ਵਿਸ਼ਵ ਅੰਗਹੀਣ ਦਿਵਸ ਅਤੇ ਮਾਨਸਿਕ ਸਿਹਤ ਸਬੰਧੀ ਸਕੂਲੀ ਵਿਦਿਆਰਥੀਆਂ ਲਈ ਜਾਗਰੂਕਤਾ ਸੈਸ਼ਨ
ਅਸ਼ੋਕ ਵਰਮਾ
ਨਥਾਣਾ , 3 ਦਸੰਬਰ 2025:ਅੰਤਰਰਾਸ਼ਟਰੀ ਅੰਗਹੀਣ ਦਿਹਾੜੇ ਮੌਕੇ ਸਿਵਲ ਸਰਜਨ ਡਾ. ਤਪਿੰਦਰਜੋਤ ਕੌਸ਼ਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਉਮੇਸ਼ ਗੁਪਤਾ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਪੁਰਾ ਵਿਚ ਬੱਚਿਆਂ ਨੂੰ ਵਿਸ਼ੇਸ਼ ਯੋਗਤਾ ਵਾਲੇ ਵਿਅਕਤੀਆਂ ਸਬੰਧੀ ਜਾਗਰੂਕ ਕਰਨ ਲਈ ਖ਼ਾਸ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਮ.ਓ. ਡਾ. ਗੁਪਤਾ ਨੇ ਕਿਹਾ ਕਿ ਇਸ ਸੈਸ਼ਨ ਦਾ ਮਕਸਦ ਕਿਸੇ ਵੀ ਤਰ੍ਹਾਂ ਦੀ ਅਪੰਗਤਾ ਵਾਲੇ ਲੋਕਾਂ ਪ੍ਰਤੀ ਵਿਦਿਆਰਥੀਆਂ ਵਿੱਚ ਸਮਾਨਤਾ, ਸਤਿਕਾਰ ਅਤੇ ਸੰਵੇਦਨਸ਼ੀਲਤਾ ਦੀ ਭਾਵਨਾ ਪੈਦਾ ਕਰਨਾ ਸੀ।
ਇਸ ਦੌਰਾਨ ਬਲਾਕ ਐਜੂਕੇਟਰ ਪਵਨਜੀਤ ਕੌਰ ਅਤੇ ਸਿਹਤ ਕਰਮੀ ਮਨਜਿੰਦਰ ਸਿੰਘ ਨੇ ਸਕੂਲੀ ਵਿਦਿਆਰਥੀਆਂ ਨੂੰ ਦੱਸਿਆ ਕਿ ਅੰਗਹੀਣ ਜਾਂ ਵਿਸ਼ੇਸ਼ ਯੋਗਤਾ ਵਾਲੇ ਵਿਅਕਤੀਆਂ ਨੂੰ ਵੀ ਸਮਾਜ ਵਿੱਚ ਉਹੋ ਜਿਹੇ ਅਧਿਕਾਰ ਹਾਸਲ ਹਨ ਜਿਹੜੇ ਹਰ ਨਾਗਰਿਕ ਨੂੰ ਮਿਲਦੇ ਹਨ। ਉਨ੍ਹਾਂ ਨੂੰ ਇਹ ਵੀ ਜਾਣੂ ਕਰਵਾਇਆ ਗਿਆ ਕਿ ਸਕੂਲਾਂ, ਦਫ਼ਤਰਾਂ ਤੇ ਜਨਤਕ ਥਾਵਾਂ ‘ਤੇ ਰੈਂਪ, ਹੈਂਡਰੇਲ, ਬ੍ਰੇਲ ਸਾਇਨਬੋਰਡ ਅਤੇ ਵ੍ਹੀਲਚੇਅਰ ਸਹੂਲਤਾਂ ਹੋਣੀਆਂ ਕਿੰਨੀਆਂ ਜ਼ਰੂਰੀ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਸਰੀਰਕ ਜਾਂ ਮਾਨਸਿਕ ਵਿਸ਼ੇਸ਼ ਯੋਗਤਾ ਵਾਲੇ ਵਿਦਿਆਰਥੀਆਂ ਜਾਂ ਲੋਕਾਂ ਨਾਲ ਹਮੇਸ਼ਾਂ ਸਤਿਕਾਰ, ਸਮਝ ਅਤੇ ਮਦਦ ਵਾਲਾ ਵਰਤਾਅ ਕਰਨ। ਉਨ੍ਹਾਂ ਜ਼ੋਰ ਦਿੱਤਾ ਕਿ ਵਿਸ਼ੇਸ਼ ਯੋਗਤਾ ਕਿਸੇ ਦੀ ਸਮਰੱਥਾ ਨੂੰ ਘਟਾਉਂਦੀ ਨਹੀਂ, ਸਗੋਂ ਸਮਾਜ ਦਾ ਫ਼ਰਜ਼ ਹੈ ਕਿ ਉਹਨਾਂ ਨੂੰ ਹੌਂਸਲਾ ਤੇ ਢੁੱਕਵੇਂ ਮੌਕੇ ਪ੍ਰਦਾਨ ਕਰਕੇ ਬਰਾਬਰਤਾ ਦਾ ਦਰਜਾ ਦੇਵੇ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਜਰੂਰੀ ਹੈ ਕਿ ਉਹਨਾਂ ਨਾਲ ਸਧਾਰਨ ਵਿਅਕਤੀ ਵਾਲਾ ਵਿਹਾਰ ਕੀਤਾ ਜਾਵੇ। ਜਦ ਉਹ ਆਪਣੇ-ਆਪ ਨੂੰ ਸਧਾਰਨ ਸਮਝਣਗੇ ਤਾਂ ਉਹਨਾਂ ਨੂੰ ਸਰਵਪੱਖੀ ਵਿਕਾਸ ਕਰਨ ਵਿੱਚ ਸਹਾਇਤਾ ਮਿਲੇਗੀ ।
ਨੌਜਵਾਨਾਂ ਦੀ ਮਾਨਸਿਕ ਸਿਹਤ ਦੀ ਤੰਦਰੁਸਤੀ ਅਤੇ ਨਸ਼ਿਆਂ ਦੇ ਵੱਧਦੇ ਪ੍ਰਚਲਨ ਬਾਰੇ ਕਾਊਂਸਲਰ ਬੇਅੰਤ ਕੌਰ ਨੇ ਕਿਹਾ ਕਿ ਮਾਨਸਿਕ ਸਿਹਤ ਸਰੀਰਕ ਸਿਹਤ ਜਿੰਨੀ ਹੀ ਮਹੱਤਵਪੂਰਨ ਹੈ। ਵਧਦੇ ਪੜ੍ਹਾਈ ਦਬਾਅ, ਸੋਸ਼ਲ ਮੀਡੀਆ ਦੇ ਪ੍ਰਭਾਵ ਅਤੇ ਰੋਜ਼ਾਨਾ ਦੇ ਤਣਾਅ ਕਾਰਨ ਨੌਜਵਾਨਾਂ ਵਿੱਚ ਮਾਨਿਸਕ ਸਮੱਸਿਆਵਾਂ ਵਧ ਰਹੀਆਂ ਹਨ। ਉਨ੍ਹਾਂ ਬੱਚਿਆਂ ਨੂੰ ਖੁੱਲ੍ਹ ਕੇ ਗੱਲ ਕਰਨ, ਪਰਿਵਾਰ ਅਤੇ ਦੋਸਤਾਂ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨ, ਖੇਡਾਂ ਅਤੇ ਕਸਰਤ ਨਾਲ ਜੁੜੇ ਰਹਿਣ ਅਤੇ ਮੋਬਾਈਲ/ਇੰਟਰਨੈੱਟ ਦਾ ਸੰਤੁਲਿਤ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਿਹਤ ਸੁਪਰਵਾਈਜ਼ਰ ਸਤਵਿੰਦਰ ਕੌਰ, ਆਸ਼ਾ ਵਰਕਰਾਂ ਸਮੇਤ ਸਕੂਲ ਪ੍ਰਿੰਸੀਪਲ ਜਸਵੀਰ ਸਿੰਘ ਅਤੇ ਸਕੂਲ ਅਧਿਆਪਕ ਹਾਜ਼ਰ ਸਨ।