ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਦਾ ਸਫਲ ਆਯੋਜਨ: ਹਰਮੀਤ ਕਾਲਕਾ
ਨਵੀਂ ਦਿੱਲੀ 6 ਦਸੰਬਰ 2025- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਨਾਲ ਸ਼ਹੀਦ ਹੋਏ ਮਹਾਨ ਗੁਰਸਿੱਖ - ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਾਲ ਕਿਲ੍ਹੇ ਵਿਖੇ 350 ਬੀਬੀਆਂ ਵੱਲੋਂ ਕੀਰਤਨ ਹਾਜ਼ਰੀ ਭਰਨ ਅਤੇ ਸ਼ੁਕਰਾਨਾ ਦਰਬਾਰ ਆਯੋਜਤ ਕਰਨ ਲਈ ਗੁਰਬਾਣੀ ਸੰਗੀਤ ਅਕਾਦਮੀ ਅਤੇ ਗੁਰਦੁਆਰਾ ਮਾਤਾ ਸੁੰਦਰੀ ਜੀ ਦੀ ਪ੍ਰਬੰਧਕੀ ਟੀਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
ਹਰਮੀਤ ਸਿੰਘ ਕਾਲਕਾ ਨੇ ਇਸ ਮੌਕੇ ਸੰਗਤਾਂ ਵੱਲੋਂ ਮਿਲੇ ਅਥਾਹ ਪਿਆਰ, ਸਤਿਕਾਰ ਅਤੇ ਲਗਾਤਾਰ ਸਹਿਯੋਗ ਲਈ ਦਿੱਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਕੀਤਾ। ਉਨ੍ਹਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅੱਜ ਤੋਂ ਲਗਭਗ ਅੱਠ–ਨੌ ਮਹੀਨੇ ਪਹਿਲਾਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸਦਾ ਮੁੱਖ ਉਦੇਸ਼ ਉਹਨਾਂ ਮਹਾਨ ਗੁਰਸਿੱਖ ਸ਼ਹੀਦਾਂ ਦੀ ਮਹਾਨ ਕੁਰਬਾਨੀ ਨੂੰ ਨਵੀਂ ਪੀੜ੍ਹੀ ਤਕ ਪਹੁੰਚਾਉਣਾ ਸੀ।
ਉਨ੍ਹਾਂ ਕਿਹਾ ਕਿ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਅਰਪਿਤ ਇਹ ਸਮਾਗਮ ਸਾਰੇ ਵਰਗਾਂ—ਬਜ਼ੁਰਗਾਂ, ਨੌਜਵਾਨਾਂ, ਬੱਚਿਆਂ ਅਤੇ ਬੀਬੀਆਂ— ਦੇ ਜੋਸ਼ੀਲੇ ਸਹਿਯੋਗ ਨਾਲ ਵਿਸ਼ੇਸ਼ ਅਤੇ ਇਤਿਹਾਸਕ ਬਣੇ। ਸਕੂਲੀ ਵਿਦਿਆਰਥੀਆਂ ਵੱਲੋਂ ਮੋਟਰਸਾਈਕਲ ਅਤੇ ਸਕੂਟਰ ਰੈਲੀ, ਚਿੱਤਰਕਲਾ ਮੁਕਾਬਲੇ, ਨਗਰ ਕੀਰਤਨ, ਸਰਵ ਧਰਮ ਸੰਮੇਲਨ ਅਤੇ ਅਨੇਕਾਂ ਗੁਰਮਤਿ ਸਮਾਗਮਾਂ ਦੇ ਰਾਹੀਂ ਗੁਰੂ ਸਾਹਿਬਾਨ ਪ੍ਰਤੀ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਕਾਲਕਾ ਨੇ ਦੱਸਿਆ ਕਿ ਲਾਲ ਕਿਲ੍ਹੇ ਵਿਖੇ ਹੋਏ ਸਮਾਗਮਾਂ ਵਿੱਚ ਦੇਸ਼ ਅਤੇ ਵਿਦੇਸ਼ ਦੇ ਬੇਅੰਤ ਸੰਗਤਾਂ ਨੇ ਸ਼ਿਰਕਤ ਕੀਤੀ, ਜੋ ਕਿ ਇਸ ਸਫਲ ਆਯੋਜਨ ਦੀ ਵੱਡੀ ਸਫਲਤਾ ਦਾ ਪਰਮਾਣ ਹੈ। ਉਨ੍ਹਾਂ ਨੇ ਸਫਲਤਾ ਪੂਰਵਕ ਆਯੋਜਨ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਦਿੱਲੀ ਸਰਕਾਰ ਦੀ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ ਅਤੇ ਦਿੱਲੀ ਦੇ ਕੈਬਿਨੇਟ ਮੰਤਰੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸਦੇ ਨਾਲ ਹੀ ਉਨ੍ਹਾਂ ਵੱਖ-ਵੱਖ ਸਿੱਖ ਜਥੇਬੰਦੀਆਂ, ਧਾਰਮਿਕ ਸੰਸਥਾਵਾਂ, ਨਿਹੰਗ ਸਿੰਘਾਂ ਅਤੇ ਸਾਰੇ ਸਹਿਯੋਗੀਆਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਅੰਤ ਵਿੱਚ, ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰ ਵਿਭਾਗ ਨੇ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਨਿਸ਼ਠਾ, ਲਗਨ ਅਤੇ ਸੇਵਾ ਭਾਵ ਨਾਲ ਨਿਭਾਇਆ ਹੈ, ਜਿਸ ਲਈ ਉਹ ਸਾਰੀ ਟੀਮ ਦੇ ਧੰਨਵਾਦੀ ਹਨ।