾ ਸੁਰੱਖਿਆ ਦੇ ਰਹੀ ਹੈ, ਜੋ ਕਿ ਇੱਕ ਵੱਡੀ ਸੁਰੱਖਿਆ ਰਣਨੀਤੀ ਦਾ ਹਿੱਸਾ ਹੈ। ਭਾਰਤ ਸਰਕਾਰ ਲਗਾਤਾਰ ਈਰਾਨ ਅਤੇ ਹੋਰ ਸਬੰਧਿਤ ਦੇਸ਼ਾਂ ਨਾਲ ਡਿਪਲੋਮੈਟਿਕ ਸੰਪਰਕ ਵਿੱਚ ਹੈ ਤਾਂ ਜੋ ਇਸ ਸੰਕਟ ਨੂੰ ਜਲਦ ਤੋਂ ਜਲਦ ਟਾਲਿਆ ਜਾ ਸਕੇ ਅਤੇ ਜਹਾਜ਼ਾਂ ਨੂੰ ਸੁਰੱਖਿਅਤ ਰਸਤਾ ਮੁਹੱਈਆ ਕਰਵਾਇਆ ਜਾ ਸਕੇ।
ਫਿਲਹਾਲ ਫਾਰਸ ਦੀ ਖਾੜੀ ਵਿੱਚ 14 ਭਾਰਤੀ ਜਹਾਜ਼ ਫਸੇ ਹੋਏ ਹਨ ਜੋ ਹੋਰਮੁਜ਼ ਜਲਡਮਰੂ ਨੂੰ ਪਾਰ ਕਰਨ ਦਾ ਇੰਤਜ਼ਾਰ ਕਰ ਰਹੇ ਹਨ। ਇਨ੍ਹਾਂ ਜਹਾਜ਼ਾਂ ਦੇ ਕੈਪਟਨਾਂ ਨੂੰ ਸਖ਼ਤ ਹਦਾਇਤ ਦਿੱਤੀ ਗਈ ਹੈ ਕਿ ਉਹ ਆਪਣੀ ਮੌਜੂਦਾ ਸਥਿਤੀ 'ਤੇ ਬਣੇ ਰਹਿਣ ਅਤੇ ਜਲ ਸੈਨਾ ਦੇ ਅਗਲੇ ਆਦੇਸ਼ਾਂ ਦੀ ਉਡੀਕ ਕਰਨ। ਹਾਲਾਂਕਿ 10 ਜਹਾਜ਼ ਸੁਰੱਖਿਅਤ ਨਿਕਲਣ ਵਿੱਚ ਕਾਮਯਾਬ ਰਹੇ ਹਨ, ਪਰ ਬਾਕੀਆਂ ਦੀ ਸੁਰੱਖਿਆ ਲਈ ਭਾਰਤ ਦਾ 'Mission' ਜਾਰੀ ਹੈ। ਸਮੁੰਦਰ ਵਿੱਚ ਵਧਦੇ ਇਸ ਤਣਾਅ ਨੇ ਨਾ ਸਿਰਫ ਵਪਾਰ ਸਗੋਂ ਚਾਲਕ ਦਲ ਦੇ ਮੈਂਬਰਾਂ ਦੀਆਂ ਜਾਨਾਂ ਦੇ ਜੋਖਮ ਨੂੰ ਵੀ ਸਾਹਮਣੇ ਲਿਆ ਖੜ੍ਹਾ ਕੀਤਾ ਹੈ।
Click to Follow Babushahi Facebook page →