Babushahi Special ਅੰਨਦਾਤੇ ਦੀ ਵੇਦਨਾ : ਕਿੱਥੇ ਰੱਖ ਲਾਂ ਲਕੋ ਕੇ ਤੈਨੂੰ ਕਣਕੇ ਨੀਂ ਰੁੱਤ ਬੇਈਮਾਨ ਹੋ ਗਈ
ਅਸ਼ੋਕ ਵਰਮਾ
ਬਠਿੰਡਾ , 4 ਅਪ੍ਰੈਲ 2026 : ਪੰਜਾਬ ਵਿੱਚ ਖੇਤੀ ਹੁਣ ਘਾਟੇ ਦਾ ਸੌਦਾ ਬਣ ਗਈ ਹੈ। ਦਮ ਤੋੜ ਰਹੀ ਖੇਤੀ ਨੇ ਕਿਸਾਨਾਂ ਦੀ ਜ਼ਿੰਦਗੀ ਨੂੰ ਬੰਜਰ ਬਣਾਕੇ ਰੱਖ ਦਿੱਤਾ ਹੈ। ਤਿੰਨ ਦਹਾਕਿਆਂ ਤੋਂ ਪੰਜਾਬ ਦਾ ਕਿਸਾਨ ਅੱਛੇ ਦਿਨਾਂ ਦੀ ਉਡੀਕ ਵਿੱਚ ਹੈ। ਕਦੇ ਅਮਰੀਕਨ ਸੁੰਡੀ ਤੇ ਕਦੇ ਚਿੱਟੀ ਮੱਖੀ ਅਤੇ ਉਪਰੋਂ ਕੁਦਰਤੀ ਕਹਿਰ ਕਿਸਾਨ ਦੇ ਘਰਾਂ ਵਿੱਚ ਇੱਕ ਦਿਨ ਵੀ ਖੁਸ਼ੀ ਦਾ ਨਹੀਂ ਆਉਣ ਦੇ ਰਿਹਾ ਹੈ। ਬਠਿੰਡਾ ਜਿਲ੍ਹੇ ’ਚ ਤਾਂ ਇਸ ਵਾਰ ਬਾਰਸ਼ ਅਤੇ ਗੜੇਮਾਰੀ ਨੇ ਸੱਪਾਂ ਦੀਆਂ ਸਿਰੀਆਂ ਮਿੱਧਕੇ ਪੁੱਤਾਂ ਵਾਂਗ ਪਾਲੀਆਂ ਕਿਸਾਨਾਂ ਦੀਆਂ ਫਸਲਾਂ ਨੂੰ ਬੁਰੀ ਤਰਾਂ ਮਧੋਲ ਕੇ ਰੱਖ ਦਿੱਤਾ ਹੈ। ਕਈ ਇਲਾਕਿਆਂ ’ਚ ਤਾਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਮੁਢਲੇ ਤੌਰ ’ਤੇ ਸਾਹਮਣੇ ਆਈ ਜਾਣਕਾਰੀ ਅਨੁਸਾਰ ਸਭ ਤੋਂ ਵੱਧ ਫਸਲ ਸੰਗਤ ਬਲਾਕ ’ਚ ਨੁਕਸਾਨੀ ਗਈ ਹੈ ਜਿੱਥੇ ਕਰੀਬ ਅੱਧੀ ਦਰਜਨ ਪਿੰਡ ਗੜੇਮਾਰੀ ਅਤੇ ਬਾਰਸ਼ ਦੀ ਲਪੇਟ ਵਿੱਚ ਆਏ ਹਨ।
ਸੰਗਤ ਬਲਾਕ ਦੇ ਪਿੰਡ ਲੂਲਬਾਈ ’ਚ 9 ਸੌ ਏਕੜ ਰਕਬਾ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ ਜਦੋਂਕਿ ਬਹਾਦੁਰਗੜ੍ਹ ਜੰਡੀਆਂ ਅਤੇ ਜੈ ਸਿੰਘ ਵਾਲਾ ’ਚ ਕਰੀਬ 3-3 ਸੌ ਏਕੜ, ਰਾਏਕੇ ਕਲਾਂ ’ਚ 150 ਏਕੜ ਅਤੇ ਗੁਰੂਸਰ ਸੈਣੇਵਾਲਾ ’ਚ 150 ਏਕੜ ਰਕਬੇ ਵਿੱਚ ਕਣਕ ਦੀ ਫਸਲ ਨੂੰ ਨੁਕਸਾਨ ਪੁੱਜਿਆ ਹੈ। ਪਿੰਡ ਬਹਾਦਰਗੜ੍ਹ ਜੰਡੀਆਂ ’ਚ ਗੜੇ ਪੈਣ ਦੀ ਖਬਰ ਸੁਣਦਿਆਂ ਖੇਤ ਪੁੱਜੇ ਕਿਸਾਨ ਧਰਮਪਾਲ ਸਿੰਘ ਨੂੰ ਤਾਂ ਦੌਰਾ ਪੈ ਜਾਣਾ ਸੀ ਪਰ ਉਸ ਨੇ ਖੁਦ ਨੂੰ ਸੰਭਾਲ ਲਿਆ। ਧਰਮਪਾਲ ਸਿੰਘ ਦਾ ਕਹਿਣਾ ਸੀ ਕਿ ਫਸਲਾਂ ਦੀ ਬਰਬਾਦੀ ਦੇਖਕੇ ਭੁੱਬ ਨਿਕਲਦੀ ਹੈ। ਇਸੇ ਤਰਾਂ ਹੀ ਮੌੜ ਬਲਾਕ ਦੇ ਪਿੰਡ ਬੰਘੇਰ ਚੜ੍ਹਤ ਸਿੰਘ ’ਚ 70 ਏਕੜ ਅਤੇ ਤਲਵੰਡੀ ਸਾਬੋ ਬਲਾਕ ਦੇ ਪਿੰਡ ਮਲਕਾਣਾ ’ਚ 160 ਏਕੜ ਫਸਲ ਦਾ ਨੁਕਸਾਨ ਹੋਇਆ ਹੈ। ਇਸ ਹਿਸਾਬ ਨਾਲ ਇੰਨ੍ਹਾਂ ਬਲਾਕਾਂ ਦੇ ਪਿੰਡਾਂ ’ਚ ਬਾਰਸ਼ ਅਤੇ ਗੜੇਮਾਰੀ ਕਾਰਨ ਤਕਰੀਬਨ ਦੋ ਹਜ਼ਾਰ ਏਕੜ ਫਸਲ ਨੁਕਸਾਨੀ ਗਈ ਹੈ।
ਇਸੇ ਤਰਾਂ ਹੀ ਰਾਮਪੁਰਾ ਇਲਾਕੇ ਦੇ ਪਿੰਡ ਬਾਲਿਆਂਵਾਲੀ ਅਤੇ ਭੂੰਦੜ ਵਿੱਚ ਕਣਕ ਹੇਠਲਾ ਕਰੀਬ ਦੋ ਹਜ਼ਾਰ ਏਕੜ ਰਕਬਾ ਪ੍ਰਭਾਵਿਤ ਹੋਇਆ ਹੈ। ਇਸੇ ਤਰਾਂ ਹੀ ਬਠਿੰਡਾ ਅਤੇ ਇਸ ਦੇ ਆਸ ਪਾਸ ਪੈਂਦੇ ਪੇਂਡੂ ਖੇਤਰਾਂ ਸਿਵੀਆਂ, ਗਿਲਪੱਤੀ, ਭੋਖੜਾ, ਅਤੇ ਨਥਾਣਾ ਸਮੇਤ ਹੋਰ ਵੀ ਕਈ ਪਿੰਡਾਂ ਵਿੱਚ ਬੇਮੌਸਮੀ ਭਾਰੀ ਬਾਰਸ਼ ਅਤੇ ਗੜੇਮਾਰੀ ਤੋਂ ਬਾਅਦ ਵੱਡੇ ਨੁਕਸਾਨ ਦੀ ਗੱਲ ਸਾਹਮਣੇ ਆਈ ਹੈ। ਕਿਸਾਨ ਆਖਦੇ ਹਨ ਜਮੀਨੀ ਹਕੀਕਤ ਮੁਤਾਬਕ ਕਈ ਪਿੰਡਾਂ ’ਚ 80 ਫੀਸਦੀ ਤੱਕ ਤਬਾਹ ਹੋਈ ਹੈ। ਉਨ੍ਹਾਂ ਦੱਸਿਆ ਕਿ ਬਾਰਸ਼ ਅਤੇ ਗੜਿਆਂ ਦੀ ਮਾਰ ਦੌਰਾਨ ਚੱਲੀਆਂ ਤੇਜ ਹਵਾਵਾਂ ਨੇ ਖੇਤਾਂ ’ਚ ਖੜ੍ਹੀ ਕਣਕ ਦੀ ਪੱਕੀ ਫਸਲ ਤਹਿਸ ਨਹਿਸ ਕਰ ਦਿੱਤੀ ਹੈ। ਕਿਸਾਨਾਂ ਨੇ ਦੱਸਿਆ ਕਿ ਕਈ ਇਲਾਕਿਆਂ ’ਚ ਫਸਲ ਧਰਤੀ ’ਤੇ ਵਿਛ ਗਈ ਹੈ ਜਿਸ ਕਰਕੇ ਜਿੱਥੇ ਝਾੜ ਘਟਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਉੱਥੇ ਹੀ ਵੱਡੇ ਆਰਥਿਕ ਨੁਕਸਾਨ ਦਾ ਵੀ ਖਦਸ਼ਾ ਬਣ ਗਿਆ ਹੈ ।
ਬਠਿੰਡਾ ਜ਼ਿਲ੍ਹੇ ’ਚ ਤਾਂ ਕਾਫ਼ੀ ਘਰ ਵੀ ਨੁਕਸਾਨੇ ਗਏ ਹਨ ਅਤੇ ਮਾਨਸਾ ਜ਼ਿਲ੍ਹੇ ’ਚ ਫ਼ਸਲਾਂ ਵਿਛੀਆਂ ਹਨ। ਸਮੁੱਚੇ ਤੌਰ ’ਤੇ ਦੇਖਿਆ ਜਾਏ ਤਾਂ ਮਾਲਵਾ ਪੱਟੀ ’ਚ ਹੁਣ ਤੱਕ ਕਰੀਬ 40 ਹਜ਼ਾਰ ਹੈਕਟੇਅਰ ਫ਼ਸਲ ਨੁਕਸਾਨੇ ਜਾਣ ਦੇ ਤੱਥ ਸਾਹਮਣੇ ਆ ਰਹੇ ਹਨ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਲਈ ਚਿਤਾਵਨੀ ਜਾਰੀ ਕੀਤੀ ਹੈ। ਅੱਜ ਵੀ ਕਈ ਇਲਾਕਿਆਂ ’ਚ ਮੀਂਹ ਪਿਆ ਹੈ ਜਦੋਂ ਕਿ ਐਤਵਾਰ ਨੂੰ ਕੁਝ ਥਾਵਾਂ ’ਤੇ ਮੌਸਮ ਵਿੱਚ ਵਿਗਾੜ ਪੈਣ ਦੀ ਸੰਭਾਵਨਾ ਹੈ। ਜਿਆਦਾਤਰ ਇਲਾਕਿਆਂ ਵਿੱਚ ਫ਼ਸਲ ਕਟਾਈ ਲਈ ਤਿਆਰ ਹੈ। ਪੱਕੀ ਫ਼ਸਲ ’ਤੇ ਪਈ ਕੁਦਰਤੀ ਮਾਰ ਨੇ ਕਿਸਾਨਾਂ ਦੇ ਫਿਰ ਦੂਣੇ ਚੌਣੇ ਕਰ ਦਿੱਤੇ ਹਨ। ਖੇਤੀ ਮਹਿਕਮੇ ਦੀ ਰਿਪੋਰਟ ਅਨੁਸਾਰ ਪਿਛਲੇ ਦਿਨਾਂ ’ਚ ਪਏ ਮੀਂਹ ਤੇ ਗੜੇਮਾਰੀ ਕਾਰਨ ਮਾਲਵੇ ਦੇ ਪੰਜ ਜ਼ਿਲਿ੍ਹਆਂ ’ਚ 83,362 ਏਕੜ ਕਣਕ ਦੀ ਫ਼ਸਲ ਨੁਕਸਾਨੀ ਗਈ ਹੈ ਜਦੋਂਕਿ ਕਿਸਾਨ ਇੱਕ ਲੱਖ ਏਕੜ ਤੋਂ ਵੱਧ ਦਾ ਨੁਕਸਾਨ ਦੱਸ ਰਹੇ ਹਨ।
ਖੇਤੀ ਨੂੰ ਪਏ ਸੋਕੇ ਦੀ ਤਸਵੀਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਝੁੰਬਾ ਦਾ ਕਹਿਣਾ ਸੀ ਕਿ ਕਿਸਾਨਾਂ ਲਈ ਫਸਲ ਸਿਰਫ ਅਨਾਜ ਨਹੀਂ ਬਲਕਿ ਖੂਨ ਪਸੀਨੇ ਦੀ ਕਮਾਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਦਿਨ ਰਾਤ ਇੱਕ ਕਰਕੇ ਪਾਲੀਆਂ ਫਸਲਾਂ ਬੁਰੀ ਤਰਾਂ ਨੁਕਸਾਨੀਆਂ ਗਹੀਆਂ ਹਨ। ਉਨ੍ਹਾਂ ਦੱਸਿਆ ਕਿ ਫਸਲ ਡਿੱਗਣ ਨਾਲ ਕਟਾਈ ਲਾਗਤ ਵਧੇਗੀ ਅਤੇ ਮੁਨਾਫੇ ਦੀ ਥਾਂ ਘਾਟਾ ਪਵੇਗਾ । ਉਨ੍ਹਾਂ ਕਿਹਾ ਕਿ ਫਸਲਾਂ ਨੂੰ ਪਈਆਂ ਮਾਰਾਂ ਕਾਰਨ ਡਗਮਗਾਈ ਕਿਸਾਨੀ ਆਰਥਿਕਤਾ ਕਰਕੇ ਖੁਦਕਸ਼ੀਆਂ ਦਾ ਸਿਲਸਿਲਾ ਸ਼ੁਰੂ ਹੋਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਜੰਮਦੇ ਨਿਆਣਿਆਂ ਸਿਰ ਕਰਜ਼ਾ ਅਤੇ ਚਿੱਟੀਆਂ ਚੁੰਨੀਆਂ ਦਾ ਵਧਣਾ ਖੇਤੀ ਨੂੰ ਪਏ ਸੋਕੇ ਦੀ ਭਿਆਨਕ ਤਸਵੀਰ ਹੈ।
ਅਫਸਰਾਂ ਨੂੰ ਭੇਜੀ ਰਿਪੋਰਟ: ਖੇਤੀ ਵਿਭਾਗ
ਮੁੱਖ ਖੇਤੀਬਾੜੀ ਅਫਸਰ ਡਾ ਹਰਬੰਸ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਪ੍ਰਭਾਵਿਤ ਇਲਾਕਿਆਂ ’ਚ ਮਹਿਕਮੇ ਦੀਆਂ ਟੀਮਾਂ ਵੱਲੋਂ ਕੀਤੇ ਗਏ ਸਰਵੇਖਣ ਦੀ ਮੁਢਲੀ ਰਿਪੋਰਟ ਜਿਲ੍ਹਾ ਪ੍ਰਸ਼ਾਸ਼ਨ ਅਤੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਜਿਲ੍ਹੇ ’ਚ ਤਕਰੀਬਨ 2 ਹਜ਼ਾਰ ਹੈਕਟੇਅਰ ਰਕਬਾ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਗਿਰਦਾਵਰੀ ਸਬੰਧੀ ਫੈਸਲਾ ਸਰਕਾਰ ਪੱਧਰ ’ਤੇ ਕੀਤਾ ਜਾਣਾ ਹੈ । ਉਨ੍ਹਾਂ ਦੱਸਿਆ ਕਿ ਖਰਾਬੇ ਦੀ ਅਸਲ ਸਥਿਤੀ ਗਿਰਦਾਵਰੀ ਹੋਣ ਤੋਂ ਬਾਅਦ ਪਤਾ ਲੱਗੇਗੀ।
Click to Follow Babushahi Facebook page →