ਸਿਹਤ ਵਿਭਾਗ ਨੇ ਕੌਮਾਂਤਰੀ ਦਿਵਿਆਂਗਤਾ ਦਿਵਸ ਮੌਕੇ ਜਾਗਰੂਕਤਾ ਕੈਂਪ ਲਾਇਆ
ਅਸ਼ੋਕ ਵਰਮਾ
ਬਠਿੰਡਾ, 3 ਦਸੰਬਰ 2025 :ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾ ਤਹਿਤ ਜਿਲ੍ਹਾ ਦਿਵਿਆਂਗਜਣ ਕੇਂਦਰ ਸਿਵਲ ਹਸਪਤਾਲ ਬਠਿੰਡਾ ਵਿਖੇ ਕੌਮਾਂਤਰੀ ਦਿਵਿਆਂਗਤਾ ਦਿਹਾੜਾ ਮਨਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ ਤਪਿਦੰਰਜੋਤ ਨੇ ਦੱਸਿਆ ਕਿ ਇਹ ਦਿਵਸ ਹਰ ਸਾਲ 3 ਦਸੰਬਰ ਨੂੰ ਸੰਯੁਕਤ ਰਾਸ਼ਟਰ ਦੇ ਸੱਦੇ ‘ਤੇ ਅੰਗਹੀਣ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਵਾਰ ਦੇ ਦਿਹਾੜੇ ਦਾ ਥੀਮ ‘ਸਮਾਜਿਕ ਤਰੱਕੀ ਨੂੰ ਅੱਗੇ ਵਧਾਉਣ ਲਈ ਦਿਵਿਆਂਗਤਾ-ਸੰਮਿਲਿਤ ਸਮਾਜਾਂ ਨੂੰ ਉਤਸ਼ਾਹਿਤ ਕਰਨਾ ਹੈ । ਇਸ ਦਿਵਸ ਦਾ ਮੁੱਖ ਉਦੇਸ਼ ਸਮਾਜ ਵਿੱਚ ਰਹਿੰਦੇ ਅੰਗਹੀਣ ਵਿਅਕਤੀਆਂ ਲਈ ਸਮਾਵੇਸ਼, ਸਮਾਨ ਅਧਿਕਾਰ, ਆਤਮ-ਨਿਰਭਰਤਾ ਅਤੇ ਪਹੁੰਚਯੋਗਤਾ ਨੂੰ ਵਧਾਵਾ ਦੇਣਾ ਹੈ।
ਡਿਪਟੀ ਮਾਸ ਮੀਡੀਆ ਅਫ਼ਸਰ ਕੇਵਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਸ ਅੰਗਹੀਣ ਵਿਅਕਤੀ ਨੂੰ ਅਪੰਗਤਾ ਸਰਟੀਫ਼ਿਕੇਟ ਜਾਰੀ ਨਹੀਂ ਹੋਇਆ ਉਹ ਵਿਅਕਤੀ ਜਿਲ੍ਹਾ ਦਿਵਿਆਂਗਜਣ ਕੇਂਦਰ(ਵਨ ਸਟਾਪ ਕੇਂਦਰ) ਸਿਵਲ ਹਸਪਤਾਲ ਬਠਿੰਡਾ, ਸਰਕਾਰੀ ਹਸਪਤਾਲ ਰਾਮਪੁਰਾ ਫੂਲ ਅਤੇ ਤਲਵੰਡੀ ਸਾਬੋ ਵਿਖੇ ਸਪੈਸ਼ਲਿਸਟ ਡਾਕਟਰ ਕੋਲ ਆਪਣੀ ਪਾਸਪੋਰਟ ਸਾਈਜ ਫੋਟੋ, ਆਧਾਰ ਕਾਰਡ ਅਤੇ ਰਜਿਸਟਰਡ ਮੋਬਾਇਲ ਨੰਬਰ ਸਮੇਤ ਪੇਸ਼ ਹੋ ਸਕਦਾ ਹੈ। ਇਸ ਉਪਰੰਤ ਵਿਅਕਤੀ ਰਜਿਸਟਰਡ ਮੋਬਾਈਲ ਤੇ ਮੈਸਜ ਮਿਲਣ ਤੇ ਸਰਟੀਫਿਕੇਟ ਡਾਊਨਲੋਡ ਕਰ ਸਕਦਾ ਹੈ । ਇਸ ਤਰ੍ਹਾਂ ਸਰਕਾਰ ਵੱਲੋਂ ਪੰਜੀਕ੍ਰਿਤ ਕੰਪਨੀ ਵੱਲੋਂ ਤਿਆਰ ਕਾਰਡ ਲਗਭਗ ਪੰਦਰਾਂ ਦਿਨਾਂ ਵਿੱਚ ਰਿਹਾਇਸੀ ਪਤੇ ਤੇ ਪਹੁੰਚ ਜਾਂਦਾ ਹੈ ।ਉਹਨਾਂ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਪਹਿਲਾਂ ਹੀ ਬਣੇ ਅੰਗਹੀਣ ਸਰਟੀਫਿਕੇਟ ਨੂੰ ਆਨ ਲਾਈਨ ਕਰਵਾਉਣ ਜਾਂ ਯੂ ਡੀ ਆਈ ਡੀ ਕਾਰਡ ਬਣਾਉਣ ਲਈ ਯੂਨੀਕ ਡਿਸਇਬੇਲਿਟੀ ਆਈ ਡੀ ਦੀ ਸਾਈਟ ਤੇ ਆਧਾਰ ਕਾਰਡ,ਇਕ ਫੋਟੋ ਅਤੇ ਅੰਗਹੀਣ ਸਰਟੀਫਿਕੇਟ ਦੀ ਕਾਪੀ ਸਮੇਤ ਲੋੜੀਂਦੀ ਜਾਣਕਾਰੀ ਅਪਲੋਡ ਕਰਕੇ ਘਰ ਬੈਠੇ ਹੀ ਪ੍ਰਾਪਤ ਕਰ ਸਕਦਾ ਹੈ । ਇਸ ਸੰਬੰਧੀ ਨੇੜਲੇ ਸੇਵਾ ਕੇਂਦਰ ਵਿੱਚ ਵੀ ਇਹ ਸੇਵਾਵਾਂ ਪ੍ਰਾਪਤ ਹਨ। ਜਿਲ੍ਹਾ ਦਿਵਿਆਂਗਜਣ ਕੇਂਦਰ ਸਿਵਲ ਹਸਪਤਾਲ ਬਠਿੰਡਾ ਵਿਖੇ 80 ਪ੍ਰਤੀਸਤ ਅਪੰਗਤਾ ਵਾਲੇ ਵਿਅਕਤੀ ਸਹਾਇਕ ਯੰਤਰ ਲਈ ਜਿਵੇ ਵਿਸ਼ੇਸ ਮੋਟਰਾਇਜ ਟਰਾਈ ਸਾਈਕਲ, ਵੀਲ ਚੇਅਰ, ਰੋਲੇਟਰ, ਟਰਾਈ ਸਾਈਕਲ ,ਕੰਨਾਂ ਵਾਲੀਆਂ ਮਸ਼ੀਨਾਂ ਆਦਿ ਪ੍ਰਾਪਤ ਕਰਨ ਲਈ ਅਰਜੀ ਦੇ ਸਕਦੇ ਹਨ । ਇਸ ਮੌਕੇ ਰਜਨੀ ਸਿਆਲ, ਸੱਤਿਆਵੀਰ ਅਤੇ ਸੰਦੀਪ ਕੌਰ ਹਾਜ਼ਰ ਸਨ ।