ਯਮੁਨਾ ਨਦੀ 'ਚ ਪੋਂਟੂਨ ਪੁਲ ਨਾਲ ਟਕਰਾ ਕੇ ਸਟੀਮਰ ਪਲਟਿਆ; 9 ਸ਼ਰਧਾਲੂਆਂ ਦੀ ਮੌਤ ਦੀ ਖ਼ਬਰ
ਮਥੁਰਾ: 10 ਅਪ੍ਰੈਲ, 2026 : ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਸ਼ੁੱਕਰਵਾਰ ਸ਼ਾਮ ਨੂੰ ਵ੍ਰਿੰਦਾਵਨ ਵਿੱਚ ਯਮੁਨਾ ਨਦੀ ਦੇ ਦਰਸ਼ਨ ਕਰ ਰਹੇ ਸ਼ਰਧਾਲੂਆਂ ਨਾਲ ਭਰਿਆ ਇੱਕ ਸਟੀਮਰ ਹਾਦਸੇ ਦਾ ਸ਼ਿਕਾਰ ਹੋ ਗਿਆ। ਜਾਣਕਾਰੀ ਅਨੁਸਾਰ, ਸਟੀਮਰ ਇੱਕ ਪੋਂਟੂਨ ਪੁਲ (Pontoon Bridge) ਨਾਲ ਟਕਰਾਉਣ ਤੋਂ ਬਾਅਦ ਨਦੀ ਵਿੱਚ ਪਲਟ ਗਿਆ। ਇਸ ਹਾਦਸੇ ਵੇਲੇ ਸਟੀਮਰ ਵਿੱਚ ਕਰੀਬ 30 ਲੋਕ ਸਵਾਰ ਸਨ।
ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਅਨੁਸਾਰ, ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸ਼ਰਧਾਲੂ ਸਟੀਮਰ ਰਾਹੀਂ ਯਮੁਨਾ ਨਦੀ ਦੀ ਸੈਰ ਕਰ ਰਹੇ ਸਨ। ਜਿਵੇਂ ਹੀ ਸਟੀਮਰ 'ਸੀ ਘਾਟ' (KC Ghat) ਦੇ ਨਜ਼ਦੀਕ ਪਹੁੰਚਿਆ, ਇਹ ਸੰਤੁਲਨ ਵਿਗੜਨ ਕਾਰਨ ਪੋਂਟੂਨ ਪੁਲ ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਸਟੀਮਰ ਪਲ ਪਲਟ ਗਿਆ ਅਤੇ ਸਾਰੇ ਸਵਾਰ ਸ਼ਰਧਾਲੂ ਨਦੀ ਦੇ ਤੇਜ਼ ਵਹਾਅ ਵਿੱਚ ਡਿੱਗ ਗਏ।
ਬਚਾਅ ਕਾਰਜ (Rescue Operation)
ਹਾਦਸੇ ਤੋਂ ਤੁਰੰਤ ਬਾਅਦ ਇਲਾਕੇ ਵਿੱਚ ਚੀਕ-ਚਿਹਾੜਾ ਮਚ ਗਿਆ, ਜਿਸ ਨੂੰ ਸੁਣ ਕੇ ਨੇੜੇ-ਤੇੜੇ ਦੇ ਲੋਕ ਮਦਦ ਲਈ ਪਹੁੰਚੇ। ਸੂਚਨਾ ਮਿਲਦੇ ਹੀ ਪੁਲਿਸ ਅਤੇ ਗੋਤਾਖੋਰਾਂ (Divers) ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਹੁਣ ਤੱਕ ਦੀਆਂ ਰਿਪੋਰਟਾਂ ਅਨੁਸਾਰ, ਨਦੀ ਵਿੱਚੋਂ 9 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਬਾਕੀ ਲੋਕਾਂ ਦੀ ਭਾਲ ਲਈ ਸਰਚ ਆਪਰੇਸ਼ਨ ਲਗਾਤਾਰ ਜਾਰੀ ਹੈ।
ਪ੍ਰਸ਼ਾਸਨ ਦੀ ਕਾਰਵਾਈ
ਹਾਲਾਂਕਿ ਹਾਲੇ ਤੱਕ ਪ੍ਰਸ਼ਾਸਨ ਨੇ ਮੌਤਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ, ਪਰ ਮੌਕੇ 'ਤੇ ਮੌਜੂਦ ਸਥਾਨਕ ਲੋਕਾਂ ਅਤੇ ਪੁਲਿਸ ਸੂਤਰਾਂ ਅਨੁਸਾਰ ਸਥਿਤੀ ਕਾਫ਼ੀ ਗੰਭੀਰ ਬਣੀ ਹੋਈ ਹੈ। ਡੁੱਬੇ ਹੋਏ ਲੋਕਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
Click to Follow Babushahi Facebook page →