ਮੋਹਾਲੀ ਦੇ ਇੱਕ ਬਲਾਕ 'ਚ ਅਕਾਲੀ ਦਲ ਦੀ ਵੱਡੀ ਜਿੱਤ; ਬਿਮਲਾ ਕੌਰ ਚੇਅਰਮੈਨ ਅਤੇ ਜਸਵੀਰ ਕੌਰ ਵਾਈਸ ਚੇਅਰਮੈਨ ਚੁਣੇ ਗਏ
Babushahi Network
ਖਰੜ/ਮਾਜਰੀ, 4 ਅਪ੍ਰੈਲ 2026- ਹਲਕਾ ਖਰੜ ਦੇ ਅਧੀਨ ਆਉਂਦੇ ਬਲਾਕ ਮਾਜਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਸੱਤਾਧਾਰੀ ਧਿਰ ਨੂੰ ਪਛਾੜਦਿਆਂ ਆਪਣਾ ਚੇਅਰਮੈਨ ਅਤੇ ਵਾਈਸ ਚੇਅਰਮੈਨ ਬਣਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਜਿੱਤ ਨਾਲ ਇਲਾਕੇ ਵਿੱਚ ਅਕਾਲੀ ਦਲ ਦੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਬਿਮਲਾ ਕੌਰ ਬਲਾਕ ਸੰਮਤੀ ਮਾਜਰੀ ਦੇ ਨਵੇਂ ਚੇਅਰਮੈਨ ਚੁਣੇ ਗਏ ਹਨ। ਜਦੋਂਕਿ ਜਸਵੀਰ ਕੌਰ ਨੂੰ ਵਾਈਸ ਚੇਅਰਮੈਨ ਵਜੋਂ ਚੁਣਿਆ ਗਿਆ ਹੈ।
ਇਸ ਸ਼ਾਨਦਾਰ ਜਿੱਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਐਨ. ਕੇ. ਸ਼ਰਮਾ, ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਅਤੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਜੇਤੂ ਉਮੀਦਵਾਰਾਂ ਦਾ ਮੂੰਹ ਮਿੱਠਾ ਕਰਵਾਇਆ।
ਅਕਾਲੀ ਆਗੂਆਂ ਨੇ ਇਸ ਜਿੱਤ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ, ਇਹ ਜਿੱਤ ਬਲਾਕ ਸੰਮਤੀ ਮੈਂਬਰਾਂ ਦੀ ਦ੍ਰਿੜਤਾ ਦਾ ਨਤੀਜਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੱਤਾਧਾਰੀ ਧਿਰ ਵੱਲੋਂ ਸਰਕਾਰੀ ਤੰਤਰ ਰਾਹੀਂ ਭਾਰੀ ਦਬਾਅ ਪਾਇਆ ਗਿਆ ਸੀ, ਪਰ ਮੈਂਬਰਾਂ ਨੇ 'ਸਰਕਾਰੀ ਜ਼ਬਰ' ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦਾ ਡੱਟ ਕੇ ਸਾਥ ਦਿੱਤਾ।
ਆਗੂਆਂ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪਾਰਟੀ ਦੀਆਂ ਨੀਤੀਆਂ ਵਿੱਚ ਵਿਸ਼ਵਾਸ ਪ੍ਰਗਟਾਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰ ਅਤੇ ਸਥਾਨਕ ਆਗੂ ਹਾਜ਼ਰ ਸਨ, ਜਿਨ੍ਹਾਂ ਨੇ ਢੋਲ ਦੀ ਥਾਪ 'ਤੇ ਭੰਗੜੇ ਪਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।
Click to Follow Babushahi Facebook page →