ਮਾਨਸਾ ਜ਼ਿਲ੍ਹੇ ਦੇ ਪਿੰਡ ਖਿਲਣ ਦੀ ਸਾਬਕਾ ਸਰਪੰਚ ਦੇ ਕਤਲ ਮਾਮਲੇ 'ਚ ਪਿਉ-ਪੁੱਤ ਗ੍ਰਿਫ਼ਤਾਰ
ਅਸ਼ੋਕ ਵਰਮਾ
ਮਾਨਸਾ, 29 ਜਨਵਰੀ 2026: ਮਾਨਸਾ ਜ਼ਿਲ੍ਹੇ ਦੇ ਪਿੰਡ ਖਿੱਲਣ ਵਿਖੇ ਲੰਘੀ 24 ਜਨਵਰੀ ਨੂੰ ਪਿੰਡ ਦੀ ਸਾਬਕਾ ਮਹਿਲਾ ਸਰਪੰਚ ਦਾ ਕਤਲ ਕਰਨ ਦੇ ਮਾਮਲੇ 'ਚ ਪੁਲਿਸ ਪਿਤਾ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਐਸਪੀ (ਐਚ) ਪ੍ਰਦੀਪ ਸੰਧੂ ਨੇ ਜਾਣਕਾਰੀ ਦਿੰਦਿਆਂ
ਦੱਸਿਆ ਕਿ 24 ਜਨਵਰੀ ਨੂੰ ਥਾਣਾ ਸਦਰ ਮਾਨਸਾ ਦੀ ਪੁਲਿਸ ਕੋਲ ਇਤਲਾਹ ਆਈ ਸੀ ਕਿ ਪਿੰਡ ਖਿੱਲਣ ਵਿਖੇ ਮਹਿੰਦਰਜੀਤ ਕੌਰ (45) ਸਾਬਕਾ ਸਰਪੰਚ ਪਤਨੀ ਮਨਪ੍ਰੀਤ ਸਿੰਘ ਵਾਸੀ ਖਿੱਲਣ ਹਾਲ ਅਬਾਦ ਨੇੜੇ ਆਈ.ਟੀ.ਆਈ ਬੁਢਲਾਡਾ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਹੈ। ਇਸ ਸਬੰਧ 'ਚ ਤੁਰੰਤ ਕਾਰਵਾਈ - ਕਰਦਿਆਂ ਮ੍ਰਿਤਕਾ ਦੇ ਪਤੀ ਮਨਪ੍ਰੀਤ - ਸਿੰਘ ਦੇ ਬਿਆਨ 'ਤੇ ਥਾਣਾ ਸਦਰ - ਮਾਨਸਾ ਵਿਖੇ ਅਮਨਿੰਦਰ ਸਿੰਘ ਪੁੱਤਰ ਭਗਵੰਤ ਸਿੰਘ, ਭਗਵੰਤ ਸਿੰਘ ਪੁੱਤਰ ਮੱਲ ਸਿੰਘ, ਗੁਰਪਾਲ ਸਿੰਘ ਪੁੱਤਰ ਅਮਰੀਕ ਸਿੰਘ ਵਾਸੀਆਨ ਖਿੱਲਣ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ।
ਉਹਨਾਂ ਦੱਸਿਆ ਕਿ ਇਸ ਉਪਰੰਤ ਤੁਰੰਤ ਡੀਐਸਪੀ ਬੂਟਾ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਅਮਰੀਕ ਸਿੰਘ ਮੁੱਖ ਅਫਸਰ ਥਾਣਾ ਸਦਰ ਮਾਨਸਾ, ਸਹਾਇਕ ਥਾਣੇਦਾਰ ਰਾਜਵਿੰਦਰ ਸਿੰਘ ਚੌਂਕੀ ਇੰਚਰਾਜ ਨਰਿੰਦਰਪੁਰਾ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ,ਜਿੰਨਾਂ ਵੱਲੋ ਮੁਸ਼ਤੈਦੀ ਅਤੇ ਵਿਗਿਆਨਿਕ ਤਰੀਕੇ ਨਾਲ ਕੰਮ ਕਰਦੇ ਹੋਏ ਕੁਝ ਹੀ ਸਮੇਂ ਵਿੱਚ ਅਮਨਿੰਦਰ ਸਿੰਘ (40) ਅਤੇ ਭਗਵੰਤ ਸਿੰਘ (64) ਨੂੰ ਕਾਬੂ ਕਰ ਲਿਆ ਗਿਆ। ਮੁਲਜ਼ਮਾਂ ਕੋਲੋਂ ਕਤਲ ਸਮੇਂ ਵਰਤੇ ਹਥਿਆਰ (32 ਬੋਰ ਰਿਵਾਲਵਰ, 12 ਬੋਰ ਡਬਲ ਬੈਰਲ ਬੰਦੂਕ ਸਮੇਤ ਕਾਰਤੂਸ) ਅਤੇ ਸਕਰਾਪਿਓ ਗੱਡੀ ਬਿਨ੍ਹਾ ਨੰਬਰੀ ਨੂੰ ਬਰਾਮਦ ਕੀਤਾ ਗਿਆ ਹੈ।ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਮਹਿੰਦਰਜੀਤ ਕੌਰ ਅਤੇ ਅਮਨਿੰਦਰ ਸਿੰਘ ਦਾ ਆਪਸ 'ਚ ਜ਼ਮੀਨੀ ਝਗੜਾ ਹੋਣ ਕਰਕੇ ਮਹਿੰਦਰਜੀਤ ਕੌਰ ਦਾ ਕਤਲ ਕੀਤਾ ਗਿਆ ਹੈ।ਗ੍ਰਿਫਤਾਰ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿੰਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।