ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਖੇਡ ਮੇਲੇ ਦਾ ਆਯੋਜਨ
ਬੰਗਾ 15 ਦਸੰਬਰ () ਇਲਾਕੇ ਦੀ ਪ੍ਰਮੁੱਖ ਵਿਦਿਅਕ ਸੰਸਥਾ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿੱਚ ਬੀਤੇ ਦਿਨੀ ਸਾਲਾਨਾ ਜੂਨੀਅਰ ਖੇਡ ਮੇਲੇ ਦਾ ਆਯੋਜਨ ਪ੍ਰਿੰਸੀਪਲ ਮੈਡਮ ਵਨੀਤਾ ਚੋਟ ਅਤੇ ਡਾਇਰੈਕਟਰ ਸਿੱਖਿਆ ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ ਦੀ ਅਗਵਾਈ ਹੇਠ ਕੀਤਾ ਗਿਆ । ਜੂਨੀਅਰ ਖੇਡ ਮੇਲੇ ਦਾ ਆਰੰਭ ਕਰਨ ਤੋਂ ਪਹਿਲਾਂ ਸਕੂਲ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ । ਇਸ ਉਪਰੰਤ ਖੇਡ ਮੇਲੇ ਦੇ ਮੁੱਖ ਮਹਿਮਾਨ ਡਾਕਟਰ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਤੇ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਉਦਘਾਟਨ ਦੀ ਰਸਮ ਅਦਾ ਕੀਤੀ ਗਈ । ਆਪਣੇ ਸੰਬੋਧਨ ਵਿਚ ਡਾ. ਢਾਹਾਂ ਨੇ ਕਿਹਾ ਕਿ ਸਕੂਲ ਵਿਚ ਖੇਡਾਂ ਕਰਵਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅੰਦਰ ਛੁਪੀਆਂ ਨਵੀਆਂ ਖੇਡ ਪ੍ਰਤਿਭਾਵਾਂ ਦੀ ਪਛਾਣ ਕਰਨਾ ਹੈ ਅਤੇ ਸਕੂਲ ਵਿਚ ਖੇਡ ਗਤੀਵਿਧੀਆਂ ਨੂੰ ਹੁਲਾਰਾ ਦੇਣਾ ਹੈ। ਇਸ ਮੌਕੇ ਉਹਨਾਂ ਨੇ ਖਿਡਾਰੀਆਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਖੇਡ ਮੇਲਾ ਆਰੰਭ ਕਰਨ ਦਾ ਐਲਾਨ ਕੀਤਾ । ਇਸ ਮੌਕੇ ਡਾ. ਢਾਹਾਂ ਨੇ ਜੇਤੂ ਖਿਡਾਰੀਆਂ ਨੂੰ ਆਪਣੇ ਕਰ ਕਮਲਾਂ ਨਾਲ ਇਨਾਮ ਵੀ ਵੰਡੇ। ਇਸ ਤੋਂ ਪਹਿਲਾਂ ਸਕੂਲ ਪ੍ਰਿੰਸੀਪਲ ਮੈਡਮ ਵਨੀਤਾ ਚੋਟ ਨੇ ਮੁੱਖ ਮਹਿਮਾਨ, ਪਤਵੰਤੇ ਸੱਜਣਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਡਾਇਰੈਕਟਰ ਸਿੱਖਿਆ ਪ੍ਰੋ. ਹਰਬੰਸ ਸਿੰਘ ਬੋਲੀਨਾ ਵੱਲੋਂ ਧੰਨਵਾਦ ਕੀਤਾ ਗਿਆ ਅਤੇ ਜੇਤੂ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ । ਇਸ ਜੂਨੀਅਰ ਖੇਡ ਮੇਲੇ ਵਿੱਚ ਸਕੂਲ ਦੇ ਨੰਨੇ-ਮੁੰਨੇ ਖਿਡਾਰੀਆਂ ਨੇ ਅਥਲੈਟਿਕਸ ਈਵੈਂਟ ਵਿਚ 50 ਮੀਟਰ ਦੌੜ, 100 ਮੀਟਰ ਦੌੜ, ਰੀਲੇਅ ਦੌੜ, ਲੈਮਨ ਦੌੜ, ਗਰੀਨ ਹਰਡਲ ਦੌੜ, ਰੱਸਾਕਸ਼ੀ ਅਤੇ ਡੋ-ਨਟ ਦੌੜ ਭਾਗ ਲੈ ਕੇ ਬਹੁਤ ਹੀ ਬਾਕਮਾਲ ਖੇਡ ਜੋਸ਼ ਦਾ ਪ੍ਰਦਰਸ਼ਨ ਕੀਤਾ। ਖੇਡ ਮੇਲੇ ਵਿਚ ਛੋਟੀਆਂ ਬੱਚੀਆਂ ਵੱਲੋਂ ਕੀਤੇ ਸ਼ਾਨਦਾਰ ਨਾਚ ਨੇ ਸਰੋਤਿਆਂ ਦਾ ਮਨ ਮੋਹ ਲਿਆ । ਇਸ ਮੌਕੇ ਸ੍ਰੀ ਰਮਨ ਕੁਮਾਰ ਵਾਈਸ ਪ੍ਰਿੰਸੀਪਲ, ਸ੍ਰੀ ਲਾਲ ਚੰਦ ਔਜਲਾ ਖੇਡ ਕੁਆਡੀਨੇਟਰ, ਮੈਡਮ ਜਸਵੀਰ ਕੌਰ ਡੀ.ਪੀ.ਈ., ਮੈਡਮ ਕੋਮਲ ਡੀ.ਪੀ.ਈ., ਸ੍ਰੀ ਕੁਲਜੀਤ ਸਿੰਘ ਡੀ.ਪੀ.ਈ. ਵੀ ਹਾਜ਼ਰ ਸਨ।