ਵੱਡੀ ਖ਼ਬਰ: ਰਾਘਵ ਚੱਢਾ ਅਤੇ AAP ਵਿਚਾਲੇ ਤਕਰਾਰ ਵਧੀ; ਪਾਰਟੀ ਨੇ ਲਾਏ ਪੰਜਾਬ ਦੇ ਮੁੱਦੇ ਨਾ ਚੁੱਕਣ ਦੇ ਦੋਸ਼, ਚੱਢਾ ਨੇ ਵੀਡੀਓ ਜਾਰੀ ਕਰਕੇ ਦਿੱਤਾ ਜਵਾਬ
ਚੰਡੀਗੜ੍ਹ/ਨਵੀਂ ਦਿੱਲੀ, 5 ਅਪ੍ਰੈਲ 2026- ਆਮ ਆਦਮੀ ਪਾਰਟੀ ਵਿੱਚ ਅੰਦਰੂਨੀ ਕਲੇਸ਼ ਉਸ ਵੇਲੇ ਸੜਕਾਂ 'ਤੇ ਆ ਗਿਆ ਜਦੋਂ ਪਾਰਟੀ ਦੇ ਸੀਨੀਅਰ ਆਗੂਆਂ ਨੇ ਆਪਣੇ ਹੀ ਰਾਜ ਸਭਾ ਮੈਂਬਰ ਰਾਘਵ ਚੱਢਾ ਵਿਰੁੱਧ ਮੋਰਚਾ ਖੋਲ੍ਹ ਦਿੱਤਾ। ਪਾਰਟੀ ਨੇ ਦੋਸ਼ ਲਾਇਆ ਹੈ ਕਿ ਚੱਢਾ ਸੰਸਦ ਵਿੱਚ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚੁੱਕਣ ਵਿੱਚ ਨਾਕਾਮ ਰਹੇ ਹਨ।
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇੱਕ ਸਾਂਝੇ ਬਿਆਨ ਵਿੱਚ ਰਾਘਵ ਚੱਢਾ ਦੀ 'ਚੁੱਪ' 'ਤੇ ਨਿਰਾਸ਼ਾ ਜ਼ਾਹਿਰ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਪੇਂਡੂ ਵਿਕਾਸ ਫੰਡ (RDF) ਦੇ ਲਗਭਗ 8,500 ਕਰੋੜ ਰੁਪਏ ਅਤੇ ਜੀ.ਐਸ.ਟੀ. (GST) ਨਾਲ ਸਬੰਧਤ 60,000 ਕਰੋੜ ਰੁਪਏ ਦੇ ਨੁਕਸਾਨ ਵਰਗੇ ਵੱਡੇ ਵਿੱਤੀ ਮੁੱਦਿਆਂ ਨੂੰ ਸੰਸਦ ਵਿੱਚ ਨਹੀਂ ਚੁੱਕਿਆ ਗਿਆ। ਆਗੂਆਂ ਅਨੁਸਾਰ, ਚੱਢਾ ਤੋਂ ਉਮੀਦ ਸੀ ਕਿ ਉਹ ਕੌਮੀ ਪੱਧਰ 'ਤੇ ਪੰਜਾਬ ਦੀ ਮਜ਼ਬੂਤ ਆਵਾਜ਼ ਬਣਨਗੇ, ਪਰ ਉਨ੍ਹਾਂ ਦੀ 'ਨਿਸ਼ਕਿਰਿਆ' ਪਾਰਟੀ ਦੇ ਸਿਧਾਂਤਾਂ ਦੇ ਖ਼ਿਲਾਫ਼ ਹੈ।
ਰਾਘਵ ਚੱਢਾ ਦਾ ਪਲਟਵਾਰ, "ਪਿਕਚਰ ਅਜੇ ਬਾਕੀ ਹੈ"
ਰਾਘਵ ਚੱਢਾ ਨੇ ਇਨ੍ਹਾਂ ਦੋਸ਼ਾਂ ਦਾ ਜਵਾਬ ਸੋਸ਼ਲ ਮੀਡੀਆ 'ਤੇ ਸਬੂਤਾਂ ਸਹਿਤ ਦਿੱਤਾ ਹੈ। ਉਨ੍ਹਾਂ ਨੇ ਸੰਸਦ ਵਿੱਚ ਚੁੱਕੇ ਗਏ ਪੰਜਾਬ ਦੇ ਮੁੱਦਿਆਂ ਦੀ ਇੱਕ ਵੀਡੀਓ ਸਾਂਝੀ ਕਰਦਿਆਂ ਲਿਖਿਆ, "ਆਮ ਆਦਮੀ ਪਾਰਟੀ ਦੇ ਮੇਰੇ ਉਨ੍ਹਾਂ ਸਾਥੀਆਂ ਲਈ, ਜਿਨ੍ਹਾਂ ਨੂੰ ਇਹ ਕਹਿੰਦੇ ਹੋਏ ਵੀਡੀਓ ਜਾਰੀ ਕਰਨ ਲਈ ਮਜਬੂਰ ਹੋਣਾ ਪਿਆ ਕਿ 'ਰਾਘਵ ਚੱਢਾ ਸੰਸਦ ਵਿੱਚ ਪੰਜਾਬ ਦੇ ਮੁੱਦੇ ਉਠਾਉਣ ਵਿੱਚ ਅਸਫਲ ਰਹੇ', ਇੱਥੇ ਇੱਕ ਛੋਟਾ ਜਿਹਾ ਟ੍ਰੇਲਰ ਹੈ... ਪਿਕਚਰ ਅਜੇ ਬਾਕੀ ਹੈ।" ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਉਨ੍ਹਾਂ ਲਈ ਸਿਰਫ਼ ਚਰਚਾ ਦਾ ਵਿਸ਼ਾ ਨਹੀਂ, ਬਲਕਿ ਉਨ੍ਹਾਂ ਦਾ ਘਰ, ਕਰਤੱਵ ਅਤੇ ਰੂਹ ਹੈ।
ਰਾਘਵ ਚੱਢਾ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਉਨ੍ਹਾਂ ਵੱਲੋਂ ਰਾਜ ਸਭਾ ਵਿੱਚ ਉਠਾਏ ਗਏ ਮੁੱਦੇ, ਕਰਤਾਰਪੁਰ ਸਾਹਿਬ/ਨਨਕਾਣਾ ਸਾਹਿਬ ਕਾਰੀਡੋਰ ਦਾ ਮਾਮਲਾ, ਬਠਿੰਡਾ ਤੋਂ ਚੱਲਣ ਵਾਲੀ 'ਕੈਂਸਰ ਟ੍ਰੇਨ' ਅਤੇ ਮਰੀਜ਼ਾਂ ਦੀ ਸਹੂਲਤ, ਕਿਸਾਨਾਂ ਦੀਆਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (MSP), ਪੰਜਾਬ ਸਿਰ ਲੱਗਣ ਵਾਲਾ ਪ੍ਰਦੂਸ਼ਣ ਦਾ ਦੋਸ਼, ਸ਼ਹੀਦ ਭਗਤ ਸਿੰਘ ਨੂੰ 'ਭਾਰਤ ਰਤਨ' ਦੇਣ ਦੀ ਮੰਗ। ਰਾਘਵ ਚੱਢਾ ਅਤੇ 'ਆਪ' ਵਿਚਾਲੇ ਪੈਦਾ ਹੋਈ ਇਹ ਖਿੱਚੋਤਾਣ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਸਿਆਸਤ ਵਿੱਚ ਵੱਡਾ ਮੋੜ ਲੈ ਸਕਦੀ ਹੈ।
Click to Follow Babushahi Facebook page →