Punjab News : ਫਿਨਲੈਂਡ ਤੋਂ ਟ੍ਰੇਨਿੰਗ ਲੈ ਕੇ ਪਰਤੇ ਨੈਸ਼ਨਲ ਐਵਾਰਡੀ ਅਧਿਆਪਕ ਰਾਜਿੰਦਰ ਸਿੰਘ ਦਾ ਨਿੱਘਾ ਸਵਾਗਤ
ਅਸ਼ੋਕ ਵਰਮਾ
ਗੋਨਿਆਣਾ , 3ਦਸੰਬਰ 2025 :ਪੰਜਾਬ ਭਰ ਦੇ ਵਿੱਚੋਂ ਚੁਣੇ ਹੋਏ 72 ਅਧਿਆਪਕ ਆਪਣੀ 15 ਦਿਨ ਦੀ ਫਿਨਲੈਂਡ ਦੀ ਟ੍ਰੇਨਿੰਗ ਪੂਰੀ ਕਰਕੇ ਵਾਪਸ ਪੰਜਾਬ ਪਰਤ ਆਏ ਹਨ। ਬਠਿੰਡਾ ਤੇ ਨੈਸ਼ਨਲ ਅਵਾਰਡੀ ਅਧਿਆਪਕ ਰਾਜਿੰਦਰ ਸਿੰਘ ਦਾ ਫਿਨਲੈਂਡ ਟ੍ਰੇਨਿੰਗ ਤੋਂ ਵਾਪਿਸ ਪਰਤਨ ਤੇ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲੇ ਦੇ ਸਟਾਫ ਅਤੇ ਪਿੰਡ ਪੰਚਾਇਤ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਕੂਲ ਮੁਖੀ ਝੰਡਾ ਸਿੰਘ ਨੇ ਖੁਸ਼ੀ ਜਾਹਿਰ ਕਰਦਿਆਂ ਦੱਸਿਆ ਕਿ ਕੋਠੇ ਇੰਦਰ ਸਿੰਘ ਸਕੂਲ ਅਤੇ ਬਲਾਕ ਗੋਨਿਆਣਾ ਮੰਡੀ ਲਈ ਇਹ ਜੀ ਵੱਡੇ ਮਾਣ ਵਾਲੀ ਗੱਲ ਹੈ ਕਿ ਸਾਡੇ ਸਕੂਲ ਦੇ ਅਧਿਆਪਕ ਦੀ ਚੋਣ ਇਸ ਉੱਚ ਪੱਧਰੀ ਟ੍ਰੇਨਿੰਗ ਲਈ ਹੋਈ ਹੈ।
ਪਿੰਡ ਸਰਪੰਚ ਮਨਜੀਤ ਸਿੰਘ ਨੇ ਖੁਸ਼ੀ ਜਾਹਿਰ ਕਰਦਿਆਂ ਦੱਸਿਆ ਕਿ ਰਜਿੰਦਰ ਸਿੰਘ ਨੇ ਆਪਣੀ ਸਖਤ ਮਿਹਨਤ ਸਦਕਾ ਨਾ ਸਿਰਫ ਸਕੂਲ ਦਾ ਸਗੋਂ ਪੂਰੇ ਪਿੰਡ ਦਾ ਨਾਮ ਵੀ ਭਾਰਤ ਪੱਧਰ ਤੱਕ ਰੌਸ਼ਨ ਕੀਤਾ ਹੈ। ਜਿਸ ਦੇ ਚਲਦਿਆਂ ਪੰਜਾਬ ਸਰਕਾਰ ਨੇ ਉਸਦੀ ਚੋਣ ਇਸ ਟ੍ਰੇਨਿੰਗ ਲਈ ਕੀਤੀ ਹੈ ਉਹਨਾਂ ਦੱਸਿਆ ਕਿ ਅਧਿਆਪਕ ਦੀ ਇਸ ਟਰੇਨਿੰਗ ਦਾ ਫਾਇਦਾ ਨਾ ਸਿਰਫ ਉਹਨਾਂ ਦੇ ਪਿੰਡ ਨੂੰ ਸਗੋਂ ਇਸ ਸਕੂਲ ਵਿੱਚ ਪੜ੍ਹਦੇ 15 ਪਿੰਡਾਂ ਦੇ ਬੱਚਿਆਂ ਨੂੰ ਹੋਵੇਗਾ ਜੋ ਕਿ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਇਸ ਦੇ ਲਈ ਉਹਨਾਂ ਨੇ ਪੰਜਾਬ ਸਰਕਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ।
ਅਧਿਆਪਕ ਰਜਿੰਦਰ ਸਿੰਘ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਫਿਨਲੈਂਡ ਪੂਰੀ ਦੁਨੀਆ ਵਿੱਚ ਸਿੱਖਿਆ ਦੇ ਖੇਤਰ ਵਿੱਚ ਪਹਿਲੇ ਨੰਬਰ ਤੇ ਹੈ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਨੇ ਪੰਜਾਬ ਦੇ ਅਧਿਆਪਕਾਂ ਨੂੰ ਫਿਨਲੈਂਡ ਵਿਖੇ ਸਪੈਸ਼ਲ ਟ੍ਰੇਨਿੰਗ ਕਰਾਉਣ ਦਾ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਸ ਚ ਚਲਦਿਆਂ ਹੁਣ ਤੱਕ ਤਿੰਨ ਬੈਚ ਫਿਡਲੈਂਡ ਵਿਖੇ ਟ੍ਰੇਨਿੰਗ ਕਰ ਚੁੱਕੇ ਹਨ।
ਉਹਨਾਂ ਅੱਗੇ ਦੱਸਿਆ ਕਿ ਫਿਨਲੈਂਡ ਵਿਖੇ ਬਿਤਾਏ 15 ਦਿਨ ਹੁਣ ਤੱਕ ਦੇ ਅਧਿਆਪਨ ਦਾ ਸੁਨਹਿਰੀ ਸਮਾਂ ਹੈ। ਜਿਸ ਦੌਰਾਨ ਅਧਿਆਪਨ ਦੀਆਂ ਬਹੁਤ ਸਾਰੀਆਂ ਆਧੁਨਿਕ ਵਿਧੀਆਂ ਸਿੱਖਣ ਨੂੰ ਮਿਲੀਆਂ ਹਨ। ਫਿਨਲੈਂਡ ਦੀ ਸਿੱਖਿਆ ਜਿਆਦਾਤਰ ਕਿਰਿਆ ਆਧਾਰਿਤ ਤਰੀਕਿਆਂ ਨਾਲ ਬੱਚਿਆਂ ਨੂੰ ਪ੍ਰਦਾਨ ਕੀਤੀ ਜਾਂਦੀ ਹੈ। ਬਹੁਤ ਛੋਟੀ ਉਮਰ ਤੋਂ ਹੀ ਬੱਚੇ ਸਕੂਲ ਨੂੰ ਜੁਆਇਨ ਕਰਦੇ ਹਨ ਅਤੇ ਪੂਰਾ ਦਿਨ ਸਕੂਲ ਵਿੱਚ ਰਹਿ ਕੇ ਆਪਣੇ ਸਾਰੇ ਕੰਮ ਆਪ ਕਰਨ ਦੀ ਕਲਾ ਸਿੱਖਦੇ ਹਨ।
ਅਧਿਆਪਕ ਰਾਜਿੰਦਰ ਸਿੰਘ ਦੇ ਵਾਪਸ ਸਕੂਲ ਪਰਤਨ ਤੇ ਪੂਰੇ ਸਕੂਲ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਸਕੂਲ ਦੇ ਵਿਦਿਆਰਥੀਆਂ ਨੇ ਜ਼ੋਰਦਾਰ ਤਾੜੀਆਂ ਨਾਲ ਉਹਨਾਂ ਦਾ ਸਵਾਗਤ ਵੀ ਕੀਤਾ। ਇਸ ਮੌਕੇ ਸਕੂਲ ਅਧਿਆਪਕ ਅਰਵਿੰਦ ਕੁਮਾਰ, ਵਿਪਨ ਕੁਮਾਰ, ਸ਼੍ਰੀਮਤੀ ਸੁਮਨ ਲਤਾ, ਬਬੀਤਾ ਰਾਣੀ ਤੋਂ ਇਲਾਵਾ ਗੁਰਾ ਸਿੰਘ ਆਦਿ ਵੀ ਇੱਥੇ ਹਾਜ਼ਰ ਸਨ