ਖੰਨਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ: 32ਵੇਂ ਦਿਨ ਵੀ ਧਰਨਾ ਜਾਰੀ, ਮਹਾਂ ਪੰਚਾਇਤ ਰਾਹੀਂ ਸੰਘਰਸ਼ ਤੇਜ਼ ਕਰਨ ਦਾ ਐਲਾਨ
Ravinder Singh
ਖੰਨਾ , 5 ਫਰਵਰੀ 2026: ਖੰਨਾ ਨੂੰ ਜ਼ਿਲ੍ਹਾ ਬਣਾਉਣ ਦੀ ਚਿਰਕੋਣੀ ਮੰਗ ਅਤੇ ਬੁੱਲੇਪੁਰ ਇਲਾਕੇ ਵਿੱਚ ਬਣ ਰਹੇ ਨਵੇਂ ਕੋਰਟ ਕੰਪਲੈਕਸ ਦੇ ਵਿਰੋਧ ਵਿੱਚ ਖੰਨਾ ਸੰਘਰਸ਼ ਕਮੇਟੀ ਦਾ ਰੋਸ ਪ੍ਰਦਰਸ਼ਨ ਅੱਜ 32ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਐਸ.ਡੀ.ਐਮ. ਦਫ਼ਤਰ ਦੇ ਬਾਹਰ ਲਗਾਤਾਰ ਡਟੇ ਪ੍ਰਦਰਸ਼ਨਕਾਰੀਆਂ ਨੇ ਅੱਜ ਇੱਕ ਵਿਸ਼ਾਲ 'ਮਹਾਂ ਪੰਚਾਇਤ' ਬੁਲਾ ਕੇ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਦਾ ਬਿਗੁਲ ਵਜਾ ਦਿੱਤਾ ਹੈ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਖੰਨਾ ਸੂਬੇ ਦਾ ਇੱਕ ਵੱਡਾ ਉਦਯੋਗਿਕ ਕੇਂਦਰ ਹੈ। ਹਰ ਚੋਣਾਂ ਵਿੱਚ ਸਿਆਸੀ ਪਾਰਟੀਆਂ ਵੱਲੋਂ ਇਸ ਨੂੰ ਜ਼ਿਲ੍ਹਾ ਬਣਾਉਣ ਦਾ ਵਾਅਦਾ ਤਾਂ ਕੀਤਾ ਜਾਂਦਾ ਹੈ, ਪਰ ਅੱਜ ਤੱਕ ਕਿਸੇ ਨੇ ਅਮਲੀ ਜਾਮਾ ਨਹੀਂ ਪਹਿਨਾਇਆ। ਬੁੱਲੇਪੁਰ ਵਿੱਚ ਬਣ ਰਹੇ ਕੋਰਟ ਕੰਪਲੈਕਸ ਦਾ ਵਿਰੋਧ ਕਰਦਿਆਂ ਕਮੇਟੀ ਨੇ ਦੱਸਿਆ ਕਿ ਇਹ ਇਲਾਕਾ 'ਹੜ੍ਹ ਪ੍ਰਭਾਵਿਤ' ਹੈ। ਪਿਛਲੇ ਸਮੇਂ ਦੌਰਾਨ ਇੱਥੇ ਆਏ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਸੀ। ਅਜਿਹੇ ਨੀਵੇਂ ਇਲਾਕੇ ਵਿੱਚ ਸਰਕਾਰੀ ਇਮਾਰਤ ਉਸਾਰਨਾ ਭਵਿੱਖ ਵਿੱਚ ਜਾਨ-ਮਾਲ ਲਈ ਖ਼ਤਰਾ ਸਾਬਤ ਹੋ ਸਕਦਾ ਹੈ।
ਅੱਜ ਦੀ ਮਹਾਂ ਪੰਚਾਇਤ ਵਿੱਚ ਵੱਖ-ਵੱਖ ਸਮਾਜਿਕ ਜਥੇਬੰਦੀਆਂ ਅਤੇ ਸਥਾਨਕ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸਰਕਾਰ ਦੀ "ਅਣਦੇਖੀ" ਦੀ ਸਖ਼ਤ ਨਿਖੇਧੀ ਕੀਤੀ ਗਈ। ਜਥੇਬੰਦੀ ਦੇ ਆਗੂ ਕਰਨੈਲ ਸਿੰਘ ਇਕੋਲਾਹਾ, ਗੁਰਦੀਪ ਸਿੰਘ ਕਾਲੀ ਅਤੇ ਸਰਬਜੀਤ ਸਿੰਘ ਕੰਗ ਨੇ ਕਿਹਾ, "ਅਸੀਂ ਪਿਛਲੇ ਇੱਕ ਮਹੀਨੇ ਤੋਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਾਂ, ਪਰ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ। ਜੇਕਰ ਕੋਰਟ ਕੰਪਲੈਕਸ ਦੇ ਫੈਸਲੇ 'ਤੇ ਮੁੜ ਵਿਚਾਰ ਨਾ ਕੀਤਾ ਗਿਆ ਅਤੇ ਖੰਨਾ ਨੂੰ ਜ਼ਿਲ੍ਹਾ ਨਾ ਐਲਾਨਿਆ ਗਿਆ, ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਸੰਘਰਸ਼ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ।" ਕਮੇਟੀ ਨੇ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਤਰਕਸੰਗਤ ਢੰਗ ਨਾਲ ਸਵੀਕਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਧਰਨਾ ਅਤੇ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ।