ਵਿਸ਼ਵ ਏਡਜ ਦਿਵਸ ਮੌਕੇ ਸਿਹਤ ਮੰਤਰੀ ਪੰਜਾਬ ਵੱਲੋਂ ਫਰੀਦਕੋਟ ਹਸਪਤਾਲ ਨੂੰ ਪੰਜਾਬ ਭਰ ਵਿੱਚ ਵਧੀਆ ਸੇਵਾਵਾਂ ਲਈ ਦਿੱਤਾ ਐਵਾਰਡ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ : ਸਿਵਲ ਸਰਜਨ ਫ਼ਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਨੇ ਦੱਸਿਆ ਕਿ ਅੱਜ ਵਿਸ਼ਵ ਏਡਜ ਦਿਵਸ ਮੌਕੇ ਸਿਹਤ ਮੰਤਰੀ ਪੰਜਾਬ ਵੱਲੋਂ ਫਰੀਦਕੋਟ ਹਸਪਤਾਲ ਨੂੰ ਪੰਜਾਬ ਭਰ ਵਿੱਚ ਵਧੀਆ ਸੇਵਾਵਾਂ ਲਈ ਦਿੱਤਾ ਐਵਾਰਡ ਦਿੱਤਾ ਗਿਆ ਹੈ, ਜੋ ਕਿ ਸਿਹਤ ਵਿਭਾਗ ਫਰੀਦਕੋਟ ਲਈ ਮਾਣ ਵਾਲੀ ਗੱਲ ਹੈ। ਅੱਜ ਵਿਸ਼ਵ ਏਡਜ਼ ਦਿਵਸ ਮੌਕੇ ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਵਲੋਂ ਜਾਗਰੂਕਤਾ ਪਰਚਾ ਜਾਰੀ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਚੰਦਰ ਸ਼ੇਖਰ ਕੱਕੜ ਨੇ ਕਿਹਾ ਕਿ ਏਡਜ਼ ਤੋਂ ਬਚਾਓ ਰੱਖਣ ਦਾ ਇੱਕੋ ਇੱਕ ਤਰੀਕਾ ਸਾਵਧਾਨੀ ਹੀ ਹੈ। ਉਹਨਾਂ ਕਿਹਾ ਕਿ ਐਚ ਆਈ ਵੀ ਇਕ ਐਸਾ ਵਾਇਰਸ ਹੈ ਜੋ ਸਰੀਰ ਦੇ ਬਿਮਾਰੀਆਂ ਨਾਲ ਲੜਨ ਵਾਲੇ ਸੈੱਲਾਂ ਉਪਰ ਹਮਲਾ ਕਰਕੇ ਸਰੀਰ ਦੀ ਬਿਮਾਰੀ ਨਾਲ ਲੜਨ ਦੀ ਸਮਰੱਥਾ ਨੂੰ ਹੌਲੀ ਹੌਲੀ ਖ਼ਤਮ ਕਰ ਦਿੰਦਾ ਹੈ।ਇਸ ਲਈ ਐਚ ਆਈ ਵੀ ਅਤੇ ਏਡਜ਼ ਬਾਰੇ ਕਿਸ਼ੋਰ ਅਵਸਥਾ ਅਤੇ ਨੌਜਵਾਨ ਵਰਗ ਵਿੱਚ ਜਾਗਰੂਕਤਾ ਪੈਦਾ ਕੀਤੇ ਜਾਣ ਦੀ ਲੋੜ ਹੈ ਤਾਂ ਕਿ ਦੇਸ਼ ਦੀ ਆਉਣ ਵਾਲੀ ਪੀੜੀ ਤੰਦਰੁਸਤ ਜ਼ਿੰਦਗੀ ਗੁਜ਼ਾਰ ਸਕੇ। ਉਹਨਾਂ ਕਿਹਾ ਕਿ ਇਸ ਵੇਲੇ ਪੰਜਾਬ ਸਿਹਤ ਵਿਭਾਗ ਵੱਲੋਂ ਏਡਜ਼ ਦੇ ਮਰੀਜ਼ਾਂ ਦਾ ਇਲਾਜ ਜ਼ਿਲਾ ਅਤੇ ਸਬ ਡਿਵੀਜ਼ਨ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਇਹਨਾਂ ਹਸਪਤਾਲਾਂ ਵਿੱਚ ਸ਼ੱਕੀ ਮਰੀਜ਼ਾਂ ਦਾ ਮੁਫ਼ਤ ਐਚ ਆਈ ਵੀ ਟੈਸਟ ਕੀਤਾ ਜਾਂਦਾ ਹੈ ਅਤੇ ਬਿਮਾਰੀ ਨਸ਼ਰ ਹੋਣ ਤੇ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ, ਪਰੰਤੂ ਇਸ ਸਮੇਂ ਮਰੀਜ਼ ਦਾ ਨਾਮ ਪਤਾ ਆਦਿ ਗੁਪਤ ਰੱਖਿਆ ਜਾਂਦਾ ਹੈ। ਐਚ ਆਈ ਵੀ ਮੁੱਖ ਤੌਰ ਤੇ ਅਸੁਰੱਖਿਅਤ ਸਰੀਰਕ ਸਬੰਧ ਬਨਾਉਣ, ਇੱਕੋ ਸਰਿੰਜ ਤੋਂ ਵਾਰ ਵਾਰ ਟੀਕੇ ਲਗਾਉਣ ਅਤੇ ਸੰਕ੍ਰਮਿਤ ਖੂਨ ਚੜਾਏ ਜਾਣ ਕਾਰਨ, ਕਈ ਕੇਸਾਂ ਵਿੱਚ ਸ਼ਰੀਰ ਤੇ ਟੈਟੂ ਬਣਵਾਉਣ ਨਾਲ਼ ਵੀ ਫੈਲਦਾ ਹੈ। ਇਸ ਮੌਕੇ ਮੋਨੀਕਾ ਬਜਾਜ ਕਾਊਂਸਲਰ, ਡਾ ਅਮਰਦੀਪ ਕੌਰ, ਡਾ. ਲੀਨਾ ਚੌਪੜਾ, ਡਾ ਪਰਮਜੀਤ ਸਿੰਘ ਬਰਾੜ, ਡਾ. ਹਿਮਾਂਸੂ ਗੁਪਤਾ, ਡਾ. ਸਰਵਦੀਪ ਸਿੰਘ ਰੋਮਾਣਾ, ਡਿਪਟੀ ਮਾਸ ਮੀਡੀਆ ਅਫਸਰ ਸੁਧੀਰ ਧੀਰ, ਡਿਪਟੀ ਮਾਸ ਮੀਡੀਆ ਅਫਸਰ ਲਖਵਿੰਦਰ ਸਿੰਘ ਕੈਂਥ, ਸੀਨੀਅਰ ਫਾਰਮੇਸੀ ਅਫਸਰ ਸੁਨੀਲ ਸਿੰਗਲਾ ਆਦਿ ਹਾਜਰ ਸਨ।