Babushahi Special ਹਰ ਮਿੱਟੀ ਦੀ ਆਪਣੀ ਖਸਲਤ,ਹਰ ਫੱਟੜ ਮੱਥਾ ਨਹੀਂ ਝੁਕਦਾ ਬੰਨ੍ਹ ਲਾਇਆਂ ਹਰ ਛੱਲ ਨਹੀਂ ਰੁਕਦੀ
ਅਸ਼ੋਕ ਵਰਮਾ
ਬਠਿੰਡਾ, 6 ਮਾਰਚ 2025: ਪਿੰਡ ਜੇਠੂਕੇ ਦੇ ਝੰਡਾ ਸਿੰਘ ਨੂੰ ਕੌਣ ਹੈ ਨਹੀਂ ਜਾਣਦਾ ਅਤੇ ਸ਼ਿੰਗਾਰਾ ਸਿੰਘ ਬਾਰੇ ਦੱਸਣ ਦੀ ਲੋੜ ਨਹੀਂ ਹੈ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ , ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਮਹਿਲਾ ਕਿਸਾਨ ਆਗੂ ਕਿਸੇ ਪਛਾਣ ਦਾ ਮੁਥਾਜ ਨਹੀਂ ਰਹਿ ਗਏ ਹਨ। ਜਦੋਂ ਗੱਲ ਮਜ਼ਦਰਾਂ ਦੇ ਹੱਕਾਂ ਦੀ ਤੁਰਦੀ ਹੈ ਤਾਂ ਲਛਮਣ ਸਿੰਘ ਸੇਵੇਵਾਲਾ ਮਸੀਹਾ ਬਣਕੇ ਉੱਭਰਿਆ ਹੈ। ਇੰਨ੍ਹਾਂ ਚੋਂ ਹੁਣ ਹਰ ਕੋਈ ਜਿਉਂਦ ਦੇ ਕਿਸਾਨ ਮੋਰਚੇ ਦਾ ਨਾਇਕ ਬਣ ਕੇ ਉਭਰਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਿਤੇ ਵੀ ਮੋਰਚਾ ਲਾਉਣਾ ਹੋਵੇ, ਪੁਲੀਸ ਇੰਨ੍ਹਾਂ ਨੂੰ ਭਾਲਦੀ ਹੈ। ਹੁਣ ਗੱਲ ਝੰਡਾ ਸਿੰਘ ਜੇਠੂ ਕੇ ਦੀ ਜਿਸ ਨੂੰ ਨਾ ਜੇਲ੍ਹ ਦਾ ਡਰ ਰਹਿ ਗਿਆ ਹੈ ਤੇ ਨਾ ਪੁਲੀਸ ਜਬਰ ਦਾ। ਸੰਘਰਸ਼ੀ ਸਫਰ ਦੌਰਾਨ ਉਸ ਖਿਲਾਫ ਤਕਰੀਬਨ 5 ਦਰਜਨ ਪੁਲੀਸ ਕੇਸ ਦਰਜ ਹੋਏ ਹਨ ਜਿਨ੍ਹਾਂ ’ਚੋਂ ਬਹੁਤਿਆਂ ’ਚੋਂ ਉਹ ਬਰੀ ਹੋ ਚੁੱਕਾ ਹੈ।
ਨਰਮਾ ਪੱਟੀ ਦਾ ਕੋਈ ਥਾਣਾ ਤੇ ਜੇਲ੍ਹ ਉਸ ਲਈ ਓਪਰੀ ਨਹੀਂ ਰਹੀ ਹੈ। ਹੁਣ ਤੱਕ ਉਹ ਤਿੰਨ ਸਾਲਾਂ ਤੋਂ ਵੱਧ ਜੇਲ੍ਹ ਕੱਟ ਚੁੱਕਾ ਹੈ। ਜਿਉਂਦ ਵਿੱਚ ਲੱਗੇ ਕਿਸਾਨ ਮੋਰਚੇ ਮੌਕੇ ਵੀ ਝੰਡਾ ਸਿੰਘ ਦੀ ਪੁਲੀਸ ਨੂੰ ਤਲਾਸ਼ ਰਹੀ ਸੀ । ਯੂਨੀਅਨ ਦਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਭਾਵੇਂ ਪੰਜਵੀਂ ਜਮਾਤ ਪਾਸ ਨਹੀਂ ਕਰ ਸਕਿਆ ਪਰ ਕਿਸਾਨੀ ਘੋਲਾਂ ’ਚ ਉਹ ਹਮੇਸ਼ਾ ਸਫਲ ਰਿਹਾ। ਨੌਜਵਾਨ ਭਾਰਤ ਸਭਾ ਉਸ ਦੀ ਪਹਿਲੀ ਪੌੜੀ ਸੀ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਆਖਰੀ ਹੈ। ਝੰਡਾ ਸਿੰਘ ਦੱਸਦਾ ਹੈ ਕਿ ਉਹ ਪੁਲੀਸ ਅਤੇ ਲੀਡਰਾਂ ਦੀ ਅੱਖ ’ਚ ਹਮੇਸ਼ਾ ਰੜਕਦਾ ਰਹਿੰਦਾ ਹੈ ਕਿਉਂਕਿ ਜਦੋਂ ਮੇਜ਼ ’ਤੇ ਗੱਲ ਚੱਲਦੀ ਹੈ ਤਾਂ ਸਭ ਨਿਰਉੱਤਰ ਹੁੰਦੇ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਦਫਾ ਉਸ ਨੂੰ ਆਖਿਆ ਸੀ ਕਿ ’ਤੈਨੂੰ ਤਾਂ ਵਕੀਲ ਹੋਣਾ ਚਾਹੀਦਾ ਸੀ’। ਝੰਡੇ ਦਾ ਉਤਰ ਸੀ, ’ਕਿਸਾਨਾਂ ਦਾ ਵਕੀਲ ਹੀ ਹਾਂ’।
ਸਮਾਜਿਕ ਅਤੇ ਵਿਚਾਰਧਾਰਕ ਤੌਰ ’ਤੇ ਲੋਕ ਕਿਵੇਂ ਵੀ ਵੇਖਦੇ ਹੋਣ ਪਰ ਉਸ ਨੇ ਕਿਸਾਨ ਮੋਰਚਿਆਂ ’ਚ ਜਾਨ ਪਾਈ ਹੈ। ਉਹ ਆਖਦਾ ਹੈ ਕਿ ’ਉਹ ਮੇਜ਼ ’ਤੇ ਕਦੇ ਨਹੀਂ ਹਾਰਿਆ ਤੇ ਮੈਦਾਨ ’ਚ ਲੋਕਾਂ ਨੇ ਹਾਰਨ ਨਹੀਂ ਦਿੱਤਾ। ਅਫਸਰਾਂ ਨੇ ਪਲੋਸਣ ਦਾ ਯਤਨ ਕੀਤਾ ਪਰ ਕਿਸੇ ਦੀ ਜੇਬ ’ਚ ਨਹੀਂ ਪਿਆ। ਜਦੋਂ ਸਰਕਾਰ ਨਾਲ ਮੇਜ਼ ’ਤੇ ਗੱਲਬਾਤ ਠੰਢੀ ਜਾਪੇ ਤਾਂ ਉਹ ਦਖਲ ਦਿੰਦਾ ਹੈ। ਉਸ ਨੇ ਅਣਗਿਣਤ ਮੋਰਚੇ ਵੇਖੇ ਤੇ ਕਿੰਨੇ ਹੀ ਲਾਠੀਚਾਰਜ ਝੱਲੇ ਪਰ ਜਜ਼ਬਾ ਅੱਜ ਵੀ ਕਾਇਮ ਹੈ। ਸ਼ਿੰਗਾਰਾ ਸਿੰਘ ਮਾਨ ਤੋਂ ਖੇਤੀ ਸੰਕਟ ਦਾ ਦਰਦ ਨਾ ਸਹਾਰਿਆ ਗਿਆ ਤਾਂ ਉਹ ਸੰਘਰਸ਼ ਦੇ ਅਜਿਹੇ ਰਾਹ ਪਿਆ ਜੋ ਹੁਣ ਉਸ ਦਾ ਜਨੂੰਨ ਬਣ ਗਿਆ ਹੈ। ਪਿਤਾ ਦੀ ਮੌਤ ਪਿੱਛੋ ਜਦੋਂ ਉਹ ਜਮੀਨ ਦਾ ਵਿਰਾਸਤੀ ਇੰਤਕਾਲ ਤਿੰਨਾਂ ਭਰਾਵਾਂ ਦੇ ਨਾ ਕਰਵਾਉਣ ਗਿਆ ਤਾਂ ਪਟਵਾਰੀ ਵੱਲੋਂ ਮੰਗੀ ਰਿਸ਼ਵਤ ਨੇ ਉਸ ਦੀ ਜਿੰਦਗੀ ਦੇ ਰਾਹ ਹੀ ਬਦਲ ਦਿੱਤੇ।
ਸਾਲ 1983 -84 ’ਚ ਕਰਜਾ ਮੁਆਫੀ, ਨਿਰਵਿਘਨ ਬਿਜਲੀ ਅਤੇ ਫਸਲਾਂ ਦੇ ਵਾਜਬ ਭਾਅ ਆਦਿ ਮੰਗਾਂ ਲਈ ਚੰਡੀਗੜ੍ਹ ਦੇ ਰਾਜ ਭਵਨ ਦਾ ਘਿਰਾਓ ਕਰਨ ਮੌਕੇ ਸ਼ਿੰਗਾਰਾ ਸਿੰਘ ਮਾਨ ਨੇ ਪਹਿਲੀ ਵਾਰ ਸ਼ਮੂਲੀਅਤ ਕੀਤੀ ਸੀ। ਮਾਨ ਨੇ 1984 ’ਚ ਪਹਿਲੀ ਵਾਰ 40 ਦਿਨ ਜੇਲ੍ਹ ਕੱਟੀ ਸੀ ਅਤੇ ਉਸ ਖਿਲਾਫ ਦੋ ਦਰਜਨ ਤੋਂ ਵੀ ਜਿਆਦਾ ਮੁਕੱਦਮੇ ਦਰਜ ਹੋ ਚੁੱਕੇ ਹਨ। ਜੱਥੇਬੰਦੀ ਦੇ ਮਹਿਲਾ ਵਿੰਗ ਦੀ ਆਗੂ ਹਰਿੰਦਰ ਬਿੰਦੂ ਪਿੰਡ ਸੇਵੇਵਾਲਾ ਕਾਂਡ ’ਚ ਮਾਰੇੇ ਗਏ ਸੰਘਰਸ਼ੀ ਆਗੂ ਮੇਘ ਰਾਜ ਭਗਤੂਆਣਾ ਦੀ ਧੀਅ ਹੈ। ਉਹ ਹੰਝੂਆਂ ਨੂੰ ਛੱਡਕੇ ਔਰਤਾਂ ਨੂੰ ਹਕੂਮਤਾਂ ਤੋਂ ਹੱਕ ਮੰਗਣ ਦੇ ਗੁਰ ਸਿਖਾਉਂਦੀ ਹੈ। ਕਿਸਾਨਾਂ ਮਜ਼ਦੂਰਾਂ ਦੀ ਚੀਸ ਉਸ ਨੂੰ ਆਪਣੀ ਲੱਗਦੀ ਹੈ। ਬਿੰਦੂ ਦਾ ਇੱਕੋ ਨਿਸ਼ਾਨਾ ਹੈ ਕਿ ਜੇ ਅਣਖ ਨਾਲ ਜੀਣਾ ਹੈ ਤਾਂ ਲੜਨਾ ਹੀ ਪੈਣਾ ਹੈ। ਸੰਘਰਸ਼ੀ ਇਕੱਠਾਂ ਵਿੱਚ ਉਸ ਨੂੰ ਸੁਣਨ ਵਾਲੀਆਂ ਔਰਤਾਂ ਅੰਦਰ ਰੋਹ ਦਾ ਲਾਵਾ ਫੁੱਟਣ ਲੱਗਦਾ ਹੈ।
ਜਦੋਂ ਇੰਗਲੈਂਡ ਦੀ ਮਹਾਰਾਣੀ ਅੰਮ੍ਰਿਤਸਰ ਆਈ ਸੀ ਤਾਂ ਉਦੋਂ ਪੁਲਿਸ ਵੱਲੋਂ ਵਿਰੋਧ ਕਰਨ ਵਾਲਿਆਂ ਖਿਲਾਫ ਵਰ੍ਹਾਈ ਡਾਂਗ ਬਿੰਦੂ ਨੇ ਆਪਣੇ ਹੱਥ ਵਿੱਚ ਫੜ ਲਈ ਸੀ। ਯੂਨੀਅਨ ਦੇ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਸਾਇੰਸ ਮਾਸਟਰ ਸਨ ਜਿੰਨ੍ਹਾਂ ਨੂੰ ਇੱਕ ਖੁਦਕਸ਼ੀ ਨੇ ਅਜਿਹਾ ਟੁੰਬਿਆ ਕਿ ਉਹ ਸੰਘਰਸ਼ ਦੇ ਰਾਹ ਪੈ ਗਿਆ। ਕੋਕਰੀ ਕਲਾਂ ਇੱਕ ਅਜਿਹਾ ਕਿਸਾਨ ਆਗੂ ਹੈ ਜਿਸ ਦੇ ਬੋਲ ਵੀ ਹਕੂਮਤਾਂ ਨੂੰ ਰੜਕਦੇ ਹਨ ਅਤੇ ਚੁੱਪ ਵੀ। ਇੱਕ ਮੋਰਚੇ ਦੌਰਾਨ ਪੁਲਿਸ ਨੇ ਕੋਕਰੀ ਕਲਾਂ ਦੀ ਲੱਤ ਤੋੜ ਦਿੱਤੀ ਸੀ ਪਰ ਹੌਂਸਲਾ ਤੋੜਨ ’ਚ ਅਸਫਲ ਰਹੀ ਹੈ। ਪੰਜਾਬ ਖੇਤ ਮਜਦੂਰ ਯੂਨੀਅਨ ਦਾ ਸੂਬਾ ਜਰਨਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਗੁਰਬਤ ਅਤੇ ਹਕੂਮਤਾਂ ਦੀਆਂ ਨੀਤੀਆਂ ਦੇ ਭੰਨੇ ਖੇਤ ਮਜਦੂਰਾਂ ਦਾ ਨਿਰਵਿਵਾਦ ਆਗੂ ਹੈ । ਸਾਮਰਾਜੀ ਮੁਲਕਾਂ ਦੀਆਂ ਨੀਤੀਆਂ ਤੋਂ ਸ਼ੁਰੂ ਕਰਕੇ ਜਦੋਂ ਉਹ ਮਜ਼ਦੂਰ ਵਿਹੜਿਆਂ ਤੱਕ ਦੀ ਸਥਿਤੀ ਬਿਆਨਦਾ ਹੈ ਤਾਂ ਸੀਆਈਡੀ ਉਂਗਲਾਂ ਟੁੱਕਣ ਲੱਗ ਜਾਂਦੀ ਹੈ।
ਯੂਨੀਅਨ ਦਾ ਸੰਸਥਾਪਕ ਉਗਰਾਹਾਂ
ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਸੰਸਥਾਪਕ ਹੈ। ਜਦੋਂ ਸਧਾਰਨ ਕਿਸਾਨ ਜੋਗਿੰਦਰ ਸਿੰਘ ਨੇ ਮਹਿਸੂਸ ਕੀਤਾ ਕਿ ਸਰਕਾਰਾਂ ਕਿਸਾਨਾਂ ਮਜ਼ਦੂਰਾਂ ਦੋ ਸ਼ਸਣ ਕਰਦੀਆਂ ਹਨ ਤਾਂ ਉਸ ਨੇ ਸੰਘਰਸ਼ ’ਚ ਕੁੱਦਣ ਦਾ ਫੈਸਲਾ ਲਿਆ। ਹੁਣ ਉਹ ਜੱਥੇਬੰਦੀ ਦਾ ਮਾਸਟਰਮਾਈਂਡ ਹੈ ਜਿਸ ਦੀ ਪਛਾਣ ਕਿਸਾਨਾਂ ਦੇ ਰਾਖੇ ਵਜੋਂ ਬਣੀ ਹੋਈ ਹੈ। ਮੀਟਿੰਗ ਦੌਰਾਨ ਸਰਕਾਰ ਨੂੰ ਨਿਰਉਤਰ ਕਰਨ ਵਾਲੇ ਉਗਰਾਹਾਂ ਦੀ ਰਣਨੀਤੀ ਅਜਿਹੀ ਹੈ ਕਿ ਹਕੂਮਤਾਂ ਨੂੰ ਝੁਕਣਾ ਪੈਂਦਾ ਹੈ ਜਿਸ ਦੀ ਮਿਸਾਲ ਬਠਿੰਡਾ ’ਚ ਅੱਜ ਲੱਗਿਆ ਜਿਊਂਦ ਜਬਰ ਖਿਲਾਫ ਮੋਰਚਾ ਹੈ।
Click to Follow Babushahi Facebook page →