ਮੋਹਾਲੀ ਕਾਰਨੀਵਾਲ: ਪੰਜਾਬ ਸਖੀ ਸ਼ਕਤੀ ਮੇਲੇ ਵਿੱਚ ਸੂਫੀ ਗਾਇਕੀ ਨਾਲ ਸੰਗੀਤਕ ਸ਼ਾਮ
ਸੁਲਤਾਨਾ ਨੂਰਾਂ ਦੀ ਰੂਹਾਨੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਮੋਹ ਲਿਆ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 5 ਫਰਵਰੀ:
ਮੋਹਾਲੀ ਕਾਰਨੀਵਾਲ ਅਧੀਨ ਸਰਸ ਮੇਲਾ ਗ੍ਰਾਊਂਡ, ਸੈਕਟਰ-88 ਵਿਖੇ ਚੱਲ ਰਹੇ ਪੰਜਾਬ ਸਖੀ ਸ਼ਕਤੀ ਮੇਲੇ ਦੇ ਪ੍ਰੋਗਰਾਮ ਦੌਰਾਨ ਬੁੱਧਵਾਰ ਸ਼ਾਮ ਪ੍ਰਸਿੱਧ ਸੂਫੀ ਗਾਇਕਾ ਸੁਲਤਾਨਾ ਨੂਰਾ ਵੱਲੋਂ ਰੂਹਾਨੀ ਅਤੇ ਮਨਮੋਹਕ ਸੂਫੀ ਅੰਦਾਜ਼ ਵਿੱਚ ਪੇਸ਼ਕਾਰੀ ਕਰਕੇ ਮੇਲੇ ਵਿੱਚ ਖਾਸ ਰੰਗ ਭਰ ਦਿੱਤਾ ਗਿਆ।
ਸੂਫੀ ਕਲਾਮਾਂ ਅਤੇ ਰੂਹਾਨੀ ਸੰਗੀਤ ਨਾਲ ਸਜੀ ਇਸ ਸੱਭਿਆਚਾਰਕ ਸ਼ਾਮ ਨੇ ਦਰਸ਼ਕਾਂ ਨੂੰ ਡੂੰਘੇ ਤੌਰ ‘ਤੇ ਪ੍ਰਭਾਵਿਤ ਕੀਤਾ ਅਤੇ ਪੂਰਾ ਮੇਲਾ ਸੂਫੀ ਰੰਗ ਵਿੱਚ ਰੰਗਿਆ ਗਿਆ। ਸੁਲਤਾਨਾ ਨੂਰਾ ਵੱਲੋਂ ਪੇਸ਼ ਕੀਤੀਆਂ ਰਵਾਇਤੀ ਅਤੇ ਸੂਫੀ ਰਚਨਾਵਾਂ ‘ਤੇ ਦਰਸ਼ਕਾਂ ਨੇ ਖੂਬ ਤਾਲੀਆਂ ਵਜਾ ਕੇ ਸਾਥ ਦਿੱਤਾ।
ਇਸ ਮੌਕੇ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਮੌਜੂਦ ਪਰਿਵਾਰਾਂ, ਮਹਿਲਾਵਾਂ, ਨੌਜਵਾਨਾਂ ਅਤੇ ਸਵੈ-ਸਹਾਇਤਾ ਸਮੂਹਾਂ ਦੀ ਭਾਗੀਦਾਰੀ ਨੇ ਸੱਭਿਆਚਾਰਕ ਪ੍ਰੋਗਰਾਮ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਸੱਭਿਆਚਾਰਕ ਪ੍ਰੋਗਰਾਮ ਪੰਜਾਬ ਦੀ ਅਮੀਰ ਵਿਰਾਸਤ, ਸਾਂਝੀ ਸਭਿਆਚਾਰਕ ਰੂਹ ਅਤੇ ਲੋਕ ਕਲਾ ਨੂੰ ਉਭਾਰਨ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਇਆ।
ਪੰਜਾਬ ਸਖੀ ਸ਼ਕਤੀ ਮੇਲੇ ਦੌਰਾਨ ਦਿਨ ਦੇ ਸਮੇਂ ਜਿੱਥੇ ਮਹਿਲਾ ਸਵੈ-ਸਹਾਇਤਾ ਸਮੂਹਾਂ ਅਤੇ ਉੱਦਮੀ ਮਹਿਲਾਵਾਂ ਦੇ ਉਤਪਾਦਾਂ ਨੂੰ ਉਤਸ਼ਾਹਜਨਕ ਹੁੰਗਾਰਾ ਮਿਲ ਰਿਹਾ ਹੈ, ਉੱਥੇ ਸ਼ਾਮ ਦੇ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਮੇਲੇ ਨੂੰ ਲੋਕਪ੍ਰਿਯ ਬਣਾਉਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਦਾ ਉਦੇਸ਼ ਵੀ ਸਫਲਤਾਪੂਰਵਕ ਪੂਰਾ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਖੀ ਸ਼ਕਤੀ ਮੇਲਾ 10 ਫਰਵਰੀ ਤੱਕ ਜਾਰੀ ਰਹੇਗਾ, ਜਿਸ ਦੌਰਾਨ ਹਰ ਸ਼ਾਮ ਵੱਖ-ਵੱਖ ਸੱਭਿਆਚਾਰਕ ਅਤੇ ਮਨੋਰੰਜਕ ਪ੍ਰੋਗਰਾਮ ਦਰਸ਼ਕਾਂ ਲਈ ਆਯੋਜਿਤ ਕੀਤੇ ਜਾਣਗੇ।