ਸਤਿਗੁਰੂ ਰਵੀਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ
ਜੱਜ ਸਾਹਿਬਾਨ ਨੇ ਵੀ ਕੀਤੀ ਸ਼ਿਰਕਤ
ਰੋਹਿਤ ਗੁਪਤਾ
ਗੁਰਦਾਸਪੁਰ , 30 ਜਨਵਰੀ 2026 :
ਗੁਰਦਾਸਪੁਰ: ਜਿਲ੍ਹਾ ਬਾਰ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਰਹਿਬਰ-ਏ-ਕੌਮ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਬਾਰ ਐਸੋਸੀਏਸ਼ਨ ਵੱਲੋਂ ਇੱਕ ਵਿਸ਼ਾਲ ਖੂਨਦਾਨ ਕੈਂਪ ਅਤੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਦਿੱਤਾ ਗਿਆ।ਇਸ ਮੌਕੇ ਵਿਸ਼ੇਸ਼ ਤੌਰ 'ਤੇ ਗੁਰਦਾਸਪੁਰ ਦੇ ਸਮੂਹ ਮਾਨਯੋਗ ਜੱਜ ਸਹਿਬਾਨਾਂ ਨੇ ਸ਼ਿਰਕਤ ਕੀਤੀ। ਜੱਜ ਸਹਿਬਾਨਾਂ ਨੇ ਕੈਂਪ ਦਾ ਉਦਘਾਟਨ ਕਰਦਿਆਂ ਬਾਰ ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਰਵੀਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਸਾਨੂੰ ਮਨੁੱਖਤਾ ਨਾਲ ਪਿਆਰ ਅਤੇ ਨਿਸ਼ਕਾਮ ਸੇਵਾ ਕਰਨ ਦਾ ਮਾਰਗ ਦਿਖਾਉਂਦੀਆਂ ਹਨ ਅਤੇ ਅਜਿਹੇ ਕੈਂਪ ਲੋੜਵੰਦਾਂ ਦੀ ਮਦਦ ਲਈ ਬਹੁਤ ਸਹਾਈ ਹੁੰਦੇ ਹਨ ਇਸ ਮੌਕੇ ਵਕੀਲ ਮੁਨੀਸ ਕੁਮਾਰ ਰਵੀ ਕੁਮਾਰ ਅਤੇ ਰਵਿੰਦਰ ਸਿੰਘ ਹਰਵਿੰਦਰ ਸਿੰਘ ਅਤੇ ਵਕੀਲ ਭਾਈਚਾਰੇ ਅਤੇ ਆਮ ਜਨਤਾ ਨੇ ਵੱਧ-ਚੜ੍ਹ ਕੇ ਖੂਨਦਾਨ ਕੀਤਾ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ।
ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਜ਼ਰੂਰੀ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ।ਕੈਂਪ ਦੌਰਾਨ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਮਿਲ ਕੇ ਸੇਵਾ ਨਿਭਾਈ।
ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਨੇ ਪਹੁੰਚੇ ਹੋਏ ਸਾਰੇ ਜੱਜ ਸਹਿਬਾਨਾਂ ਅਤੇ ਖੂਨਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਭਵਿੱਖ ਵਿੱਚ ਵੀ ਅਜਿਹੇ ਸਮਾਜ ਭਲਾਈ ਦੇ ਕੰਮ ਜਾਰੀ ਰੱਖੇਗੀ।