ਮਾਨ ਸਰਕਾਰ ਦੀ ਗੈਂਗਸਟਰਵਾਦ ਵਿਰੁੱਧ ‘ਜ਼ੀਰੋ ਟੋਲਰੈਂਸ’ ਨੀਤੀ ਤਹਿਤ ਪੁਲਿਸ ਨੂੰ ਮਿਲੀ ਵੱਡੀ ਸਫਲਤਾ: ਕੁਲਦੀਪ ਸਿੰਘ ਧਾਲੀਵਾਲ
*ਜਰਨੈਲ ਸਿੰਘ ਵਲਟੋਹਾ ਕਤਲ ਕਾਂਡ ਦੇ ਸਾਰੇ 7 ਦੋਸ਼ੀ ਕਾਬੂ, ਪੰਜਾਬ ਪੁਲਿਸ ਨੇ 8 ਦਿਨਾਂ ਵਿੱਚ ਸੁਲਝਾਈ ਗੁੱਥੀ:ਧਾਲੀਵਾਲ*
*ਛੱਤੀਸਗੜ੍ਹ ਤੋਂ ਫੜੇ ਗਏ ਸ਼ੂਟਰਾਂ ਨੂੰ ਜਲਦ ਲਿਆਂਦਾ ਜਾਵੇਗਾ ਪੰਜਾਬ, ਹੋਣਗੇ ਵੱਡੇ ਖੁਲਾਸੇ:ਧਾਲੀਵਾਲ*
*ਪੰਜਾਬ ਵਿੱਚ ਅਮਨ-ਕਾਨੂੰਨ ਭੰਗ ਕਰਨ ਵਾਲਿਆਂ ਲਈ ਸਿਰਫ ਦੋ ਹੀ ਥਾਵਾਂ ਹਨ ਜੇਲ੍ਹ ਜਾਂ ਫਿਰ ਪੁਲਿਸ ਦੀ ਗੋਲੀ: ਧਾਲੀਵਾਲ*
ਅੰਮ੍ਰਿਤਸਰ/ਚੰਡੀਗੜ੍ਹ 12 ਜਨਵਰੀ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਪੰਜਾਬ ਪੁਲਿਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਜੋ ਕਹਿੰਦੀ ਹੈ, ਉਹ ਕਰਕੇ ਦਿਖਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਅੰਮ੍ਰਿਤਸਰ ਦੇ ਇੱਕ ਪੈਲੇਸ ਵਿੱਚ ਜਰਨੈਲ ਸਿੰਘ ਸਰਪੰਚ ਵਲਟੋਹਾ ਦੇ ਕਤਲ ਵਿੱਚ ਸ਼ਾਮਿਲ 7 ਦੋਸ਼ੀਆਂ ਨੂੰ ਪੁਲਿਸ ਨੇ ਸਿਰਫ 8 ਦਿਨਾਂ ਦੇ ਅੰਦਰ ਗ੍ਰਿਫ਼ਤਾਰ ਕਰਕੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ।
ਆਪ ਆਗੂ ਪ੍ਰਬਵੀਰ ਸਿੰਘ ਬਰਾੜ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਕੇਂਦਰੀ ਏਜੰਸੀਆਂ ਅਤੇ ਹੋਰਨਾਂ ਰਾਜਾਂ ਦੀ ਪੁਲਿਸ ਨਾਲ ਤਾਲਮੇਲ ਕਰਕੇ ਇਸ ਆਪ੍ਰੇਸ਼ਨ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਹੈ। ਉਨ੍ਹਾਂ ਕਿਹਾ, ਦੋਸ਼ੀਆਂ ਨੇ ਬਿਹਾਰ, ਪਟਨਾ, ਨਾਂਦੇੜ ਅਤੇ ਰਾਏਪੁਰ ਛੱਤੀਸਗੜ੍ਹ ਵਰਗੇ ਇਲਾਕਿਆਂ ਵਿੱਚ ਪਨਾਹ ਲਈ ਸੀ,ਜਿਨ੍ਹਾਂ ਨੂੰ ਸਾਡੀ ਪੁਲਿਸ ਨੇ 110 ਕੀਲੋਮੀਟਰ ਤਕ ਸੀਸੀਟੀਵੀ ਟ੍ਰੈਕ ਕਰ ਕੇ ਅਤੇ ਤਕਨੀਕੀ ਸਬੂਤਾਂ ਦੇ ਆਧਾਰ 'ਤੇ ਕਾਬੂ ਕੀਤਾ ਹੈ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਤਰਨਤਾਰਨ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਹੋਰ ਦੋਸ਼ੀਆਂ ਕੁਲਵਿੰਦਰ ਸਿੰਘ ਕਿੰਦਾ, ਅਰਮਾਨਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਹਥਿਆਰ ਅਤੇ ਮੋਟਰਸਾਈਕਲ ਮੁਹੱਈਆ ਕਰਵਾਏ ਸਨ। ਛੱਤੀਸਗੜ੍ਹ ਤੋਂ ਫੜੇ ਗਏ ਦੋ ਮੁੱਖ ਦੋਸ਼ੀਆਂ ਨੂੰ ਇੱਕ-ਦੋ ਦਿਨਾਂ ਵਿੱਚ ਪੰਜਾਬ ਲਿਆਂਦਾ ਜਾਵੇਗਾ, ਜਿਸ ਤੋਂ ਬਾਅਦ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਧਾਲੀਵਾਲ ਨੇ ਕਿਹਾ ਕਿ ਇਹ ਕਤਲ ਵਿਦੇਸ਼ਾਂ ਵਿੱਚ ਬੈਠੇ ਆਪਰੇਟਰਾਂ ਦੇ ਇਸ਼ਾਰੇ 'ਤੇ ਕੀਤੇ ਜਾ ਰਹੇ ਹਨ, ਜੋ ਇੱਥੇ ਫੰਡਿੰਗ ਅਤੇ ਹਥਿਆਰ ਮੁਹੱਈਆ ਕਰਵਾਉਂਦੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਪੰਜਾਬ ਦੀ ਧਰਤੀ 'ਤੇ ਖੂਨ ਖਰਾਬਾ ਕਰਨ ਵਾਲਿਆਂ ਲਈ ਸਿਰਫ ਦੋ ਹੀ ਥਾਵਾਂ ਹਨ ਜੇਲ੍ਹ ਜਾਂ ਫਿਰ ਪੁਲਿਸ ਦੀ ਗੋਲੀ।
ਧਾਲੀਵਾਲ ਨੇ ਪੰਜਾਬ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਮਾਨ ਸਰਕਾਰ ਗੈਂਗਸਟਰਵਾਦ ਅਤੇ ਡਰੱਗ ਮਾਫੀਆ ਵਿਰੁੱਧ ਲੰਬੀ ਲੜਾਈ ਲੜ ਰਹੀ ਹੈ ਅਤੇ ਜਲਦੀ ਹੀ ਪੰਜਾਬ ਨੂੰ ਇਨ੍ਹਾਂ ਅਲਾਮਤਾਂ ਤੋਂ ਪੂਰੀ ਤਰ੍ਹਾਂ ਮੁਕਤ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੀ ਬਹਾਦਰੀ 'ਤੇ ਸਾਨੂੰ ਮਾਣ ਹੈ, ਜਿਸ ਨੇ ਕਾਲੇ ਦੌਰ ਵੇਲੇ ਵੀ ਪੰਜਾਬ ਦੀ ਰਾਖੀ ਕੀਤੀ ਸੀ ਅਤੇ ਹੁਣ ਵੀ ਦਿਨ-ਰਾਤ ਇੱਕ ਕਰਕੇ ਸੂਬੇ ਵਿੱਚ ਅਮਨ-ਸ਼ਾਂਤੀ ਬਹਾਲ ਰੱਖ ਰਹੀ ਹੈ।