ਕਾਂਗਰਸੀ ਕੌਂਸਲਰ AAP 'ਚ ਸ਼ਾਮਲ
AAP ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕੌਂਸਲਰ ਰਾਜੀਵ ਚੌਧਰੀ ਕਾਂਗਰਸ ਛੱਡ ਆਪ ’ਚ ਸ਼ਾਮਲ
-ਆਮ ਆਦਮੀ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਸਦਕਾ ਹੋਰਨਾਂ ਪਾਰਟੀਆਂ ਦੇ ਆਗੂ ਆਪ ’ਚ ਹੋ ਰਹੇ ਨੇ ਸ਼ਾਮਲ : ਸੁਖਵੀਰ ਸਿੰਘ
-ਪਾਰਟੀ ਦੇ ਹਰੇਕ ਵਲੰਟੀਅਰ ਨੂੰ ਆਮ ਆਦਮੀ ਪਾਰਟੀ ਵੱਲੋਂ ਦਿੱਤਾ ਜਾ ਰਿਹੈ ਮਾਣ ਸਤਿਕਾਰ : ਦਲਵੀਰ ਸਿੰਘ ਢਿੱਲੋਂ
ਧੂਰੀ, 30 ਦਸੰਬਰ:
ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਅੱਜ ਹੋਰ ਵਾਧਾ ਹੋਇਆ ਜਦੋਂ ਧੂਰੀ ਦੇ ਵਾਰਡ ਨੰਬਰ 4 ਦੇ ਕੌਂਸਲਰ ਐਡਵੋਕੇਟ ਰਾਜੀਵ ਚੌਧਰੀ ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਓ.ਐਸ.ਡੀ. ਸੁਖਵੀਰ ਸਿੰਘ ਅਤੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਐਡਵੋਕੇਟ ਰਾਜੀਵ ਚੌਧਰੀ ਦਾ ਪਾਰਟੀ ਵਿੱਚ ਆਉਣ ’ਤੇ ਸਵਾਗਤ ਕੀਤਾ।
ਇਸ ਮੌਕੇ ਓ.ਐਸ.ਡੀ. ਸੁਖਵੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕਪੱਖੀ ਨੀਤੀਆਂ, ਇਮਾਨਦਾਰ ਪ੍ਰਸ਼ਾਸਨ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਆਪ ਨਾਲ ਜੁੜ ਰਹੇ ਹਨ। ਉਨ੍ਹਾਂ ਐਡਵੋਕੇਟ ਰਾਜੀਵ ਚੌਧਰੀ ਦਾ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ।
ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਹਰ ਇਕ ਵਲੰਟੀਅਰ ਅਤੇ ਆਗੂ ਨੂੰ ਪੂਰਾ ਮਾਣ-ਸਤਿਕਾਰ ਦਿੰਦੀ ਹੈ ਅਤੇ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਲੋਕਾਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਉਦੇਸ਼ ਲੋਕਾਂ ਦੀ ਸੇਵਾ ਕਰਨਾ ਹੈ ਅਤੇ ਜੋ ਵੀ ਇਸ ਸੋਚ ਨਾਲ ਜੁੜਦਾ ਹੈ, ਉਸ ਦਾ ਪਾਰਟੀ ਵਿੱਚ ਸਨਮਾਨ ਸਹਿਤ ਸਵਾਗਤ ਕੀਤਾ ਜਾਂਦਾ ਹੈ।
ਇਸ ਮੌਕੇ ਐਡਵੋਕੇਟ ਰਾਜੀਵ ਚੌਧਰੀ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ, ਇਮਾਨਦਾਰ ਰਾਜਨੀਤੀ ਅਤੇ ਲੋਕਾਂ ਨਾਲ ਸਿੱਧੇ ਜੂੜਾ ਵਾਲੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਦੀ ਸੋਚ ਅਨੁਸਾਰ ਧੂਰੀ ਸ਼ਹਿਰ ਦੇ ਲੋਕਾਂ ਦੀ ਭਲਾਈ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।
ਇਸ ਮੌਕੇ ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਅਸ਼ੋਕ ਕੁਮਾਰ ਲੱਖਾ, ਮੈਂਬਰ ਪੰਜਾਬ ਵਕਫ਼ ਬੋਰਡ ਡਾ. ਅਨਵਰ ਖ਼ਾਨ, ਡਾਇਰੈਕਟਰ ਅਨਿਲ ਮਿੱਤਲ, ਡਾਇਰੈਕਟਰ ਸ਼ੂਗਰ ਫੈਡ ਜਸਪਾਲ ਸਿੰਘ ਭੁੱਲਰ, ਸਤਿੰਦਰ ਸਿੰਘ ਚੱਠਾ, ਸ਼ਾਮ ਸਿੰਗਲਾ, ਬਲਜੀਤ ਕੌਰ, ਅਮਰੀਕ ਸਿੰਘ, ਅਮਰਦੀਪ ਸਿੰਘ ਧਾਂਦਰਾ, ਲਾਭ ਸਿੰਘ, ਪਰਮਿੰਦਰ ਸਿੰਘ ਪਨੂੰ, ਗੁਰਿੰਦਰ ਕੌਰ, ਬਲਦੇਵ ਸਿੰਘ, ਸੁਖਪਾਲ ਸਿੰਘ ਪਾਲਾ, ਅਜੈਬ ਸਿੰਘ, ਮਿਲਖ ਰਾਜ, ਵੀਰਭਾਨ, ਨਰੇਸ਼ ਸਿੰਗਲਾ ਮੌਜੂਦ ਸਨ।