ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ 2025 : ਮੀਟਿੰਗ ਕਰਕੇ ਚੋਣ ਤਿਆਰੀਆਂ ਦਾ ਲਿਆ ਜਾਇਜ਼ਾ
ਰੋਹਿਤ ਗੁਪਤਾ
ਗੁਰਦਾਸਪੁਰ, 3 ਦਸੰਬਰ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਹੋ ਰਹੀਆਂ ਚੋਣਾਂ ਦੇ ਸਬੰਧ ਵਿੱਚ ਰਾਜ ਚੋਣ ਕਮਿਸ਼ਨ ਵਲੋਂ ਗੁਰਦਾਸਪੁਰ ਵਿੱਚ ਤਾਇਨਾਤ ਕੀਤੇ ਗਏ ਚੋਣ ਆਬਜ਼ਰਵਰ ਸ੍ਰੀ ਹਰਪ੍ਰੀਤ ਸਿੰਘ, ਆਈ.ਏ.ਐੱਸ ਵਲੋਂ ਅੱਜ ਚੋਣਾਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਡਾ. ਮਹਿਤਾਬ ਸਿੰਘ ਐੱਸ.ਐੱਸ.ਪੀ ਬਟਾਲਾ, ਗੁਰਸਿਮਰਨ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ (ਜ), ਗੁਰਪ੍ਰੀਤ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਜੁਗਰਾਜ ਸਿੰਘ ਐੱਸ.ਪੀ (ਐੱਚ) ਗੁਰਦਾਸਪੁਰ ਸਮੇਤ ਸਮੂਹ ਰਿਟਰਨਿੰਗ ਤੇ ਚੋਣ ਅਧਿਕਾਰੀ ਮੋਜੂਦ ਸਨ।
ਆਬਜ਼ਰਵਰ ਹਰਪ੍ਰੀਤ ਸਿੰਘ ਆਈ. ਏ.ਐੱਸ ਨੇ ਕਿਹਾ ਕਿ ਮਾਣਯੋਗ ਰਾਜ ਚੋਣ ਕਮਿਸ਼ਨ ਵਲੋਂ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੇ ਮੈਂਬਰਾਂ ਦੀਆਂ ਚੋਣਾਂ ਪੂਰੀ ਤਰ੍ਹਾਂ ਨਿਰਪੱਖ, ਆਜ਼ਾਦ ਅਤੇ ਸ਼ਾਂਤਮਈ ਢੰਗ ਨਾਲ ਕਰਵਾਈਆਂ ਜਾਣਗੀਆਂ।
ਉਨ੍ਹਾਂ ਅਧਿਕਾਰੀਆਂ ਕੋਲੋਂ ਸੁਰੱਖਿਆ ਪ੍ਰਬੰਧਾਂ, ਪੋਲਿੰਗ ਬੂਥਾਂ, ਬੈਲਟ ਬਾਕਸ, ਚੋਣ ਰਿਹਰਸਲਾਂ,ਡਿਸਪੈਚ ਅਤੇ ਕਾਊਂਟਿੰਗ ਸੈਂਟਰਾਂ ਸਮੇਤ ਵੱਖ ਵੱਖ ਕੀਤੀਆਂ ਗਈਆਂ ਤਿਆਰੀਆਂ ਦੀ ਸਮੀਖਿਆ ਕੀਤੀ।
ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਆਦਿੱਤਿਆ ਉੁੱਪਲ ਦੀ ਅਗਵਾਈ ਵਿੱਚ ਜਿਲ੍ਹਾ ਪ੍ਰਸ਼ਾਸਨ ਵੱਲੋਂ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਦੇ 25 ਜੋਨਾਂ ਅਤੇ 11 ਬਲਾਕ ਸੰਮਤੀਆਂ ਦੇ 204 ਜੋਨਾਂ ਦੀਆਂ ਚੋਣਾਂ ਸੁਚਾਰੂ ਢੰਗ ਨਾਲ ਕਰਵਾਈਆਂ ਜਾਣਗੀਆਂ, ਜਿਸ ਸਬੰਧੀ ਤਿਆਰੀਆਂ ਕੀਤੀਆਂ ਗਈਆਂ ਹਨ।
ਉਨ੍ਹਾਂ ਨੇ ਕਿਹਾ ਕਿ ਚੋਣ ਸ਼ਡਿਊਲ ਅਨੁਸਾਰ ਇਨ੍ਹਾਂ ਚੋਣਾਂ ਲਈ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਮਿਤੀ 04 ਦਸੰਬਰ ਹੈ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 05 ਦਸੰਬਰ ਨੂੰ ਹੋਵੇਗੀ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਮਿਤੀ 06 ਦਸੰਬਰ ਸ਼ਾਮ 03:00 ਵਜੇ ਤੱਕ ਹੋਵੇਗੀ।
ਉਨ੍ਹਾਂ ਨੇ ਦੱਸਿਆ ਕਿ ਚੋਣ ਮਿਤੀ 14 ਦਸੰਬਰ 2025 (ਐਤਵਾਰ) ਨੂੰ ਸਵੇਰੇ 08:00 ਵਜੇ ਤੋਂ ਸ਼ਾਮ ਦੇ 04:00 ਵਜੇ ਤੱਕ ਬੈਲਟ ਪੇਪਰਾਂ ਦੀ ਵਰਤੋਂ ਨਾਲ ਹੋਵੇਗੀ। ਪੋਲ ਹੋਈਆਂ ਵੋਟਾਂ ਦੀ ਗਿਣਤੀ ਮਿਤੀ 17 ਦਸੰਬਰ 2025 ਨੂੰ ਇਸ ਮੰਤਵ ਲਈ ਸਥਾਪਿਤ ਕੀਤੇ ਗਏ ਗਿਣਤੀ ਕੇਂਦਰਾਂ `ਤੇ ਹੋਵੇਗੀ।
ਉਨ੍ਹਾਂ ਦੱਸਿਆ ਕਿ ਪੋਲਿੰਗ ਸਟਾਫ ਦੀ ਰਿਹਰਸਲ 7 ਅਤੇ 11 ਦਸੰਬਰ ਨੂੰ ਹੋਵੇਗੀ ਅਤੇ 13 ਦਸੰਬਰ ਨੂੰ ਪੋਲਿੰਗ ਪਾਰਟੀਆਂ ਰਵਾਨਾ ਕੀਤੀਆਂ ਜਾਣਗੀਆਂ। ਜਿਲ੍ਹੇ ਵਿੱਚ 1508 ਪੋਲਿੰਗ ਬੂਥ ਬਣਾਏ ਗਏ ਹਨ।
ਚੋਣ ਆਬਜ਼ਰਵਰ ਹਰਪ੍ਰੀਤ ਸਿੰਘ ਸਥਾਨਕ ਬੀ.ਐੱਸ. ਐੱਫ ਰੈਸਟ ਵਿੱਚ ਠਹਿਰਣਗੇ। ਜੇਕਰ ਚੋਣਾਂ ਸਬੰਧੀ ਕਿਸੇ ਨੂੰ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਨ੍ਹਾਂ ਦੇ ਮੋਬਾਇਲ ਨੰਬਰ 73072-00036'ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਈ.ਮੇਲ ਆਈ ਡੀ harpreet.singh19@ias.gov.in 'ਤੇ ਮੇਲ ਭੇਜੀ ਜਾ ਸਕਦੀ ਹੈ।
ਐਨ.ਓ.ਸੀ. ਦੀ ਥਾਂ ਨਾਮਜ਼ਦਗੀ ਪੱਤਰ ਨਾਲ ਹਲਫ਼ੀਆ ਬਿਆਨ ਵੀ ਜਮਾਂ ਕਰਵਾ ਸਕਣਗੇ ਉਮੀਦਵਾਰ :
ਪੰਜਾਬ ਰਾਜ ਚੋਣ ਕਮਿਸ਼ਨ ਨੇ ਪੰਚਾਇਤੀ ਚੋਣਾਂ-2024 ਸਮੇਂ ਜਾਰੀ ਕੀਤੇ ਪੱਤਰ ਤਹਿਤ ਉਮੀਦਵਾਰਾਂ ਨੂੰ ਰਾਹਤ ਦਿੰਦਿਆਂ ਹੁਕਮ ਜਾਰੀ ਕੀਤੇ ਹਨ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਉਮੀਦਵਾਰ ਬਣਨ ਦੇ ਚਾਹਵਾਨਾਂ ਨੂੰ ਜੇਕਰ ਸੰਬੰਧਿਤ ਵਿਭਾਗ ਪਾਸੋਂ ਇਤਰਾਜ਼ਹੀਣਤਾ ਸਰਟੀਫ਼ਿਕੇਟ ਪ੍ਰਾਪਤ ਕਰਨ 'ਚ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਆਪਣੇ ਨਾਮਜ਼ਦਗੀ ਪੱਤਰ ਨਾਲ ਇਕ ਹਲਫੀਆ ਬਿਆਨ ਨੱਥੀ ਕਰਕੇ ਰਿਟਰਨਿੰਗ ਅਫ਼ਸਰ ਪਾਸ ਆਪਣੀ ਫਾਈਲ ਜਮ੍ਹਾਂ ਕਰਵਾ ਸਕਣਗੇ। ਉਨ੍ਹਾਂ ਆਪਣੇ ਪੱਤਰ 'ਚ ਲਿਖਿਆ ਕਿ ਉਮੀਦਵਾਰ ਨੂੰ ਆਪਣੇ ਐਫੀਡੈਵਿਟ ਚ ਇਹ ਬਿਆਨ ਕਰਨਾ ਪਏਗਾ ਕਿ ਪੰਜਾਬ ਰਾਜ ਚੋਣ ਕਮਿਸ਼ਨ 1994 ਦੀ ਧਾਰਾ 11 ਮੇਰੇ 'ਤੇ ਲਾਗੂ ਨਹੀਂ ਹੈ ਅਤੇ ਮੈਂ ਗ੍ਰਾਮ ਪੰਚਾਇਤ/ਪੰਚਾਇਤ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਦੀ ਜ਼ਮੀਨ ਦਾ ਮਜ਼ਾਰਾ, ਪਟੇਦਾਰ, ਠੇਕੇਦਾਰ ਜਾਂ ਹਿੱਸੇਦਾਰ ਨਹੀਂ ਹਾਂ।