ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕਰਵਾਇਆ ਗਿਆ ਦਰਬਾਰ-ਏ-ਦਾਸਤਾਂ ਸਮਾਗਮ, ਕਵੀਆਂ ਅਤੇ ਲੇਖਕਾਂ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਸਾਹਿਤ ਪ੍ਰੇਮੀਆਂ ਨੂੰ ਕੀਤਾ ਮੰਤਰ ਮੁਗਧ
ਚੰਡੀਗੜ੍ਹ ਯੂਨੀਵਰਸਿਟੀ ਵਿਖੇ 'ਅਲਫ਼ਾਜ਼ਾਂ ਵਿੱਚ ਅਹਿਸਾਸਾਂ ਦੀ ਰਵਾਇਤ' ਵਿਸ਼ੇ 'ਤੇ ਕਰਵਾਏ ਗਏ 'ਦਰਬਾਰ-ਏ-ਦਾਸਤਾਂ' ਸਮਾਗਮ ਵਿੱਚ 3 ਲੇਖਕਾਂ ਦੀਆਂ 5 ਪੁਸਤਕਾਂ ਨੂੰ ਕੀਤਾ ਗਿਆ ਰਿਲੀਜ਼
ਮਿੰਨੀ ਕਹਾਣੀਆਂ 'ਗਾਗਰ ਵਿੱਚ ਸਾਗਰ' ਭਰਨ ਦਾ ਕਰਦੀਆਂ ਹਨ ਕਾਰਜ, ਵਿਦਿਆਰਥੀਆਂ ਨੂੰ ਸਮਾਜ ਨੂੰ ਚੰਗਾ ਸੁਨੇਹਾ ਦੇਣ ਵਾਲੀਆਂ ਕਵਿਤਾਵਾਂ ਅਤੇ ਕਹਾਣੀਆਂ ਲਿਖਣ ਲਈ ਕੀਤਾ ਜਾਵੇ ਪ੍ਰੇਰਿਤ: ਓਂਟਾਰੀਓ ਫ਼੍ਰੈਂਡਜ਼ ਕਲੱਬ ਦੇ ਚੇਅਰਮੈਨ ਡਾ. ਰਵਿੰਦਰ ਸਿੰਘ ਕੰਗ
ਮਨੁੱਖ ਕੋਲ ਜਿਨ੍ਹਾਂ ਜ਼ਿਆਦਾ ਗਿਆਨ ਹੋਵੇਗਾ, ਉਹ ਉਨ੍ਹਾਂ ਹੀ ਨਿਮਾਣਾ ਹੋਵੇਗਾ: ਓਂਟਾਰੀਓ ਫ਼੍ਰੈਂਡਜ਼ ਕਲੱਬ ਬ੍ਰਿਟੀਸ਼ ਕੋਲੰਬੀਆ (ਕੈਨੇਡਾ) ਦੇ ਪ੍ਰਧਾਨ ਡਾ. ਸਿਕੰਦਰ ਸਿੰਘ
ਚੰਡੀਗੜ੍ਹ ਯੂਨੀਵਰਸਿਟੀ ਵਿਖੇ 'ਗੁਰੂ ਨਾਨਕ ਚੇਅਰ ਫ਼ਾਰ ਸਟੱਡੀਜ਼ ਇਨ ਯੂਨੀਵਰਸਲ ਐਡਵਾਂਸਮੈਂਟ' ਵੱਲੋਂ 'ਓਂਟਾਰੀਓ ਫ਼੍ਰੈਂਡਜ਼ ਕਲੱਬ' ਦੇ ਸਹਿਯੋਗ ਨਾਲ 'ਦਰਬਾਰ-ਏ-ਦਾਸਤਾਂ' ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਵਿਸ਼ਾ 'ਅਲਫ਼ਾਜ਼ਾਂ ਵਿੱਚ ਅਹਿਸਾਸਾਂ ਦੀ ਰਵਾਇਤ' ਸੀ, ਜਦਕਿ ਸਮਾਗਮ ਦਾ ਮੁੱਖ ਉਦੇਸ਼ ਸ਼ਬਦਾਂ ਰਾਹੀਂ ਮਨੁੱਖੀ ਸੰਵੇਦਨਾਵਾਂ ਅਤੇ ਸੱਭਿਆਚਾਰਕ ਵਿਰਾਸਤ ਨੂੰ ਸਾਂਭਣਾ ਸੀ। ਇਸ ਵਿੱਚ ਦੇਸ਼ ਭਰ ਦੇ ਨਾਮਵਰ ਕਵੀਆਂ, ਲੇਖਕਾਂ ਅਤੇ ਕਿੱਸਾਗੋਆਂ (ਕਹਾਣੀਕਾਰ) ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਅਤੇ ਕਹਾਣੀਆਂ ਰਾਹੀਂ ਸਾਹਿਤ ਪ੍ਰੇਮੀਆਂ ਨੂੰ ਕੀਲ ਲਿਆ। ਬੁਲਾਰਿਆਂ ਨੇ ਸਮਕਾਲੀ ਸਾਹਿਤ ਦੀ ਸਾਰਥਕਤਾ ਅਤੇ ਨਵੀਂ ਪੀੜ੍ਹੀ ਨੂੰ ਆਪਣੀਆਂ ਜੜਾਂ ਨਾਲ ਜੋੜਨ ਦੀ ਅਹਿਮੀਅਤ 'ਤੇ ਵੀ ਵਿਸ਼ੇਸ਼ ਚਾਨਣਾ ਪਾਇਆ।
ਸਮਾਗਮ ਦੌਰਾਨ 'ਓਂਟਾਰੀਓ ਫ਼ੈ੍ਰਂਡਜ਼ ਕਲੱਬ', ਬ੍ਰਿਟੀਸ਼ ਕੋਲੰਬੀਆ (ਕੈਨੇਡਾ) ਦੇ ਪ੍ਰਧਾਨ ਸਿਕੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਇੰਟਰਨੈਸ਼ਨਲ ਪੀਸ ਹੈਰੀਟੇਜ ਐਨਵਾਇਰਨਮੈਂਟ ਐਂਡ ਵੈਲਫ਼ੇਅਰ ਆਰਗਨਾਈਜ਼ੇਸ਼ਨ (ਆਈਪੀਐਚਈਡਬਲਿਊਓ) ਅਤੇ ਓਂਟਾਰੀਓ ਫ਼੍ਰੈਂਡਜ਼ ਕਲੱਬ ਦੇ ਚੇਅਰਮੈਨ ਡਾ. ਰਵਿੰਦਰ ਸਿੰਘ ਕੰਗ, ਸੰਸਥਾ ਦੀ ਪੈਟਰਨ ਡਾ. ਕਵਲਦੀਪ ਕੌਰ, ਇੰਟਰਨੈਸ਼ਨਲ ਡਿਵਾਈਨ ਕਾਲਜ ਆਫ਼ ਐਜੂਕੇਸ਼ਨ ਰਤਵਾੜਾ ਸਾਹਿਬ ਦੀ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰਮ ਪ੍ਰਸਿੱਧ ਲੇਖਿਕਾ ਡਾ. ਸਤਿੰਦਰਜੀਤ ਕੌਰ ਬੁੱਟਰ, ਲੇਖਿਕਾ ਜਸ਼ਨਦੀਪ ਕੌਰ ਸੰਧੂ, ਜਗਜੀਤ ਸਿੰਘ ਧਾਲੀਵਾਲ, ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ. ਵਾਈਸ ਚਾਂਸਲਰ ਦਵਿੰਦਰ ਸਿੰਘ ਸਿੱਧੂ ਅਤੇ 'ਗੁਰੂ ਨਾਨਕ ਚੇਅਰ ਫ਼ਾਰ ਸਟੱਡੀਜ਼ ਇਨ ਯੂਨੀਵਰਸਲ ਐਡਵਾਂਸਮੈਂਟ' ਦੇ ਚੇਅਰਪਰਸਨ ਪ੍ਰੋ. (ਡਾ.) ਹਰਪਾਲ ਸਿੰਘ ਪੰਨੂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।
ਸਮਾਗਮ ਦੇ ਆਗ਼ਾਜ਼ ਮੌਕੇ ਦੇਸ਼ ਭਰ ਤੋਂ 15 ਨਾਮਵਰ ਕਹਾਣੀਕਾਰਾਂ ਅਤੇ ਕਵੀਆਂ ਨੇ ਸ਼ਿਰਕਤ ਕੀਤੀ। ਇਹਨਾਂ ਵਿੱਚ ਲੇਖਕ ਡਾ. ਕੈਲਾਸ਼ ਠਾਕੁਰ, ਲੇਖਕ ਸੁਖਦੇਵ ਸਿੰਘ ਗੰਢੂਆਂ, ਲੇਖਕ ਡਾ. ਦਵਿੰਦਰ ਸਿੰਘ ਮਾਨ, ਲੇਖਕ ਮਹਿੰਦਰ ਸਿੰਘ ਗੋਸਲਾਂ, ਲੇਖਕ ਸੁਖਵਿੰਦਰ ਕੇ ਆਹੀ, ਉਤਸਵ ਕਟੋਚ, ਅੰਸ਼ਿਤਾ, ਅੰਜਲੀ ਹਿਮਤਾ ਅਤੇ ਹੋਰ ਸਾਹਿਤਕਾਰ ਸ਼ਾਮਲ ਸਨ। ਇਹਨਾਂ ਸਭਨਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਜੀਵਨ ਦੇ ਵਿਭਿੰਨ ਰੰਗਾਂ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਉਕੇਰਿਆ।
ਸਮਾਗਮ ਦੇ ਅਖ਼ੀਰ ਵਿੱਚ ਤਿੰਨ ਨਾਮਵਰ ਕਵੀਆਂ ਅਤੇ ਲੇਖਕਾਂ ਦੀਆਂ ਪੰਜ ਪੁਸਤਕਾਂ ਲੋਕ-ਅਰਪਿਤ ਕੀਤੀਆਂ ਗਈਆਂ। ਇਸ ਦੌਰਾਨ ਲੇਖਕ ਡਾ. ਸਤਿੰਦਰਜੀਤ ਕੌਰ ਬੁੱਟਰ ਦੀਆਂ ਤਿੰਨ ਪੁਸਤਕਾਂ 'ਵਿਸਰਿਆ ਪੰਜਾਬ', 'ਮੀਂਹ ਕਣੀਆਂ' ਅਤੇ 'ਫੁੱਲਾਂ ਭਰੀ ਚੰਗੇਰ', ਲੇਖਕ ਜਸ਼ਨਦੀਪ ਕੌਰ ਸਿੱਧੂ ਦੀ ਪੁਸਤਕ 'ਖ਼ਾਮੋਸ਼ ਮੁਹੱਬਤ' ਅਤੇ ਲੇਖਕ ਜਗਜੀਤ ਸਿੰਘ ਧਾਲੀਵਾਲ ਦੀਆਂ ਪੁਸਤਕਾਂ 'ਕਵਿਤਾਵਾਂ ਦਾ ਨਵਾਂ ਦੌਰ' ਅਤੇ 'ਜ਼ਿੰਦਗੀ ਸਮਝੋ ਬਾਹਰ' ਰਿਲੀਜ਼ ਕੀਤੀਆਂ ਗਈਆਂ।
ਓਂਟਾਰੀਓ ਫ਼੍ਰੈਂਡਜ਼ ਕਲੱਬ (ਕੈਨੇਡਾ) ਦੇ ਪ੍ਰਧਾਨ ਸਿਕੰਦਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ, "ਗਿਆਨ ਦਾ ਕੋਈ ਅੰਤ ਨਹੀਂ ਹੈ ਅਤੇ ਇਨਸਾਨ ਕੋਲ ਜਿੰਨਾ ਜ਼ਿਆਦਾ ਗਿਆਨ ਹੁੰਦਾ ਹੈ, ਉਹ ਉਨ੍ਹਾਂ ਹੀ ਨਿਮਰ ਹੁੰਦਾ ਜਾਂਦਾ ਹੈ। ਉਨ੍ਹਾਂ ਗੁਰਬਾਣੀ ਦੀ ਪੰਗਤੀ 'ਧਰਿ ਤਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ' ਦਾ ਹਵਾਲਾ ਦਿੰਦੇ ਹੋਏ ਨੌਜਵਾਨਾਂ ਨੂੰ ਨਿਮਰਤਾ ਅਤੇ ਸਿੱਖਣ ਦੀ ਭਾਵਨਾ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ।
ਇਸ ਮੌਕੇ 'ਇੰਟਰਨੈਸ਼ਨਲ ਪੀਸ ਹੈਰੀਟੇਜ ਇਨਵਾਇਰਨਮੈਂਟ ਐਂਡ ਵੈਲਫ਼ੇਅਰ ਆਰਗੇਨਾਈਜ਼ੇਸ਼ਨ' ਅਤੇ 'ਓਂਟਾਰੀਓ ਫ੍ਰੈਂਡਜ਼ ਕਲੱਬ' ਦੇ ਚੇਅਰਮੈਨ ਡਾ. ਰਵਿੰਦਰ ਸਿੰਘ ਕੰਗ ਨੇ ਕਿਹਾ ਕਿ ਮਿੰਨੀ ਕਹਾਣੀਆਂ 'ਗਾਗਰ ਵਿੱਚ ਸਾਗਰ' ਭਰਨ ਦਾ ਕੰਮ ਕਰਦੀਆਂ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਸਾਨੂੰ ਵਿਦਿਆਰਥੀਆਂ ਨੂੰ ਅਜਿਹੀਆਂ ਕਹਾਣੀਆਂ ਅਤੇ ਕਵਿਤਾਵਾਂ ਲਿਖਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਜੋ ਸਮਾਜ ਨੂੰ ਇੱਕ ਨਿਗਰ ਸੁਨੇਹਾ ਦੇ ਸਕਣ। ਉਨ੍ਹਾਂ ਅੱਗੇ ਕਿਹਾ ਕਿ ਸਾਹਿਤ ਸਿਰਫ਼ ਸ਼ਬਦਾਂ ਦਾ ਜੋੜ-ਮੇਲ ਨਹੀਂ ਹੁੰਦਾ, ਸਗੋਂ ਇਹ ਸਾਡੀਆਂ ਭਾਵਨਾਵਾਂ, ਸੋਚ ਅਤੇ ਪਹਿਚਾਣ ਦਾ ਦਰਪਣ (ਸ਼ੀਸ਼ਾ) ਹੁੰਦਾ ਹੈ।
ਇੰਟਰਨੈਸ਼ਨਲ ਪੀਸ ਹੈਰੀਟੇਜ ਐਨਵਾਇਰਨਮੈਂਟ ਐਂਡ ਵੈਲਫ਼ੇਅਰ ਆਰਗਨਾਈਜ਼ੇਸ਼ਨ ਅਤੇ ਓਂਟਾਰੀਓ ਫ਼੍ਰੈਂਡਜ਼ ਕਲੱਬ ਦੀ ਪੈਟਰਨ ਡਾ. ਕਵਲਦੀਪ ਕੌਰ ਨੇ ਪੰਜਾਬ, ਪੰਜਾਬੀਅਤ ਅਤੇ ਵਿਰਸੇ ਦੀ ਗੱਲ ਕਰਦਿਆਂ ਕਿਹਾ, "ਸਾਡੀ ਧਰਤੀ ਗੁਰੂਆਂ ਪੀਰਾਂ ਦੀ ਵਰੋਸਾਈ ਹੋਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ 'ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ' ਦਾ ਸਿਧਾਂਤ ਦਿੱਤਾ। ਇਸ ਵਿੱਚ ਵੰਡ ਛਕਣ ਦਾ ਅਰਥ ਸਿਰਫ਼ ਭੋਜਨ ਵੰਡਣਾ ਨਹੀਂ, ਬਲਕਿ ਆਪਣੀ ਕਲਾ, ਸਾਹਿਤ ਅਤੇ ਸੇਵਾ ਭਾਵਨਾ ਨੂੰ ਸਮਾਜ ਨਾਲ ਸਾਂਝਾ ਕਰਨਾ ਵੀ ਹੈ। ਡਾ. ਕਵਲਦੀਪ ਕੌਰ ਨੇ ਫ਼ਿਲਮ ਅਤੇ ਸੰਗੀਤ ਜਗਤ ਨਾਲ ਜੁੜੀਆਂ ਸ਼ਖ਼ਸੀਅਤਾਂ ਨੂੰ ਅਪੀਲ ਕੀਤੀ ਕਿ ਉਹ ਅਜਿਹਾ ਸਾਰਥਕ ਸਾਹਿਤ ਸਿਰਜਣ, ਜੋ ਨੌਜਵਾਨਾਂ ਨੂੰ ਕੁਰਾਹੇ ਪੈਣ ਤੋਂ ਬਚਾਵੇ ਅਤੇ ਉਨ੍ਹਾਂ ਵਿੱਚ ਸਾਰਥਕ ਜਜ਼ਬਾ ਪੈਦਾ ਕਰੇ। ਉਨ੍ਹਾਂ ਜ਼ੋਰ ਦਿੱਤਾ ਕਿ ਮਾਂ ਬੋਲੀ ਅਤੇ ਵਿਰਾਸਤ ਨੂੰ ਉੱਚਾ ਸੁੱਚਾ ਰੱਖਣ ਲਈ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਬੇਹੱਦ ਜ਼ਰੂਰੀ ਹੈ।
ਗੁਰੂ ਨਾਨਕ ਚੇਅਰ ਯੂਨੀਵਰਸਲ ਐਡਵਾਂਸਮੈਂਟ, ਚੰਡੀਗੜ੍ਹ ਯੂਨੀਵਰਸਿਟੀ ਦੇ ਚੇਅਰਪਰਸਨ ਪ੍ਰੋ. (ਡਾ.) ਹਰਪਾਲ ਸਿੰਘ ਪੰਨੂ ਨੇ ਸਾਹਿਤ ਦੀ ਅਹਿਮੀਅਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਸ ਪਰੰਪਰਾ ਵਿੱਚ 'ਸੁਣਨਾ ਅਤੇ ਸੁਣਾਉਣਾ' ਸ਼ਾਮਲ ਹੋਵੇ, ਉਹ ਪਰੰਪਰਾ ਨਾ ਕਦੇ ਬਿਮਾਰ ਹੁੰਦੀ ਹੈ ਅਤੇ ਨਾ ਹੀ ਖ਼ਤਮ ਹੁੰਦੀ ਹੈ। ਇਹ ਪਰੰਪਰਾ ਕਹਾਣੀ ਸੁਣਾਉਣ ਦੀ ਕਲਾ ਅਤੇ ਸਾਹਿਤਕ ਸੰਵੇਦਨਾ ਨੂੰ ਬਾਖ਼ੂਬੀ ਪੇਸ਼ ਕਰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਸਪਸ਼ਟ ਕੀਤਾ ਕਿ ਕਹਾਣੀਆਂ ਸਮਾਜਿਕ ਚੇਤਨਾ, ਮਨੁੱਖੀ ਭਾਵਨਾਵਾਂ ਅਤੇ ਤਜ਼ਰਬਿਆਂ ਨੂੰ ਉਜਾਗਰ ਕਰਦਿਆਂ ਜੀਵਨ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰਦੀਆਂ ਹਨ। ਡਾ. ਪੰਨੂ ਨੇ ਅੱਗੇ ਕਿਹਾ ਕਿ ਲੋਕ-ਕਥਾਵਾਂ ਭਾਵੇਂ ਸਮੇਂ ਦੇ ਨਾਲ ਆਪਣੀ ਬੋਲੀ, ਪਹਿਰਾਵਾ ਅਤੇ ਰੀਤੀ-ਰਿਵਾਜ ਬਦਲ ਲੈਂਦੀਆਂ ਹਨ, ਪਰ ਸਮੁੱਚੇ ਏਸ਼ੀਆ ਦੀਆਂ ਕਥਾਵਾਂ ਦਾ ਮੂਲ ਸਾਰ (ਕਥਾ-ਰਸ) ਇੱਕੋ ਜਿਹਾ ਹੀ ਹੈ।
Click to Follow Babushahi Facebook page →