ਬੀਬੀ ਜਗੀਰ ਕੌਰ ਅਕਾਲੀ ਦਲ ਪੁਨਰ ਸੁਰਜੀਤ ਦੇ ਇਸਤਰੀ ਵਿੰਗ ਦੀ ਪ੍ਰਧਾਨ ਨਿਯੁਕਤ
Chandigarh, 9 April 2026- 2 ਦਸੰਬਰ 2024 ਦੇ ਹੁਕਮਨਾਮਿਆਂ ਦੀ ਰੌਸ਼ਨੀ ਵਿੱਚ ਪੁਨਰ ਸੁਰਜੀਤ ਹੋਏ ਅਕਾਲੀ ਦਲ ਨੂੰ ਹੋਰ ਮਜਬੂਤੀ ਦੇਣ ਵਾਸਤੇ ਪਾਰਟੀ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਸੀਨੀਅਰ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਬੀਬੀ ਜਗੀਰ ਕੌਰ ਨੂੰ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਨਿਯੁਕਤ ਕੀਤਾ ਹੈ। ਵਡਾਲਾ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਪੰਥਕ ਪਾਰਟੀ ਆਪਣੇ ਪੁਰਾਣੇ ਕਾਡਰ ਵਿੱਚ ਹਰਮਨ ਪਿਆਰਤਾ ਹਾਸਲ ਕਰ ਰਹੀ ਹੈ। ਅਜਿਹੇ ਸਮੇਂ ਅਕਾਲੀ ਦਲ ਵਿੱਚ ਔਰਤਾਂ ਦੀ ਭੂਮਿਕਾ ਨੂੰ ਮੁੱਖ ਰੱਖਦਿਆਂ ਇਹ ਮਹੱਤਵਪੂਰਨ ਨਿਯੁਕਤੀ ਕੀਤੀ ਗਈ ਹੈ। ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਨ ਜੋ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ। ਉਹਨਾਂ ਨੇ ਆਪਣੇ ਪ੍ਰਧਾਨਗੀ ਕਾਲ ਵਿੱਚ ਖਾਲਸਾ ਪੰਥ ਦੀ ਤੀਜੀ ਸ਼ਤਾਬਦੀ ਨੂੰ ਵਿਸ਼ਵ ਪੱਧਰ ਤੇ ਮਨਾਉਣ ਵਿੱਚ ਵੱਡਾ ਰੋਲ ਨਿਭਾਇਆ ਸੀ। ਪੰਜਾਬ ਦੀ ਅਕਾਲੀ ਸਰਕਾਰ ਵਿੱਚ ਉਹਨਾਂ ਨੇ ਆਵਾਜਾਈ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰਾਲੇ ਦੀ ਅਗਵਾਈ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਨੂੰ ਸੰਭਾਲਣ ਦਾ ਵੀ ਉਹਨਾਂ ਦਾ ਲੰਬਾ ਤਜਰਬਾ ਹੈ। ਸ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਉਹਨਾਂ ਦੀ ਇਸ ਨਿਯੁਕਤੀ ਨਾਲ ਸ਼੍ਰੋਮਣੀ ਅਕਾਲੀ ਦਲ ਪੁਨਰ-ਸਰਜੀਤ ਨੂੰ ਸੱਥਾਂ ਤੋਂ ਘਰਾਂ ਦੇ ਵਿਹੜਿਆਂ ਤੱਕ ਪਹੁੰਚਾਉਣ ਵਿੱਚ ਭਰਪੂਰ ਮਦਦ ਮਿਲੇਗੀ। ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨਾਲ ਪੁਨਰ ਸੁਰਜੀਤ ਹੋਇਆ ਅਕਾਲੀ ਦਲ ਇਸ ਤਰਾਂ ਮਾਈ-ਭਾਈ ਦੇ ਸਹਿਯੋਗ ਨਾਲ ਆਪਣੇ ਪੁਰਾਣੇ ਪੰਥਕ ਸਰੂਪ ਨੂੰ ਹਾਸਲ ਕਰ ਸਕੇਗਾ। ਮੀਡੀਆ ਨੂੰ ਇਹ ਬਿਆਨ ਦਫਤਰ ਸਕੱਤਰ ਸ ਜਗਜੀਤ ਸਿੰਘ ਕੋਹਲੀ ਨੇ ਜਾਰੀ ਕੀਤਾ।
Click to Follow Babushahi Facebook page →