ਬੱਚੀ ਨਾਲ ਦਵਾਈ ਲੈਣ ਜਾ ਰਹੇ ਮੋਟਰਸਾਈਕਲ ਸਵਾਰ ਪਤੀ ਪਤਨੀ ਨੂੰ ਪ੍ਰਾਈਵੇਟ ਬੱਸ ਨੇ ਮਾਰੀ ਟੱਕਰ, ਮੌਤ
ਘਟਨਾ ਹੋਈ ਸੀਸੀਟੀਵੀ ਕੈਮਰੇ ਚ ਕੈਦ
ਰੋਹਿਤ ਗੁਪਤਾ
ਗੁਰਦਾਸਪੁਰ : ਗੁਰਦਾਸਪੁਰ ਦੇ ਕਸਬਾ ਬਹਿਰਾਮਪੁਰ ਨੇੜੇ ਹੋਏ ਇੱਕ ਦਿਲ ਦਹਿਲਾਉਣ ਵਾਲੇ ਹਾਦਸੇ ਵਿੱਚ ਇੱਕ ਛੋਟੀ ਬੱਚੀ ਨਾਲ ਮੋਟਰਸਾਈਕਲ ਤੇ ਸਵਾਰ ਪਤੀ-ਪਤਨੀ ਨੂੰ ਪ੍ਰਾਈਵੇਟ ਬੱਸ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਪਤਨੀ ਦੀ ਹਸਪਤਾਲ ਇਲਾਜ ਤੇ ਲਿਜਾਂਦੇ ਸਮੇਂ ਮੌਤ ਹੋ ਗਈ, ਜਦਕਿ ਪਤੀ ਤੇ ਛੋਟੀ ਬੱਚੀ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਉਧਰ ਸੜਕ ਕਿਨਾਰੇ ਦੁਕਾਨਾਂ ਤੇ ਲੱਗੇ ਸੀਸੀਟੀਵੀ ਕੈਮਰੇ ਚ ਸਾਰੀ ਘਟਨਾ ਕੈਦ ਹੋ ਗਈ।
ਜਾਣਕਾਰੀ ਅਨੁਸਾਰ ਸੁਰੇਸ਼ ਕੁਮਾਰ ਆਪਣੀ ਪਤਨੀ ਸੁਦੇਸ ਕੁਮਾਰੀ (44) ਅਤੇ ਬੇਟੀ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਮਰਾੜਾ ਤੋ ਦੀਨਾਨਗਰ ਵਿਖੇ ਡਾਕਟਰ ਕੋਲ ਦਵਾਈ ਲੈਣ ਜਾ ਰਹੇ ਸਨ। ਜਦ ਉਹ ਬਹਿਰਾਮਪੁਰ ਪਹੁੰਚੇ ਤਾਂ ਉਧਰੋਂ ਆ ਰਹੀ ਇੱਕ ਤੇਜ਼ ਰਫਤਾਰ ਬੱਸ ਨੇ ਮੋਟਰਸਾਈਕਲ ਨੂੰ ਸਾਈਡ ਮਾਰ ਦਿੱਤੀ , ਜਿਸ ਕਾਰਨ ਸੁਦੇਸ਼ ਕੁਮਾਰੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ ਅਤੇ ਹਸਪਤਾਲ ਲੈ ਜਾਂਦਿਆਂ ਉਸ ਦੀ ਮੌਤ ਹੋ ਗਈ।