Big News ਨਗਰ ਕੌਂਸਲ ਮੌੜ ਦੀ ਪ੍ਰਧਾਨਗੀ ਦੇ ਦੋਸ਼ ਪੁੱਜੇ 30 ਲੱਖ ’ਤੇ- ਵਿਧਾਇਕ ਅਦਾਲਤ ਕੋਲ ਪੁੱਜ ਗਿਆ
ਅਸ਼ੋਕ ਵਰਮਾ
ਬਠਿੰਡਾ, 28 ਜਨਵਰੀ 2026: ਗਣਤੰਤਰ ਦਿਵਸ ਸਮਾਗਮਾਂ ਮੌਕੇ ਨਗਰ ਕੌਂਸਲ ਮੌੜ ਦੇ ਪ੍ਰਧਾਨ ਕਰਨੈਲ ਸਿੰਘ ਵੱਲੋਂ ਵਿਧਾਨ ਸਭਾ ਹਲਕਾ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਤੇ ਪ੍ਰਧਾਨਗੀ ਬਦਲੇ 30 ਲੱਖ ਰੁਪਿਆ ਵਸੂਲਣ ਦੇ ਦੋਸ਼ਾਂ ਦਾ ਮਾਮਲਾ ਅਦਾਲਤ ਦੇ ਬੂਹੇ ਜਾ ਪੁੱਜਿਆ ਹੈ। ਅੱਜ ਵਿਧਾਇਕ ਮਾਈਸਰਖਾਨਾ ਨੇ ਆਪਣੇ ਵਕੀਲ ਰਾਹੀਂ ਪ੍ਰਧਾਨ ਕਰਨੈਲ ਸਿੰਘ ਨੂੰ ਮਾਣਹਾਨੀ ਦੇ ਮਾਮਲੇ ’ਚ ਕਾਨੂੰਨੀ ਨੋਟਿਸ ਭੇਜਕੇ 15 ਦਿਨਾਂ ਦੇ ਅੰਦਰ ਅੰਦਰ ਜਨਤਕ ਤੌਰ ਤੇ ਮੁਆਫੀ ਮੰਗਣ ਦੀ ਮੰਗ ਕੀਤੀ ਹੈ। ਨੋਇਸ ’ਚ ਇਹ ਵੀ ਕਿਹਾ ਗਿਆ ਹੈ ਕਿ ਅਜਿਹਾ ਨਾਂ ਹੋਣ ਦੀ ਸੂਰਤ ’ਚ ਪ੍ਰਧਾਨ ਖਿਲਾਫ 5 ਕਰੋੜ ਹਰਜਾਨੇ ਦਾ ਦਾਅਵਾ ਦਾਇਰ ਕੀਤਾ ਜਾਏਗਾ । ਨੋਟਿਸ ਅਨੁਸਾਰ 30 ਲੱਖ ਰੁਪਿਆ ਵਿਧਾਇਕ ਮਾਈਸਰਖਾਨਾਂ ਨੂੰ ਦੇਕੇ ਪ੍ਰਧਾਨ ਬਣਨ ਦੇ ਦੋਸ਼ਾਂ ਨਾਲ ਸਬੰਧਤ ਵੀਡੀਓ ਸੋਸ਼ਲ ਸਾਈਟਾਂ ਤੇ ਚੱਲ ਰਹੀਆਂ ਹਨ ਜਿਸ ਨਾਲ ਉਹ ਦਿਮਾਗੀ ਤੌਰ ਤੇ ਪ੍ਰੇਸ਼ਾਨ ਹਨ ।
ਵਿਧਾਇਕ ਨੇ ਕਿਹਾ ਕਿ ਪ੍ਰਧਾਨ ਕਰਨੈਲ ਸਿੰਘ ਨੇ ਪ੍ਰਧਾਨਗੀ ਲਈ 30 ਲੱਖ ਰੁਪਿਆ ਲੈਣ ਦੇ ਦੋਸ਼ ਲਾਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਹੈ ਜਦੋਂਕਿ ਉਹ ਪੂਰੀ ਤਰਾਂ ਬੇਦਾਗ ਹਨ। ਉਨ੍ਹਾਂ ਕਿਹਾ ਕਿ ਇਹ ਪੂਰੀ ਤਰਾਂ ਸੋਚ ਸਮਝਕੇ ਸਾਜਿਸ਼ਾਨਾ ਕਾਰਵਾਈ ਹੈ ਜਿਸ ਦਾ ਮਕਸਦ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲ ਮੋੜਨਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਨਗਰ ਕੌਂਸਲ ਚੋਣਾਂ ’ਚ ਆਮ ਆਦਮੀ ਪਾਰਟੀ ਨੂੰ ਸਿਆਸੀ ਤੌਰ ਤੇ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ ਜਿਸ ਲਈ ਇਹ ਵਿਵਾਦ ਖੜ੍ਹਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਕਰਨੈਲ ਸਿੰਘ ਨੇ ਗਣਤੰਤਰ ਦਿਵਸ ਦੀ ਮਾਣ ਮਰਿਆਦਾ ਦਾ ਭੋਰਾ ਵੀ ਖਿਆਲ ਨਹੀਂ ਰੱਖਿਆ ਅਤੇ ਚਲਦੇ ਪ੍ਰੋਗਰਾਮ ਦੌਰਾਨ ਹੀ ਬੇਤੁਕੇ ਦੋਸ਼ ਲਾ ਦਿੱਤੇ । ਉਨ੍ਹਾਂ ਕਿਹਾ ਕਿ ਪ੍ਰਧਾਨ ਕਰਨੈਲ ਸਿੰਘ ਨੇ ਇਸ ਮੰਚ ਨੂੰ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਵਰਤਿਆ ਹੈ।
ਉਨ੍ਹਾਂ ਕਿਹਾ ਕਿ ਅਸਲ ਵਿੱਚ ਅਜਿਹੀ ਕੋਈ ਗੱਲ ਹੀ ਨਹੀਂ ਹੈ ਬਲਕਿ ਉਨ੍ਹਾਂ ਦਾ ਸਵਾਲ ਤਾਂ ਪ੍ਰਧਾਨ ਨੂੰ ਹੈ ਕਿ ਜੇਕਰ ਉਸ ਨੇ ਉਨ੍ਹਾਂ ਨੂੰ ਪੈਸੇ ਦਿੱਤੇ ਸਨ ਤਾਂ ਅੱਜ ਤੱਕ ਕਿੳਂੁ ਚੁੱਪ ਸਨ। ਵਿਧਾਇਕ ਨੇ ਕਿਹਾ ਕਿ ਉਨ੍ਹਾਂ ਹੁਣ ਤੱਕ ਆਪਣਾ ਕੰਮ ਤਨਦੇਹੀ ਅਤੇ ਇਮਾਨਦਾਰੀ ਨਾਲ ਕੀਤਾ ਹੈ ਅਤੇ ਉਨ੍ਹਾਂ ਤੇ ਕਿਸੇ ਵੀ ਕਿਸਮ ਦੇ ਕੋਈ ਦੋਸ਼ ਵੀ ਨਹੀਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਤਾਂ ਸਰਕਾਰੀ ਗਰਾਂਟਾਂ ਨੂੰ ਵੀ ਇਮਾਨਦਾਰੀ ਨਾਲ ਵਰਤਿਆ ਹੈ ਅਤੇ ਨਗਰ ਕੌਂਸਲ ਦੇ ਵਿਕਾਸ ਕਾਰਜਾਂ ਨੂੰ ਤਰਜੀਹੀ ਅਧਾਰ ਤੇ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਵੱਲੋਂ ਲਾਏ ਦੋਸ਼ਾਂ ਕਾਰਨ ਉਨ੍ਹਾਂ ਦਾ ਸਮਾਜ ਵਿੱਚ ਵਿਚਰਨਾ ਔਖਾ ਹੋਇਆ ਪਿਆ ਹੈ। ਵਿਧਾਇਕ ਨੇ ਕਿਹਾ ਕਿ ਉਹ ਕਾਨੂੰਨੀ ਲੜਾਈ ਲੜਕੇ ਇਨਸਾਫ ਹਾਸਲ ਕਰਨਗੇ ਕਿਉਂਕਿ ਸਵਾਲ ਉਨ੍ਹਾਂ ਦੀ ਮਾਣ ਸਨਮਾਨ ਅਤੇ ਸਮਾਜ ਵਿੱਚ ਖਰਾਬ ਹੋਈ ਇੱਜਤ ਨਾਲ ਜੁੜਿਆ ਹੈ।
ਗੌਰਤਲਬ ਹੈ ਕਿ ਮੌੜ ਮੰਡੀ ਵਿਖੇ ਗਣਤੰਤਰ ਦਿਵਸ ਸਬੰਧੀ ਸਮਾਗਮ ਕਰਵਾਇਆ ਸੀ ਜਿਸ ਲਈ ਨਗਰ ਕੌਂਸਲ ਮੌੜ ਨੇ 1 ਲੱਖ ਰੁਪਏ ਖਰਚੇ ਸਨ। ਇਸ ਮੌਕੇ ਪ੍ਰੋਟੋਕੋਲ ਤਹਿਤ ਇੱਕ ਕੁਰਸੀ ਪ੍ਰਧਾਨ ਕਰਨੈਲ ਸਿੰਘ ਲਈ ਰਾਖਵੀਂ ਕੀਤੀ ਸੀ ਗਈ ਜਿਸ ਤੇ ਹਲਕਾ ਮੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਦਾ ਹਮਾਇਤੀ ਬੈਠ ਗਿਆ। ਪ੍ਰਧਾਨ ਦੇ ਵਾਰ ਵਾਰ ਕਹਿਣ ਤੇ ਉਸ ਨੇ ਕੁਰਸੀ ਨਹੀਂ ਛੱਡੀ ਤਾਂ ਉਹ ਆਪਣੇ ਲੜਕੇ ਦੇ ਨਾਲ ਦੂਸਰੀ ਕੁਰਸੀ ਤੇ ਬੈਠ ਗਏ। ਇਸ ਮੌਕੇ ਵਿਧਾਇਕ ਦੇ ਹਮਾਇਤੀਆਂ ਨੇ ਪ੍ਰਧਾਨ ਦੇ ਲੜਕੇ ਨੂੰ ਧੱਕੇ ਨਾਲ ਉਠਾਉਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਖੜ੍ਹਾ ਹੋਣ ਲਈ ਆਖ ਦਿੱਤਾ। ਪਹਿਲਾਂ ਤਾਂ ਪ੍ਰਧਾਨ ਵਿਧਾਇਕ ਤੇ ਭੜਕੇ ਅਤੇ ਪ੍ਰੋਗਰਾਮ ਤੋਂ ਬਾਹਰ ਆਕੇ ਜੰਮਕੇ ਭੜਾਸ ਕੱਢੀ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਬਨਾਉਣ ਬਦਲੇ ਵਿਧਾਇਕ ਨੇ ਉਨ੍ਹਾਂ ਤੋਂ 30 ਲੱਖ ਰੁਪਿਆ ਲਿਆ ਹੈ।
ਸਾਲ 2023 ’ਚ ਬਣਿਆ ਪ੍ਰਧਾਨ
ਪ੍ਰਧਾਨ ਕਰਨੈਲ ਸਿੰਘ ਨੇ ਅਗਸਤ 2023 ’ਚ ਪ੍ਰਧਾਨ ਵਜੋਂ ਸਹੁੰ ਚੁੱਕੀ ਸੀ। ਕਰਨੈਲ ਸਿੰਘ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ, ਪੀਲਜ਼ ਪਾਰਟੀ ਅਤੇ ਕਾਂਗਰਸ ਨਾਲ ਵੀ ਜੁੜੇ ਰਹੇ ਹਨ। ਆਮ ਆਦਮੀ ਪਾਰਟੀ ਦੇ ਸੱਤਾ ’ਚ ਆਉਣ ਤੋਂ ਬਾਅਦ ਉਨ੍ਹਾਂ ਨੇ ਝਾੜੂ ਚੁੱਕ ਲਿਆ ਸੀ। ਨਗਰ ਕੌਂਸਲ ਮੌੜ ਦੇ 17 ਵਾਰਡ ਹਨ ਅਤੇ ਵਾਰਡ ਨੰਬਰ 15 ਤੋਂ ਕਰਨੈਲ ਸਿੰਘ ਅਤੇ ਵਾਰਡ ਨੰਬਰ ਇੱਕ ਤੋਂ ਉਨ੍ਹਾਂ ਦੀ ਪਤਨੀ ਨੇ ਅਜਾਦ ਉਮੀਦਵਾਰ ਵਜੋਂ ਜਿੱਤ ਹਾਸਲ ਕੀਤੀ ਸੀ। ਤਕਰੀਬਨ 12 ਕੌਂਸਲਰਾਂ ਦੀ ਹਮਾਇਤ ਜੁਟਾਉਣ ਤੋਂ ਬਾਅਦ ਕਰਨੈਲ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਸੀ। ਦਿਲਚਸਪ ਗੱਲ ਇਹ ਹੈ ਕਿ ਵਿਵਾਦ ਤੋਂ ਬਾਅਦ ਉਨ੍ਹਾਂ ਨੇ ਆਪਣੇ ਫੇਸੁਬੱਕ ਅਕਾਊਂਟ ਤੇ ਆਪ ’ਚ ਸ਼ਾਮਲ ਹੋਣ ਵਾਲੀ ਫੋਟੋ ਪਾਈ ਹੈ ਜਦੋਂ ਕਿ ਇਸ ਤੋਂ ਪਹਿਲਾਂ ਕਾਂਗਰਸ ਵਾਲੀ ਫੋਟੋ ਲੱਗੀ ਹੋਈ ਸੀ।