ਮੁਕਤਸਰ ਵਿਖੇ ਚਾਲੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ ਮੇਲਾ ਜਾਗਦੇ ਜੁਗਨੂਆਂ ਦਾ ਆਗਾਜ਼
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ 2026 : ਚਾਲੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ ਜ਼ਿਲ੍ਹਾ ਪ੍ਰਸਾਸ਼ਨ ਸ੍ਰੀ ਮੁਕਤਸਰ ਸਾਹਿਬ ਅਤੇ ਜ਼ਿਲ੍ਹਾ ਕਲਚਰਲ ਅਤੇ ਹੈਰੀਟੇਜ ਸੁਸਾਇਟੀ ਸ਼੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਵਿਰਾਸਤ- ਏ -ਪੰਜਾਬ ,ਮੇਲਾ ਜਾਗਦੇ ਜੁਗਨੂੰਆਂ ਦਾ ਉਦਘਾਟਨ ਗੁਰੂ ਗੋਬਿੰਦ ਸਿੰਘ ਪਾਰਕ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਧਾਇਕ ਕਾਕਾ ਸਿੰਘ ਬਰਾੜ ਵੱਲੋਂ ਕੀਤਾ ਗਿਆ।
ਮੇਲਾ ਜਾਗਦੇ ਜੁਗਨੂੰਆਂ ਦਾ ਵੈਲਫੇਅਰ ਸੁਸਾਇਟੀ (ਰਜਿ.) ਪੰਜਾਬ ਦੀ ਸਮੁੱਚੀ ਟੀਮ ਵੱਲੋਂ ਲਗਾਏ ਗਏ ਸਟਾਲਾਂ ਤੇ ਪੁਸਤਕ ਪ੍ਰਦਰਸ਼ਨੀਆਂ ,ਵਿਰਾਸਤੀ ਰੁੱਖਾਂ ਦੇ ਬੀਜ ਅਤੇ ਰੁੱਖ,ਸ਼ਹਿਦ ਨਾਲ ਬਣੀਆਂ ਵਸਤਾਂ,ਮੱਕੀ ਦੀ ਰੋਟੀ, ਸਰੋਂ ਦਾ ਸਾਗ, ਕਾੜ੍ਹਨੀ ਦਾ ਦੁੱਧ, ਮਾਲ੍ਹ ਪੂੜੇ,ਘੁਲਾੜੇ ਦਾ ਗੁੜ, ਖੀਰ ਮੱਠੀਆਂ, ਖਿਚੜੀ, ਗੁਲਗਲੇ,ਭੱਠੀ ਤੇ ਦਾਣੇ ਭੁੰਨ ਰਹੀ ਭਠਿਆਰਨ , ਪੰਜਾਬ ਦਿਹਾਤੀ ਅਜੀਵਕਾ ਮਿਸ਼ਨ ਪੰਜਾਬ ਦੇ ਸੈਲਫ ਹੈਲਪ ਗਰੁੱਪ ਦੀਆਂ ਬੀਬੀਆਂ ਵੱਲੋਂ ਵੱਖ ਵੱਖ ਕਿੱਤਾ ਮੁਖੀ ਸਟਾਲ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਸਟੇਜ ਦਾ ਆਗਾਜ ਭਾਈ ਧਵਲੇਸ਼ਵਰ ਸਿੰਘ ਬਠਿੰਡਾ ਵੱਲੋਂ ਸ਼ਬਦ ਗਾਇਣ ਰਾਹੀਂ ਕੀਤਾ ਗਿਆ।
ਇਸ ਮੌਕੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੱਲੋਂ ਮੇਲੇ ਵਿੱਚ ਲੱਗੇ ਸਟਾਲਾਂ ਦੀ ਨਜ਼ਰਸਾਨੀ ਕਰਦਿਆਂ ਮੇਲਾ ਜਾਗਦੇ ਜੁਗਨੂੰਆਂ ਦਾ, ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੇਲਾ ਜਾਗਦੇ ਜੁਗਨੂੰਆਂ ਦਾ,ਬਠਿੰਡਾ ਟੀਮ ਵੱਲੋਂ ਪਾਣੀ,ਹਵਾ,ਧਰਤੀ ਨੂੰ ਬਚਾਉਣ ਦਾ ਬਹੁਤ ਹੀ ਵਧੀਆ ਸਨੇਹਾ ਦਿੱਤਾ ਜਾ ਰਿਹਾ ਹੈ।
ਗੁਰਦੇਵ ਸਿੰਘ ਮੱਲਣ ਦੇ ਢਾਡੀ ਜਥੇ ਵੱਲੋਂ ਢਾਡੀ ਵਾਰਾਂ ਰਾਹੀਂ ਦਸਵੇਂ ਪਾਤਸ਼ਾਹ ਦਾ ਗੁਰ ਇਤਿਹਾਸ ਸੰਗਤਾਂ ਦੇ ਸਨਮੁੱਖ ਕੀਤਾ। ਮਾਘੀ ਮੇਲੇ ਦੀ ਮਹੱਤਤਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਸਿੱਖ ਬੁੱਧੀਜੀਵੀ ਭਾਈ ਜਸ਼ਕਰਨ ਸਿੰਘ ਸਿਵੀਆਂ ਨਾਲ ਸੁਰਿੰਦਰਪਾਲ ਸਿੰਘ ਬੱਲੂਆਣਾ ਵੱਲੋਂ ਸੰਵਾਦ ਰਚਾਇਆ ਗਿਆ। ਜਸ਼ਕਰਨ ਸਿੰਘ ਸਿਵੀਆਂ ਵੱਲੋਂ ਗੋਪਾਲ ਸਿੰਘ ਸੇਵਾ ਮੁਕਤ ਐਸਡੀਐਮ ਨਾਲ ਸੀਨੀਅਰ ਸਿਟੀਜਨ ਐਕਟ ਸਬੰਧੀ ਸੰਵਾਦ ਰਚਾਇਆ ਗਿਆ। ਜੀਤ ਜੋਗੀ ਅਤੇ ਹਰਭਜਨ ਵੱਲੋਂ ਸੰਗੀਤਕ ਮਹਿਫਲ ਸਜਾਈ ਗਈ।
ਇਸ ਮੌਕੇ ਜਗਮੋਹਨ ਸਿੰਘ ਮਾਨ ਜ਼ਿਲ੍ਹਾ ਭਲਾਈ ਅਫਸਰ , ਮੇਲਾ ਜਾਗਦੇ ਜੁਗਨੂੰਆਂ ਦੀ ਟੀਮ ਚੋਂ ਸੁਖਵਿੰਦਰ ਸਿੰਘ ਸੁੱਖਾ, ਜਗਤਾਰ ਅਣਜਾਣ, ਹਰਮਿਲਾਪ ਗਰੇਵਾਲ, ਹਰਵਿੰਦਰ ਬਰਾੜ, ਪ੍ਰੀਤ ਕੈਂਥ, ਸੁਖਜੀਵਨ ਢਿੱਲੋਂ,ਗੁਰਨੈਬ ਸਾਜਨ ਦਿਉਣ, ਰੁਪਿੰਦਰ ਕੌਰ ਬਠਿੰਡਾ,ਗਾਇਕਾ ਕਿਰਨ ਸਾਬੋ, ਮੌਜੂਦ ਸਨ।