ਕਮਾਲ ਦੇ ਬੰਦੇ: ਓਟਾਗੋ ਵਿਚ ਸੋਨਾ ਕਿਸਨੇ ਲੱਭਿਆ?
ਮੁੰਬਈ ਤੋਂ ਆਏ ‘ਬਲੈਕ ਪੀਟਰ’ ਨੇ 1858 ਵਿਚ ਲੱਭਿਆ ਸੀ ਸੋਨਾ-ਪਰ ਸਿਹਰਾ ਕਿਸੇ ਹੋਰ ਦੇ ਸਜ ਗਿਆ
-ਅਸਲ ਨਾਂਅ ਸੀ ਐਡਵਰਡ ਪੀਟਰਸ ਪਰ ਪੱਕੇ ਰੰਗ ਕਰਕੇ ਕਿਹਾ ਗਿਆ ‘ਕਾਲਾ ਪੀਟਰ’
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 12 ਜਨਵਰੀ 2026:-ਨਿਊਜ਼ੀਲੈਂਡ ਦੇ ਦੱਖਣੀ ਟਾਪੂ ਦੇ ਸ਼ਹਿਰ ਓਟਾਗੋ ਨੇੜੇ 167 ਸਾਲ ਪਹਿਲਾਂ ਸੋਨੇ ਦੀ ਖੋਜ਼ ਕਰਨ ਵਾਲਾ ਭਾਰਤੀ ਐਡਵਰਡ ਪੀਟਰਸ ਦੀ ਕਹਾਣੀ ਪਰ ਉਸ ਸਮੇਂ ਦੇ ਨਸਲਵਾਦ ਅਤੇ ਸਮਾਜਿਕ ਢਾਂਚੇ ਕਾਰਨ ਦੱਬੀ ਰਹਿ ਗਈ। ਇੱਕ ‘ਗੈਰ-ਯੂਰਪੀ’ ਵਿਅਕਤੀ ਹੋਣ ਕਰਕੇ ਉਸਦੀ ਗੱਲ ’ਤੇ ਸਰਕਾਰੀ ਅਧਿਕਾਰੀਆਂ ਨੇ ਭਰੋਸਾ ਨਹੀਂ ਕੀਤਾ ਅਤੇ ਉਸ ਦੀ ਖੋਜ ਨੂੰ ਅਣਗੌਲਿਆ ਕਰ ਦਿੱਤਾ ਗਿਆ। ਜਿਸ ਸੋਨੇ ਕਰਕੇ ਡੁਨੀਡਨ ਸ਼ਹਿਰ ਅਮੀਰ ਬਣਿਆ ਉਸ ਦੇ ਪਿੱਛੇ ਦੋ ਵਿਅਕਤੀਆਂ ਦੀ ਕਹਾਣੀ ਹੈ। ਆਓ ਜਾਣੀਏ:-
ਬਲੈਕ ਪੀਟਰ: ਭਾਰਤ ਤੋਂ ਆਇਆ ਅਸਲੀ ਖੋਜੀ
ਨਿਊਜ਼ੀਲੈਂਡ ਦੇ ਇਤਿਹਾਸ ਵਿੱਚ 1861 ਦਾ ਸਾਲ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ, ਜਦੋਂ ਓਟਾਗੋ ਵਿੱਚ ਸੋਨੇ ਦੇ ਚਮਕਦੇ ਇਤਿਹਾਸ ਦੇ ਪਿੱਛੇ ਦੋ ਵਿਅਕਤੀਆਂ ਦੀ ਕਹਾਣੀ ਚਰਚਾ ਬਣੀ ਸੀ। ਇੱਕ ਜਿਸ ਨੂੰ ਸਾਰੀ ਦੁਨੀਆ ਨੇ ਜਾਣਿਆ, ਅਤੇ ਦੂਜਾ ਐਡਵਰਡ ਪੀਟਰਸ ਜਿਸ ਨੂੰ ਇਤਿਹਾਸ ਨੇ ਲਗਭਗ ਵਿਸਾਰ ਦਿੱਤਾ ਸੀ
ਮੁੱਢਲਾ ਜੀਵਨ
ਐਡਵਰਡ ਪੀਟਰਸ ਦਾ ਜਨਮ ਭਾਰਤ ਦੇ ਮਹਾਰਾਸ਼ਟਰ ਰਾਜ ਦੇ ਸਤਾਰਾ ਵਿੱਚ ਲਗਭਗ 1826 ਦੇ ਆਸ-ਪਾਸ ਹੋਇਆ ਸੀ, ਹਾਲਾਂਕਿ ਇਹ ਪੂਰੀ ਤਰ੍ਹਾਂ ਯਕੀਨੀ ਨਹੀਂ ਹੈ। ਵਰਨਣਯੋਗ ਹੈ ਕਿ ਸਤਾਰਾ ਅਤੇ ਸਿੱਖ ਇਤਿਹਾਸ ਦਾ ਆਪਸੀ ਸਬੰਧ ਬਹੁਤ ਡੂੰਘਾ ਅਤੇ ਅਧਿਆਤਮਿਕ ਹੈ। ਮਰਾਠਾ ਜਾਤੀ ਵਿੱਚ ਜਨਮੇ ਪੀਟਰਸ ਨੂੰ ਅਕਸਰ ਬੰਬਈ (ਮੁੰਬਈ) ਦਾ ਵਸਨੀਕ, ਯੂਰੇਸ਼ੀਅਨ ਜਾਂ ‘ਹਾਫ-ਕਾਸਟ’ (ਮਿਸ਼ਰਤ ਨਸਲ) ਵਜੋਂ ਦਰਜ ਕੀਤਾ ਗਿਆ ਹੈ। ਰੋਜ਼ੀ-ਰੋਟੀ ਦੀ ਭਾਲ ਵਿੱਚ, ਉਹ ਕਿਸੇ ਸਮੇਂ ਬੰਬਈ ਚਲੇ ਗਏ ਅਤੇ ਜਹਾਜ਼ਾਂ ’ਤੇ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਇਹ ਕੰਮ ਉਹਨਾਂ ਨੂੰ ਸ਼ੁਰੂ ਵਿੱਚ ਕੈਲੀਫੋਰਨੀਆ ਲੈ ਗਿਆ, ਜਿੱਥੇ ਉਹਨਾਂ ਨੇ 1840 ਦੇ ਦਹਾਕੇ ਦੇ ਅਖੀਰ ਵਿੱਚ ’ਗੋਲਡ ਰਸ਼’ (ਸੋਨੇ ਦੀ ਖੋਜ ਦੀ ਮੁਹਿੰਮ) ਵਿੱਚ ਹਿੱਸਾ ਲਿਆ। ਇਹ ਬਹੁਤ ਸੰਭਵ ਹੈ ਕਿ ਉਹਨਾਂ ਨੇ ਭਾਰਤ ਛੱਡਣ ਅਤੇ ਪੱਛਮ ਵਿੱਚ ਪਹੁੰਚਣ ਦੇ ਵਿਚਕਾਰ ਆਪਣਾ ਈਸਾਈ ਨਾਮ ਅਪਣਾਇਆ ਸੀ। ਕੈਲੀਫੋਰਨੀਆ ਤੋਂ ਬਾਅਦ, ਕੁਝ ਸਬੂਤ ਮਿਲਦੇ ਹਨ ਕਿ ਪੀਟਰਸ ਆਸਟ?ਰੇਲੀਆ ਵਿੱਚ ਵਿਕਟੋਰੀਅਨ ਸੋਨੇ ਦੇ ਖੇਤਰਾਂ ਵਿੱਚ ਕੰਮ ਕਰਨ ਲਈ ਚਲੇ ਗਏ ਸਨ, ਪਰ ਇਹ ਅਜੇ ਵੀ ਅਨਿਸ਼ਚਿਤ ਹੈ ਅਤੇ ਇਸਦੇ ਦਸਤਾਵੇਜ਼ ਬਹੁਤ ਘੱਟ ਹਨ।
ਨਿਊਜ਼ੀਲੈਂਡ ਆਮਦ:
ਪੀਟਰਸ ਅੰਤ ਵਿੱਚ ‘ਮਾਓਰੀ’ ਨਾਮਕ ਸਮੁੰਦਰੀ ਜਹਾਜ਼ ਰਾਹੀਂ ਨਿਊਜ਼ੀਲੈਂਡ ਪਹੁੰਚੇ, ਜਿੱਥੇ ਉਹ ਜਹਾਜ਼ ਦੇ ਰਸੋਈਏ (ਕੁੱਕ) ਵਜੋਂ ਭਰਤੀ ਹੋਏ ਸਨ। ‘ਮਾਓਰੀ’ ਜਹਾਜ਼ ਪਹਿਲਾਂ ਇੰਗਲੈਂਡ ਦੇ ਗ੍ਰੇਵਸੈਂਡ ਤੋਂ ਰਵਾਨਾ ਹੋਇਆ ਅਤੇ 27 ਅਗਸਤ 1853 ਨੂੰ ਆਪਣੀ ਅੰਤਿਮ ਮੰਜ਼ਿਲ, ਪੋਰਟ ਚੈਲਮਰਸ, ਓਟਾਗੋ ਪਹੁੰਚਿਆ। 31 ਅਗਸਤ 1853 ਨੂੰ ਪੀਟਰਸ ਨੇ ਜਹਾਜ਼ ਤੋਂ ਉਤਰਨ ਦਾ ਫੈਸਲਾ ਕੀਤਾ, ਹਾਲਾਂਕਿ ਉਹਨਾਂ ਕੋਲ ਬ੍ਰਿਟਿਸ਼ ਅਧਿਕਾਰੀਆਂ ਤੋਂ ਕਿਸੇ ‘ਕ੍ਰਾਊਨ ਕਲੋਨੀ’ (ਬ੍ਰਿਟਿਸ਼ ਸ਼ਾਸਨ ਅਧੀਨ ਖੇਤਰ) ਵਿੱਚ ਪੈਰ ਰੱਖਣ ਦੀ ਇਜਾਜ਼ਤ ਨਹੀਂ ਸੀ। ਪੀਟਰਸ ਇਸ ਪਾਬੰਦੀ ਬਾਰੇ ਜਾਣੂ ਸਨ ਅਤੇ ਜਹਾਜ਼ ਦੇ ਕਪਤਾਨ, ਜੀ. ਪੈਥਰਬ੍ਰਿਜ ਨੂੰ ਸੂਚਿਤ ਕੀਤੇ ਬਿਨਾਂ ਹੀ ਉਤਰ ਗਏ। ਉਹਨਾਂ ਨੇ ਆਪਣੇ ਆਪ ਨੂੰ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ, ਜਿੱਥੇ ਉਹਨਾਂ ਨੂੰ ਛੇ ਹਫ਼ਤਿਆਂ ਦੀ ਸਖ਼ਤ ਮਿਹਨਤ ਦੀ ਸਜ਼ਾ ਸੁਣਾਈ ਗਈ। ਸਜ਼ਾ ਪੂਰੀ ਹੋਣ ਤੋਂ ਬਾਅਦ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ ਓਟਾਗੋ ਵਿੱਚ ਖੁੱਲ੍ਹ ਕੇ ਵੱਸਣ ਦੀ ਇਜਾਜ਼ਤ ਦੇ ਦਿੱਤੀ ਗਈ। ਬਿਨਾਂ ਇਜਾਜ਼ਤ ਜਹਾਜ਼ ਛੱਡਣ ਦੇ ਬਾਵਜੂਦ, ਐਡਵਰਡ ਪੀਟਰਸ ਦੀ ਇਮਾਨਦਾਰੀ ਦੀ ਮਿਸਾਲ ਇਹ ਦਿੱਤੀ ਜਾਂਦੀ ਹੈ ਕਿ ਉਹਨਾਂ ਨੇ ਬਿਨਾਂ ਕਿਸੇ ਨਿਗਰਾਨੀ ਦੇ ਕੰਮ ਵਾਲੀਆਂ ਥਾਵਾਂ ’ਤੇ ਖੁਦ ਜਾ ਕੇ ਆਪਣੀ ਸਜ਼ਾ ਦੌਰਾਨ ਵਾਲੀ ਮਿਹਨਤ ਪੂਰੀ ਕੀਤੀ ਸੀ। ਐਡਵਰਡ ਪੀਟਰਸ, ਜਿਸ ਨੂੰ ਹੁਣ ਲੋਕ ਪਿਆਰ ਅਤੇ ਉਸ ਦੇ ਰੰਗ ਕਾਰਨ ‘ਬਲੈਕ ਪੀਟਰ’ ਕਹਿਣ ਲੱਗ ਪਏ ਸਨ।
ਉਹ ਨਾ ਸਿਰਫ਼ ਇੱਕ ਮਾਹਰ ਘੋੜਸਵਾਰ ਸੀ, ਸਗੋਂ ਉਸ ਨੂੰ ਜ਼ਮੀਨ ਅਤੇ ਕੁਦਰਤ ਦੀ ਵੀ ਡੂੰਘੀ ਸਮਝ ਸੀ। ਇਤਿਹਾਸਕ ਤੱਥ ਦੱਸਦੇ ਹਨ ਕਿ ਗੈਬਰੀਅਲ ਰੀਡ ਤੋਂ ਤਿੰਨ ਸਾਲ ਪਹਿਲਾਂ 1857: ਉਨ੍ਹਾਂ ਨੇ ‘ਟੁਆਪੇਕਾ’ ਨਦੀ ਵਿੱਚ ਸੋਨਾ ਲੱਭਿਆ। ਫਿਰ 1858: ਉਨ੍ਹਾਂ ਨੇ ਟੋਕੋਮੈਰੀਰੋ ਨਦੀ ਵਿੱਚ ਸੋਨੇ ਦੇ ਭੰਡਾਰ ਦੀ ਪਛਾਣ ਕੀਤੀ। ਪੀਟਰਜ਼ ਬਹੁਤ ਹੀ ਦਿਲਦਾਰ ਇਨਸਾਨ ਸਨ। ਉਨ੍ਹਾਂ ਨੇ ਆਪਣੀ ਖੋਜ ਨੂੰ ਕਦੇ ਲੁਕੋ ਕੇ ਨਹੀਂ ਰੱਖਿਆ ਅਤੇ ਦੂਜਿਆਂ ਨੂੰ ਵੀ ਸੋਨੇ ਵਾਲੀਆਂ ਥਾਵਾਂ ਬਾਰੇ ਦੱਸਿਆ। ਪਰ ਜਦੋਂ ਸਰਕਾਰ ਵੱਲੋਂ ਇਨਾਮ ਦੇਣ ਦੀ ਵਾਰੀ ਆਈ ਤਾਂ ਉਸ ਸਮੇਂ ਦੇ ਨਸਲਵਾਦ ਅਤੇ ਸਮਾਜਿਕ ਢਾਂਚੇ ਕਾਰਨ, ਇੱਕ ‘ਗੈਰ-ਯੂਰਪੀ’ ਵਿਅਕਤੀ ਦੀ ਗੱਲ ’ਤੇ ਸਰਕਾਰੀ ਅਧਿਕਾਰੀਆਂ ਨੇ ਭਰੋਸਾ ਨਹੀਂ ਕੀਤਾ ਅਤੇ ਉਸ ਦੀ ਖੋਜ ਨੂੰ ਅਣਗੌਲਿਆ ਕਰ ਦਿੱਤਾ ਗਿਆ।
ਗੈਬਰੀਅਲ ਰੀਡ ਅਤੇ ਖੋਜ ਦੀ ਸਫਲਤਾ
ਮਈ 1861 ਵਿੱਚ, ਜਦੋਂ ਆਸਟਰੇਲੀਆਈ ਖੋਜੀ ਗੈਬਰੀਅਲ ਰੀਡ ਸੋਨੇ ਦੀ ਭਾਲ ਵਿੱਚ ਓਟਾਗੋ ਆਇਆ, ਤਾਂ ਉਸ ਦੀ ਮੁਲਾਕਾਤ ਐਡਵਰਡ ਪੀਟਰਸ ਨਾਲ ਹੋਈ। ਇਹ ਪੀਟਰਸ ਹੀ ਸੀ ਜਿਸ ਨੇ ਰੀਡ ਨੂੰ ਉਸ ਖਾਸ ਜਗ੍ਹਾ ਦਾ ਰਸਤਾ ਦਿਖਾਇਆ ਜਿੱਥੇ ਸੋਨਾ ਮਿਲ ਸਕਦਾ ਸੀ। ਰੀਡ ਨੇ ਉਸੇ ਦੱਸੀ ਹੋਈ ਜਗ੍ਹਾ ’ਤੇ ਖੁਦਾਈ ਕੀਤੀ ਅਤੇ ਵੱਡੀ ਮਾਤਰਾ ਵਿੱਚ ਸੋਨਾ ਪ੍ਰਾਪਤ ਕੀਤਾ।
ਇਸ ਖੋਜ ਨੇ ਨਿਊਜ਼ੀਲੈਂਡ ਦੀ ਕਿਸਮਤ ਬਦਲ ਦਿੱਤੀ। ਹਜ਼ਾਰਾਂ ਲੋਕ ਸੋਨੇ ਦੀ ਭਾਲ ਵਿੱਚ ਉੱਥੇ ਪਹੁੰਚ ਗਏ ਅਤੇ ਡੁਨੇਡਿਨ ਸ਼ਹਿਰ ਰਾਤੋ-ਰਾਤ ਅਮੀਰ ਹੋ ਗਿਆ। ਅੱਜ ਉਸ ਜਗ੍ਹਾ ਨੂੰ ‘ਗੈਬਰੀਅਲਜ਼ ਗੱਲੀ’ ਵਜੋਂ ਜਾਣਿਆ ਜਾਂਦਾ ਹੈ।
ਇਨਾਮ ਅਤੇ ਪਛਾਣ ਦਾ ਵੱਡਾ ਪਾੜਾ
ਸਰਕਾਰ ਨੇ ਇਸ ਖੋਜ ਲਈ ਗੈਬਰੀਅਲ ਰੀਡ ਨੂੰ 1,000 ਪੌਂਡ ਦਾ ਵੱਡਾ ਇਨਾਮ ਅਤੇ ਬਹੁਤ ਪ੍ਰਸਿੱਧੀ ਦਿੱਤੀ। ਪਰ ਦੂਜੇ ਪਾਸੇ, ਐਡਵਰਡ ਪੀਟਰਸ ਨੂੰ ਲਗਭਗ ਭੁਲਾ ਦਿੱਤਾ ਗਿਆ। ਐਡਵਰਡ ਪੀਟਰਜ਼ ਦੀਆਂ ਅਰਜ਼ੀਆਂ ਨੂੰ ਦੋ ਵਾਰ ਰੱਦ ਕਰ ਦਿੱਤਾ ਗਿਆ। ਸਰਕਾਰ ਨੇ ਉਨ੍ਹਾਂ ਦੀ ਫਾਈਲ ’ਤੇ ਸਿਰਫ ਨਿਪਟਾਰਾ ਕੀਤਾ ਗਿਆ" (4isposed of) ਲਿਖ ਕੇ ਮਾਮਲਾ ਬੰਦ ਕਰ ਦਿੱਤਾ। ਉਸ ਨੇ ਆਪਣੀ ਜ਼ਿੰਦਗੀ ਦਾ ਆਖਰੀ ਸਮਾਂ ਬਹੁਤ ਗਰੀਬੀ ਵਿੱਚ ਬਿਤਾਇਆ। ਕਈ ਸਾਲਾਂ ਬਾਅਦ (1885 ਵਿੱਚ), ਜਦੋਂ ਲੋਕਾਂ ਨੇ ਉਸ ਦੇ ਹੱਕ ਵਿੱਚ ਮੁਹਿੰਮ ਚਲਾਈ, ਤਾਂ ਸਰਕਾਰ ਨੇ ਉਸ ਨੂੰ ਸਿਰਫ਼ 50 ਪੌਂਡ ਦੇ ਕੇ ਆਪਣਾ ਪੱਲਾ ਝਾੜ ਲਿਆ। 1893 ਵਿੱਚ ਬਾਲਕਲੂਥਾ (2alclutha) ਵਿਖੇ ਉਸ ਦੀ ਮੌਤ ਹੋ ਗਈ। ਅੱਜ, ਓਟੈਗੋ ਸੈਟਲਰਜ਼ ਮਿਊਜ਼ੀਅਮ ਵਿੱਚ ਇੱਕ ਸੋਨੇ ਦੀ ਮੁੰਦਰੀ ਪਈ ਹੈ, ਜੋ ਪੀਟਰਜ਼ ਦੁਆਰਾ ਲੱਭੇ ਗਏ ਸੋਨੇ ਤੋਂ ਬਣੀ ਸੀ—ਇਹ ਉਸ ਭਾਰਤੀ ਮਰਾਠਾ ਦੀ ਸੱਚਾਈ ਅਤੇ ਮਿਹਨਤ ਦੀ ਗਵਾਹ ਹੈ।
ਅੱਜ ਦੀ ਮਾਨਤਾ
ਅੱਜ ਦੇ ਦੌਰ ਵਿੱਚ ਇਤਿਹਾਸਕਾਰਾਂ ਨੇ ਐਡਵਰਡ ਪੀਟਰਸ ਦੇ ਯੋਗਦਾਨ ਨੂੰ ਸਵੀਕਾਰ ਕੀਤਾ ਹੈ। ਉਸ ਨੂੰ ਹੁਣ ਓਟੈਗੋ ਦੇ ਸੋਨੇ ਦੇ ਖੇਤਰਾਂ ਦਾ ‘ਅਸਲੀ ਖੋਜੀ’ ਮੰਨਿਆ ਜਾਂਦਾ ਹੈ। ਉਸ ਦੀ ਯਾਦ ਵਿੱਚ ਇੱਕ ਸਮਾਰਕ ਵੀ ਬਣਾਇਆ ਗਿਆ ਹੈ, ਜੋ ਸਾਨੂੰ ਯਾਦ ਦਿਵਾਉਂਦਾ ਹੈ ਕਿ ਨਿਊਜ਼ੀਲੈਂਡ ਦੀ ਤਰੱਕੀ ਦੀ ਨੀਂਹ ਵਿੱਚ ਇੱਕ ਭਾਰਤੀ ਮੂਲ ਦੇ ਵਿਅਕਤੀ ਦਾ ਵੀ ਬਹੁਤ ਵੱਡਾ ਹੱਥ ਸੀ। ਇਸ ਯਾਦਗਾਰ ਦਾ ਉਦਘਾਟਨ ਗਵਰਨਰ-ਜਨਰਲ ਅਨੰਦ ਸਤਿਆਨੰਦ ਵੱਲੋਂ ਕੀਤਾ ਗਿਆ ਸੀ, ਜੋ ਕਿ ਭਾਰਤੀ ਮੂਲ ਦੇ ਨਿਊਜ਼ੀਲੈਂਡ ਦੇ ਪਹਿਲੇ ਗਵਰਨਰ-ਜਨਰਲ ਸਨ।