Babushahi Sprcial ਦਵਿੰਦਰ ਖੁਦਕਸ਼ੀ: ਮਿੱਤਲ ਫਰਾਰ-ਪੁਲਿਸ ਲਾਚਾਰ- ਅਭਾਗੀ ਮਾਂ ਦੀਆਂ ਆਂਦਰਾਂ ਨੂੰ ਨਾਂ ਪਈ ਠੰਢ
ਅਸ਼ੋਕ ਵਰਮਾ
ਬਠਿੰਡਾ , 5 ਅਪ੍ਰੈਲ 2026 : ਬਠਿੰਡਾ ਦੀ ਗਣਪਤੀ ਐਨਕਲੇਵ ਕਲੋਨੀ ਵਿੱਚ ਰਹਿਣ ਵਾਲੇ ਮਰਹੂਮ ਕਾਂਗਰਸੀ ਆਗੂ ਸੁਖਰਾਜ ਸਿੰਘ ਨੱਤ ਦੇ ਇਕਲੌਤੇ ਪੁੱਤਰ ਅਤੇ ਪੇਸ਼ੇ ਤੋਂ ਵਕੀਲ ਦਵਿੰਦਰਪਾਲ ਨੱਤ ਦੀ ਖੁਦਕਸ਼ੀ ਮਾਮਲੇ ’ਚ ਪੁਲਿਸ, ਚੰਡੀਗੜ੍ਹ ਦੇ ਕਾਲੋਨਾਈਜ਼ਰ ਬਿੰਦਰਪਾਲ ਮਿੱਤਲ , ਉਸ ਦੇ ਪੁੱਤਰ ਭਰਤ ਮਿੱਤਲ ਅਤੇ ਪ੍ਰਤੀਕ ਮਿੱਤਲ ਨੂੰ ਹਫਤੇ ਬਾਅਦ ਵੀ ਗ੍ਰਿਫਤਾਰ ਕਰਨ ’ਚ ਅਸਫਲ ਰਹੀ ਹੈ। ਪੁਲਿਸ ਟੀਮਾਂ ਵੱਲੋਂ ਮਿੱਤਲ ਤਿੱਕੜੀ ਨੂੰ ਦਬੋਚਣ ਲਈ ਲਗਾਤਾਰ ਛਾਪੇ ਮਾਰਨ ਦੀ ਗੱਲ ਸਾਹਮਣੇ ਆ ਰਹੀ ਹੈ ਫਿਰ ਵੀ ਉਨ੍ਹਾਂ ਦੀ ਉੱਘ ਸੁੱਘ ਨਹੀਂ ਨਿਕਲ ਸਕੀ ਹੈ। ਪੁਲਿਸ ਅਧਿਕਾਰੀ ਵੀ ਦੰਗ ਰਹਿ ਗਏ ਹਨ ਕਿ ਮੁਲਜਮਾਂ ਨੂੰ ਧਰਤੀ ਨਿਗਲ ਗਈ ਹੈ ਜਾਂ ਫਿਰ ਅਸਮਾਨ ਖਾ ਗਿਆ ਕਿ ਉਹ ਪੁਲਿਸ ਦੇ ਹੱਥ ਨਹੀਂ ਲੱਗ ਰਹੇ ਹਨ। ਪੁਲਿਸ ਨੂੰ ਮੁਲਜਮਾਂ ਦੀ ਆਖਰੀ ਲੋਕੇਸ਼ਨ ਦਿੱਲੀ ਐਨਸੀਆਰ ’ਚ ਮਿਲੀ ਸੀ ਜਿਸ ਦੇ ਅਧਾਰ ’ਤੇ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ।
ਐਨੇ ਯਤਨਾਂ ਦੇ ਬਾਵਜੂਦ ਮੁਲਜਮਾਂ ਦੀ ਗ੍ਰਿਫਤਾਰੀ ਨਾਂ ਹੋਣ ਕਾਰਨ ਦਵਿੰਦਰ ਪਾਲ ਆਤਮਹੱਤਿਆ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੈ। ਖਾਸ ਤੌਰ ’ਤੇ ਜਦੋਂ ਤੋਂ ਪ੍ਰੀਵਾਰ ਨੇ ਮੁਲਜਮਾਂ ਦੀ ਗ੍ਰਿਫਤਾਰੀ ਤੱਕ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕੀਤਾ ਹੈ ਤਾਂ ਮਾਮਲਾ ਹੋਰ ਵੀ ਸੰਵੇਦਨਸ਼ੀਲ ਬਣ ਗਿਆ ਹੈ। ਵੱਡੀ ਗੱਲ ਇਹ ਹੈ ਕਿ ਬਾਰ ਐਸੋਸੀਏਸ਼ਨ ਬਠਿੰਡਾ ਵੀ ਨੱਤ ਪ੍ਰੀਵਾਰ ਦੇ ਹੱਕ ਵਿੱਚ ਆਣ ਖਲੋਤੀ ਹੈ ਜਿਸ ਨੇ ਅਦਾਲਤ ਵਿੱਚ ਮੁਲਜਮਾਂ ਦਾ ਕੇਸ ਨਾਂ ਲੜਨ ਦਾ ਐਲਾਨ ਕਰ ਦਿੱਤਾ ਹੈ। ਵਧਦੇ ਦਬਾਅ ਵਿਚਕਾਰ ਪੁਲਿਸ ਨੇ ਮ੍ਰਿਤਕ ਦੀ ਮਾਂ ਪਰਮਿੰਦਰ ਕੌਰ ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ ਕਰਕੇ ਖੁਦਕਸ਼ੀ ਨੋਟ ਅਤੇ ਸੋਸ਼ਲ ਮੀਡੀਆ ਵੀਡੀਓ ਨੂੰ ਜਾਂਚ ਦਾ ਅਹਿਮ ਸਬੂਤ ਬਨਾਉਣਾ ਪਿਆ ਹੈ। ਪੁਲਿਸ ਨੇ ਮੁਲਜਮਾਂ ਖਿਲਾਫ ਆਰਥਿਕ ਤੌਰ ’ਤੇ ਸ਼ਿਕੰਜਾ ਕਸਣ ਲਈ ਉਨ੍ਹਾਂ ਦੇ ਸਮੂਹ ਬੈਂਕ ਖਾਤੇ ਫਰੀਜ਼ ਕਰ ਦਿੱਤੇ ਹਨ ਅਤੇ ਹੋਰਨਾਂ ਸੂਬਿਆਂ ਦੀ ਸਹਾਇਤਾ ਵੀ ਲਈ ਜਾ ਰਹੀ ਹੈ।
ਮਿੱਤਲ ਪਿਉ ਪੁੱਤਰਾਂ ਦੀ ਗ੍ਰਿਫਤਾਰੀ ਲਈ ਬਣੀਆਂ ਟੀਮਾਂ ਉਨ੍ਹਾਂ ਦੀਆਂ ਸੰਭਾਵੀ ਛੁਪਣਗਾਹਾਂ ’ਤੇ ਦਸਤਕ ਦੇ ਰਹੀਆਂ ਹਨ ਜਿੰਨ੍ਹਾਂ ਦੀ ਨਿਗਰਾਨੀ ਐਸਐਸਪੀ ਬਠਿੰਡਾ ਜਯੋਤੀ ਯਾਦਵ ਵੱਲੋਂ ਕੀਤੀ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਪੁਲਿਸ ਨੇ ਬਿੰਦਰਪਾਲ ਮਿੱਤਲ ਅਤੇ ਉਸ ਦੇ ਪੁੱਤਰਾਂ ਦੀ ਤਲਾਸ਼ ’ਚ ਦਿਨ ਰਾਤ ਇੱਕ ਰੱਖਿਆ ਹੈ ਪਰ ਉਹ ਹਾਲੇ ਤੱਕ ਕਾਬੂ ਨਹੀਂ ਕੀਤੇ ਜਾ ਸਕੇ ਹਨ। ਚੁੰਝ ਚਰਚਾ ਹੈ ਕਿ ਕਿਤੇ ਬਿੰਦਰਪਾਲ ਮਿੱਤਲ ਅਦਾਲਤ ਤੋਂ ਅਗਾਊਂ ਜਮਾਨਤ ਕਰਵਾਉਣ ਦੇ ਯਤਨਾਂ ’ਚ ਤਾਂ ਨਹੀਂ ਹੈ। ਜਿੰਨੇ ਮੂੰਹ ਓਨੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਕੋਈ ਆਖਦਾ ਹੈ ਕਿ ਪੁਲਿਸ ਮੁਲਜਮਾਂ ਨੂੰ ਅਗਾਊਂ ਜਮਾਨਤ ਕਰਵਾਉਣ ਲਈ ਸਮਾਂ ਦੇ ਰਹੀ ਹੈ ਜਦੋਂਕਿ ਕਈ ਇਨ੍ਹਾਂ ਗੱਲਾਂ ਨੂੰ ਬੇਬੁਨਿਆਦ ਦੱਸ ਰਹੇ ਹਨ। ਮੁਲਜਮਾਂ ਦੀ ਗ੍ਰਿਫਤਾਰੀ ਨਾਂ ਹੋਣ ਕਾਰਨ ਇਕਲੌਤੇ ਪੁੱਤਰ ਦੀ ਮੌਤ ਦਾ ਦਰਦ ਹੰਢਾ ਰਹੀ ਮਾਂ ਪਰਮਿੰਦਰ ਕੌਰ ਦੇ ਕਲੇਜੇ ਰਤਾ ਵੀ ਠੰਢ ਨਹੀਂ ਪੈ ਸਕੀ ਹੈ।
ਇਹ ਅਭਾਗੀ ਮਾਂ ਤਾਂ ਆਪਣੇ ਪੁੱਤ ਦਾ ਆਖਰੀ ਵਾਰ ਮੂੰਹ ਵੇਖਣ ਤੋਂ ਵੀ ਤਰਸ ਰਹੀ ਹੈ । ਦੁਖਿਆਰੀ ਮਾਂ ਦਾ ਕਹਿਣਾ ਸੀ ਕਿ ਜਿਸ ਦੀਆਂ ਅੱਖਾਂ ਦਾ ਨੂਰ ਗੁਆਚ ਗਿਆ ਹੋਵੇ ਤਾਂ ਉਸ ਨੂੰ ਕਿਸ ਤਰਾਂ ਸਬਰ ਆ ਸਕਦਾ ਹੈ । ਦਵਿੰਦਰਪਾਲ ਦੀ ਮ੍ਰਿਤਕ ਦੇਹ ਸਿਵਲ ਹਸਪਤਾਲ ਦੇ ਮੁਰਦਾਘਰ ਦੇ ’ਚ ਰੱਖੀ ਹੋਈ ਹੈ। ਪ੍ਰੀਵਾਰ ਨੇ ਐਲਾਨ ਕੀਤਾ ਹੈ ਜਦੋਂ ਤੱਕ ਮੁਲਜਮ ਗ੍ਰਿਫਤਾਰ ਨਹੀਂ ਕੀਤੇ ਜਾਂਦੇ ਉਦੋਂ ਤੱਕ ਦਵਿੰਦਰਪਾਲ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਏਗਾ। ਜਦੋਂ 6 ਸਾਲ ਪਹਿਲਾਂ ਪਰਮਿੰਦਰ ਕੌਰ ਦੇ ਪਤੀ ਸੁਖਰਾਜ ਸਿੰਘ ਦੀ ਮੌਤ ਹੋਈ ਤਾਂ ਉਸ ਨੇ ਭਾਣਾ ਮੰਨ ਲਿਆ ਸੀ। ਹੁਣ ਪੁੱਤਰ ਡਾਢਿਆਂ ਹੱਥੋਂ ਕਥਿਤ ਤੌਰ ’ਤੇ ਕਤਲ ਹੋਇਆ ਹੈ ਤਾਂ ਉਸ ਨੂੰ ਇਹ ਕੌੜਾ ਘੁੱਟ ਭਰਨਾ ਔਖਾ ਜਾਪ ਰਿਹਾ ਹੈ। ਦਵਿੰਦਰਪਾਲ ਨੇ 30 ਮਾਰਚ ਦੀ ਸ਼ਾਮ ਨੂੰ ਆਪਣੇ ਲਾਈਸੰਸੀ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰਕੇ ਖੁਦਕਸ਼ੀ ਕਰ ਲਈ ਸੀ।
ਇਸ ਤੋਂ ਪਹਿਲਾਂ ਰਿਕਾਰਡ ਕੀਤੀ ਤਕਰੀਬਨ 9 ਮਿੰਟ ਦੀ ਵੀਡੀਓ ਅਤੇ ਖੁਦਕਸ਼ੀ ਨੋਟ ’ਚ ਦਵਿੰਦਰਪਾਲ ਨੇ ਬਿੰਦਰਪਾਲ ਮਿੱਤਲ ਅਤੇ ਉਸ ਦੇ ਪੁੱਤਰਾਂ ’ਤੇ ਪੰਜ ਕਰੋੜ ਰਪਏ ਤੋਂ ਵੱਧ ਠੱਗੀ ਦੇ ਦੋਸ਼ ਲਾਉਂਦਿਆਂ ਉਨ੍ਹਾਂ ਨੂੰ ਆਪਣੀ ਮੌਤ ਦਾ ਜਿੰਮੇਵਾਰ ਠਹਿਰਾਇਆ ਸੀ। ਥਾਣਾ ਕੈਨਾਲ ਕਲੋਨੀ ਪੁਲਿਸ ਨੇ ਇਸ ਸਬੰਧੀ ਮ੍ਰਿਤਕ ਦੀ ਮਾਂ ਪਰਮਿੰਦਰ ਕੌਰ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ’ਤੇ ਬਿਲਡਰ ਬਿੰਦਰਪਾਲ ਮਿੱਤਲ ਅਤੇ ਉਨ੍ਹਾਂ ਦੇ ਦੋ ਪੁੱਤਰਾਂ ਭਰਤ ਮਿੱਤਲ ਤੇ ਪ੍ਰਤੀਕ ਮਿੱਤਲ ਖਿਲਾਫ ਖੁਦਕਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਸੀ। ਮੁਲਜਮਾਂ ਦੇ ਵਿਦੇਸ਼ ਫਰਾਰ ਹੋਣ ਦੀ ਆਸ਼ੰਕਾ ਨੂੰ ਦੇਖਦਿਆਂ ਬਠਿੰਡਾ ਪੁਲਿਸ ਨੇ ਫੌਰੀ ਤੌਰ ’ਤੇ ਲੁੱਕ ਆਊਟ ਸਰਕੁਲਰ ਨੋਟਿਸ ਜਾਰੀ ਕਰ ਦਿੱਤਾ ਸੀ। ਪਰਮਿੰਦਰ ਕੌਰ ਮੁਤਾਬਕ ਉਸ ਦੇ ਲੜਕੇ ਵੱਲੋਂ ਮੁਲਜਮਾਂ ਕੋਲ ਕੀਤੇ 5 ਕਰੋੜ ਦੇ ਨਿਵੇਸ਼ ਅਤੇ ਦੋਸਤਾਂ ਤੋਂ ਕਰਵਾਏ 7 ਕਰੋੜ ਦੇ ਨਿਵੇਸ਼ ਸਮੇਤ 12 ਕਰੋੜ ਦੀ ਠੱਗੀ ਵੱਜੀ ਹੈ।
ਛਾਪੇਮਾਰੀ ਜਾਰੀ: ਡੀਐਸਪੀ ਸਿਟੀ
ਡੀਐਸਪੀ ਸਿਟੀ ਵਨ ਅੰਮ੍ਰਿਤਪਾਲ ਸਿੰਘ ਭਾਟੀ ਦਾ ਕਹਿਣਾ ਸੀ ਕਿ ਪੁਲਿਸ ਪੂਰੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਅਤੇ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਲਗਾਤਾਰ ਛਾਪੇ ਮਾਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਦੂਸਰੇ ਸੂਬਿਆਂ ਦੀਆਂ ਸੁਰੱਖਿਆ ੲਜੰਸੀਆਂ ਦੇ ਸੰਪਰਕ ’ਚ ਹੈ ਅਤੇ ਮੁਲਜਮਾਂ ਦੀ ਜਲਦੀ ਗ੍ਰਿਫਤਾਰੀ ਦੀ ਉਮੀਦ ਹੈ।
Click to Follow Babushahi Facebook page →