ਊਧਮ ਸਿੰਘ ਮੈਨੇਜਰ ਯਾਦਗਾਰੀ ਸਨਮਾਨ ਸਮਾਰੋਹ 21 ਫਰਵਰੀ ਨੂੰ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 15 ਫ਼ਰਵਰੀ 2026:- ਜ਼ਿਲ੍ਹਾ ਲਿਖਾਰੀ ਸਭਾ (ਰਜਿ:) ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਹੰਗਾਮੀ ਮੀਟਿੰਗ ਸਭਾ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਦੇ ਗ੍ਰਹਿ ਵਿਖੇ ਹੋਈ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਗੋਪਾਲੋਂ,ਮੀਤ ਪ੍ਰਧਾਨ ਬਲਤੇਜ ਸਿੰਘ ਬਠਿੰਡਾ, ਪ੍ਰੈੱਸ ਸਕੱਤਰ ਅਮਰਬੀਰ ਸਿੰਘ ਚੀਮਾਂ ਤੇ ਸੀਨੀਅਰ ਮੈਂਬਰ ਅਜਮੇਰ ਸਿੰਘ ਮਾਨ ਹਾਜ਼ਰ ਰਹੇ। ਬੀਬੀ ਪਰਮਜੀਤ ਕੌਰ ਸਰਹਿੰਦ ਨੂੰ ਜੀਵਨ ਸਫ਼ਰ ਵਿੱਚ ਅੱਧਵਾਟੇ ਛੱਡ ਕੇ 28 ਮਾਰਚ, 2024 ਨੂੰ ਕਰੀਬ ਦੋ ਸਾਲ ਪਹਿਲਾਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਉਨ੍ਹਾਂ ਦੇ ਪਤੀ "ਸ. ਊਧਮ ਸਿੰਘ ਜੀ ਮੈਨੇਜਰ ਯਾਦਗਾਰੀ ਸਨਮਾਨ ਸਮਾਰੋਹ" ਕਰਵਾਉਣ ਸਬੰਧੀ ਸਮਾਰੋਹ ਦੀ ਰੂਪ ਰੇਖਾ ਉਲੀਕੀ ਗਈ। ਇਸ ਸਮਾਰੋਹ ਵਿੱਚ ਜਿਨ੍ਹਾਂ ਚਾਰ ਸਾਹਿਤਕਾਰਾਂ ਨੂੰ ਪਰਿਵਾਰ ਅਤੇ ਲਿਖਾਰੀ ਸਭਾ ਵੱਲੋਂ ਸਨਮਾਨਿਤ ਕੀਤੇ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ ਉਨ੍ਹਾਂ ਵਿੱਚ 2025 ਦਾ ਪਹਿਲਾ ਸਨਮਾਨ ਉੱਘੀ ਲੇਖਿਕਾ ਸ੍ਰੀਮਤੀ ਪਰਮਜੀਤ ਪਰਮ, ਚੰਡੀਗੜ੍ਹ ਅਤੇ ਉੱਘੇ ਗੀਤਕਾਰ ਸ. ਹਰਜਿੰਦਰ ਸਿੰਘ ਗੋਪਾਲੋਂ ਨੂੰ ਦਿੱਤਾ ਜਾਵੇਗਾ। ਦੂਜਾ ਯਾਦਗਾਰੀ ਸਨਮਾਨ ਨਾਮੀਂ ਸ਼ਾਇਰ ਸ. ਬਚਨ ਸਿੰਘ ਗੁਰਮ, ਪਟਿਆਲਾ ਅਤੇ ਪ੍ਰਸਿੱਧ ਗ਼ਜ਼ਲਗੋ ਸ. ਅਵਤਾਰ ਸਿੰਘ ਪੁਆਰ ਪਿਲਖਣੀ (ਰਾਜਪੁਰਾ) ਨੂੰ ਦਿੱਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਬੀ ਪਰਮਜੀਤ ਕੌਰ ਸਰਹਿੰਦ ਦੀ ਸਿਹਤ ਨਾਸਾਜ਼ ਹੋਣ ਤੇ ਆਪਣੇ ਬੱਚਿਆਂ ਕੋਲ ਵਿਦੇਸ਼ ਚਲੇ ਜਾਣ ਕਾਰਨ 2025 ਵਿੱਚ ਪਹਿਲਾ ਪ੍ਰੋਗਰਾਮ ਨਹੀਂ ਸੀ ਹੋ ਸਕਿਆ। ਇਸੇ ਲਈ ਪਹਿਲਾ ਤੇ ਦੂਜਾ ਸਨਮਾਨ ਇਸ ਮੌਕੇ ਇਕੱਠੇ ਦਿੱਤੇ ਜਾ ਰਹੇ ਹਨ। ਇਸ ਕਾਰਜ ਵਿੱਚ ਸ. ਊਧਮ ਸਿੰਘ ਜੀ ਮੈਨੇਜਰ ਦੇ ਪਰਿਵਾਰ ਤੋਂ ਇਲਾਵਾ ਉਨ੍ਹਾਂ ਦੀਆਂ ਪਰਦੇਸ ਵਸਦੀਆਂ ਦੋਵਾਂ ਧੀਆਂ ਦਾ ਵਿਸ਼ੇਸ਼ ਯੋਗਦਾਨ ਹੈ।
ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਕਵੀ ਸ. ਦਰਸ਼ਨ ਬੁੱਟਰ, ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਕਰਨਗੇ। ਮੁੱਖ ਮਹਿਮਾਨ ਵਜੋਂ ਸ. ਦਿਲਮੇਘ ਸਿੰਘ, ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਿਰਕਤ ਕਰਨਗੇ। ਮੁੱਖ ਵਕਤਾ ਸ. ਕਰਨੈਲ ਸਿੰਘ ਪੀਰ ਮੁਹੰਮਦ ਹੋਣਗੇ। ਸ. ਪ੍ਰਿਤਪਾਲ ਸਿੰਘ ਜੱਸੀ ਸਮਾਰੋਹ ਵਿੱਚ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਣਗੇ। ਸਾਰਾ ਪ੍ਰੋਗਰਾਮ ਸਾਹਿਤਕ ਅਤੇ ਪਰਿਵਾਰਕ ਹੋਵੇਗਾ।
ਕਲਮਕਾਰਾਂ ਦੀ ਪਾਰਦਰਸ਼ੀ ਢੰਗ ਨਾਲ ਕੀਤੀ ਚੋਣ ਵਿੱਚ ਇਹ ਵਿਚਾਰ ਮੁੱਖ ਰੱਖਿਆ ਗਿਆ ਹੈ ਕਿ ਲੇਖਕ ਜੋ ਲਿਖਦਾ ਹੈ ਉਸਦਾ ਅਨੁਸਾਰੀ ਤੇ ਵਧੀਆ ਲੇਖਕ ਦੇ ਨਾਲ ਵਧੀਆ ਇਨਸਾਨ ਵੀ ਹੋਵੇ। ਸ. ਊਧਮ ਸਿੰਘ ਜੀ ਮੈਨੇਜਰ ਭਾਵੇਂ ਆਪ ਲੇਖਕ ਨਹੀਂ ਸਨ ਪਰ ਉਨ੍ਹਾਂ ਨੂੰ ਸਾਹਿਤ ਦੀ ਡੂੰਘੀ ਸੂਝ ਸੀ। ਉਹ ਆਪਣੀ ਪਤਨੀ ਪਰਮਜੀਤ ਕੌਰ ਸਰਹਿੰਦ ਦੇ ਨਾਲ 2007 ਤੋਂ ਪੱਕੇ ਤੌਰ 'ਤੇ ਜ਼ਿਲ੍ਹਾ ਲਿਖਾਰੀ ਸਭਾ ਫ਼ਤਿਹਗੜ੍ਹ ਸਾਹਿਬ ਨਾਲ ਤਨੋਂ ਮਨੋਂ ਜੁੜੇ ਰਹੇ। ਸਭਾ ਦੇ ਵੱਡੇ-ਛੋਟੇ ਸਾਰੇ ਸਮਾਗਮਾਂ ਦਾ ਪ੍ਰਬੰਧ ਉਹ ਬਹੁਤ ਸੁਚੱਜੇ ਢੰਗ ਨਾਲ ਕਰਦੇ ਸਨ। ਕੇਵਲ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਸਭਾ ਵਿੱਚ ਹੀ ਨਹੀਂ ਬਲਕਿ ਉਨ੍ਹਾਂ ਨੂੰ ਆਪਣੇ ਜ਼ਿਲ੍ਹੇ ਤੋਂ ਬਾਹਰ ਦੀਆਂ ਸਾਹਿਤਕ ਸੰਸਥਾਵਾਂ ਵਿੱਚ ਵਿੱਚ ਵੀ ਪੂਰਾ ਮਾਣ ਹਾਸਲ ਸੀ। ਉਨ੍ਹਾਂ ਦੀਆਂ ਸਾਹਿਤਕ ਸੇਵਾਵਾਂ ਦੀ ਕਦਰ ਕਰਦਿਆਂ ਇਹ ਯਾਦਗਾਰੀ ਸਨਮਾਨ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਸਮੇਂ ਨੇ ਸਾਥ ਦਿੱਤਾ ਤਾਂ ਹਰ ਸਾਲ ਇਹ ਯਾਦਗਾਰੀ ਸਨਮਾਨ ਸਮਾਰੋਹ ਕਰਵਾਇਆ ਜਾਵੇਗਾ ਜਿਸ ਵਿੱਚ ਦੋ ਕਲਮਕਾਰਾਂ ਨੂੰ ਸਨਮਾਨਿਤ ਕੀਤੇ ਜਾਣ ਦੀ ਪਿਰਤ ਚਲਦੀ ਰੱਖੀ ਜਾਵੇਗੀ। ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਸਨਿਮਰ ਸੱਦਾ ਦਿੱਤਾ ਜਾਂਦਾ ਹੈ।