ਐਨਕਾਊਂਟਰ ਵਿੱਚ ਮਾਰੇ ਗਏ ਰਣਜੀਤ ਸਿੰਘ ਦੇ ਹੱਕ ਵਿੱਚ ਡੀਸੀ ਦਫਤਰ ਦਾ ਘਿਰਾਓ
ਵੱਖ-ਵੱਖ ਜਥੇਬੰਦੀਆਂ ਵੱਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ
ਰੋਹਿਤ ਗੁਪਤਾ
ਗੁਰਦਾਸਪੁਰ 8 ਮਾਰਚ
ਰਣਜੀਤ ਸਿੰਘ ਪਿੰਡ ਆਦੀਆਂ ਦਾ ਝੂਠਾ ਪੁਲਸ ਮੁਕਾਬਲਾ ਬਣਾ ਕੇ ਕਤਲ ਕਰਨ ਦੇ ਜਿੰਮੇਵਾਰ ਪੁਲਿਸ ਅਧਿਕਾਰੀਆਂ ਵਿਰੁੱਧ 302 ਦਾ ਪਰਚਾ ਦਰਜ ਕਰਵਾਉਣ ਅਤੇ ਉਸਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ 9 ਮਾਰਚ ਨੂੰ ਰਣਜੀਤ ਸਿੰਘ ਆਦੀਆਂ ਦੇ ਝੂਠੇ ਪੁਲਸ ਮੁਕਾਬਲੇ ਵਿਰੋਧੀ ਐਕਸ਼ਨ ਕਮੇਟੀ ਦੇ ਸੱਦੇ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫਤਰ ਸਾਹਮਣੇ ਦਿੱਤੇ ਜਾ ਰਹੇ ਧਰਨੇ ਦੀ ਤਿਆਰੀ ਲਈ ਪਿੰਡ ਸੁਲਤਾਨੀ ਅਤੇ ਕਠਿਆਲੀ ਵਿਚ ਮੀਟਿੰਗਾਂ ਕੀਤੀਆਂ ਗਈਆਂ।
ਉਕਤ ਪਿੰਡਾਂ ਵਿਚ ਹੋਈਆਂ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸਤਿਬੀਰ ਸਿੰਘ ਸੁਲਤਾਨੀ ਅਤੇ ਤਰਲੋਕ ਸਿੰਘ ਬਹਿਰਾਮਪੁਰ ਨੇ ਕਿਹਾ ਕਿ ਪਿੰਡ ਆਦੀਆਂ ਵਿੱਚ 21-22 ਫਰਵਰੀ ਦੀ ਰਾਤ ਨੂੰ ਪੁਲਿਸ ਚੌਕੀ ਆਦੀਆਂ (ਦੋਰਾਂਗਲਾ) ਵਿਖੇ ਦੋ ਪੁਲਿਸ ਮੁਲਾਜਮਾਂ ਦਾ ਕੀਤਾ ਗਿਆ ਕਤਲ ਬਹੁਤ ਮੰਦਭਾਗਾ ਹੈ ਅਤੇ ਇਹ ਕਾਰਵਾਈ ਨਿੰਦਣਯੋਗ ਹੈ,ਪਰ ਪੁਲਿਸ ਵਲੋਂ ਇਨ੍ਹਾਂ ਪੁਲਿਸ ਮੁਲਾਜਮਾਂ ਦੀ ਮੌਤ ਤੋਂ ਬਾਅਦ ਪਿੰਡ ਆਦੀਆਂ ਦੇ ਨੌਜਵਾਨ ਰਣਜੀਤ ਸਿੰਘ ਨੂੰ ਘਰੋਂ ਗ੍ਰਿਫਤਾਰ ਕਰਨ ਅਤੇ ਪੁਲਿਸ ਹਿਰਾਸਤ ਵਿੱਚ ਉਸਦੀ ਮੌਤ ਹੋਣ ਉਪਰੰਤ ਪੁਲਿਸ ਵਲੋਂ ਆਪਣੇ ਬਚਾਅ ਲਈ ਰਣਜੀਤ ਸਿੰਘ ਦੇ ਝੂਠੇ ਪੁਲਸ ਮੁਕਾਬਲੇ ਦੀ ਘਟਨਾ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲਿਸ ਵਲੋਂ ਪੰਜਾਬ ਵਿੱਚ ਪੁਲਿਸ ਰਾਜ ਸਥਾਪਿਤ ਕੀਤਾ ਜਾ ਰਿਹਾ ਹੈ ਅਤੇ ਅਦਾਲਤਾਂ ਦੇ ਅਧਿਕਾਰ ਵੀ ਪੁਲਿਸ ਆਪਣੇ ਹਥਾਂ ਵਿੱਚ ਲੈ ਕੇ ਦੋਸ਼ੀਆਂ ਨੂੰ ਮੌਕੇ ਤੇ ਹੀ ਮੌਤ ਦੀਆਂ ਸਜ਼ਾਵਾਂ ਦੇ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਰਣਜੀਤ ਸਿੰਘ ਦੇ ਝੂਠੇ ਪੁਲਸ ਮੁਕਾਬਲੇ ਲਈ ਜਿੰਮੇਵਾਰ ਪੁਲਿਸ ਅਧਿਕਾਰੀਆਂ ਵਿਰੁੱਧ 302 ਦਾ ਪਰਚਾ ਦਰਜ ਕੀਤਾ ਜਾਵੇ, ਪੁਲਿਸ ਮੁਲਾਜਮਾਂ ਦੀ ਮੌਤ ਦੀ ਅਤੇ ਰਣਜੀਤ ਸਿੰਘ ਦੇ ਝੂਠੇ ਪੁਲਸ ਮੁਕਾਬਲੇ ਦੀ ਹਾਈਕੋਰਟ ਦੇ ਸਿਟਿੰਗ ਜਜ ਜਾਂ ਸੀ.ਬੀ ਆਈ ਤੋਂ ਜਾਂਚ ਕਰਵਾਈ ਜਾਵੇ।
ਕਿਸਾਨ ਆਗੂਆਂ ਵਲੋਂ ਸਮੂਹ ਕਿਸਾਨਾਂ-ਮਜ਼ਦੂਰਾਂ ਨੂੰ ਅਪੀਲ ਕੀਤੀ ਕਿ 9 ਮਾਰਚ ਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫਤਰ ਸਾਹਮਣੇ ਦਿੱਤੇ ਜਾ ਰਹੇ ਧਰਨੇ ਵਿੱਚ ਹੁੰਮ ਹੁਮਾ ਕੇ ਪਹੁੰਚਣ। ਮੀਟਿੰਗਾਂ ਵਿੱਚ ਹੋਰਨਾਂ ਤੋਂ ਇਲਾਵਾ ਹਰਵਿੰਦਰ ਸਿੰਘ ਬਿੱਲੂ, ਰਾਮ ਸਿੰਘ, ਮੁਖਤਿਆਰ ਸਿੰਘ, ਦਰਸ਼ਨ ਸਿੰਘ ਕੁਲਦੀਪ ਸਿੰਘ ਸੁਲਤਾਨੀ ਅਤੇ ਜਸਬੀਰ ਸਿੰਘ, ਬਲਵਿੰਦਰ ਸਿੰਘ ਨੰਬਰਦਾਰ, ਅਮਰੀਕ ਸਿੰਘ ਦਲਵੀਰ ਸਿੰਘ ਅਤੇ ਹਰਜਿੰਦਰ ਸਿੰਘ ਜਿੰਦਾ ਕਠਿਆਲੀ ਆਦਿ ਕਿਸਾਨ ਸ਼ਾਮਿਲ ਹੋਏ।
Click to Follow Babushahi Facebook page →