ਚੰਡੀਗੜ੍ਹ ਯੂਨੀਵਰਸਿਟੀ ’ਚ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਰਬ ਧਰਮ ਸੰਮੇਲਨ ਦਾ ਕਰਵਾਇਆ ਆਯੋਜਨ
ਚੰਡੀਗੜ੍ਹ ਯੂਨੀਵਰਸਿਟੀ ਦੇ ਸਰਬ ਧਰਮ ਸੰਮੇਲਨ ’ਚ ਇਕੱਤਰ ਹੋਏ ਵੱਖ-ਵੱਖ ਧਾਰਮਿਕ ਸ਼ਖ਼ਸੀਅਤਾਂ ਨੇ ਇਕਜੁੱਟਤਾ ਤੇ ਸਰਬ ਸਾਂਝੀਵਾਲਤਾ ਦਾ ਦਿੱਤਾ ਸੁਨੇਹਾ
ਸਰਬ ਧਰਮ ਸੰਮੇਲਨ ’ਚ ਚੰਡੀਗੜ੍ਹ ਯੂਨੀਵਰਸਿਟੀ ਦੀ ਗੁਰੂ ਨਾਨਕ ਚੇਅਰ ਵੱਲੋਂ ਪ੍ਰਕਾਸ਼ਿਤ ਪੁਸਤਕ ’’ਪੁਆਧ ਵਿਚ ਗੁਰੂ ਤੇਗ ਬਹਾਦੁਰ ਜੀ ਦੇ ਗੁਰਧਾਮ’’ ਦਾ ਕੀਤਾ ਲੋਕ ਅਰਪਣ
ਨੌਜਵਾਨ ਪੀੜ੍ਹੀ ਨੂੰ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਦੇ ਮਕਸਦ ਬਾਰੇ ਹੋਣਾ ਚਾਹੀਦਾ ਜਾਗਰੂਕ : ਪੰਜਾਬ ਦੇ ਸ਼ਾਹੀ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ
ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀਆਂ ਮਿਹਰਬਾਨੀਆਂ ਦਾ ਕਰਜ਼ ਅਸੀਂ ਕਦੇ ਨਹੀਂ ਚੁੱਕਾ ਸਕਦੇ : ਸੰਸਦ ਮੈਂਬਰ (ਰਾਜ ਸਭਾ) ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ
ਚੰਡੀਗੜ੍ਹ/ਮੋਹਾਲੀ
ਚੰਡੀਗੜ੍ਹ ਯੂਨੀਵਰਸਿਟੀ ਦੇ ਘੜੂੰਆਂ ਕੈਂਪਸ ਵਿਖੇ ਸ੍ਰੀ ਗੁਰੂ ਤੇਗ ਬਹਾਦੁਰ ਜੀ, ਭਾਈ ਸਤੀ ਦਾਸ, ਭਾਈ ਮਤੀ ਦਾਸ ਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਰਬ ਧਰਮ ਸੰਮੇਲਨ ਦਾ ਆਯੋਜਨ ਕਰਵਾਇਆ ਗਿਆ। ਸੰਮੇਲਨ ਦਾ ਮੁੱਖ ਵਿਸ਼ਾ ’’ਸਗਲ ਸਿ੍ਰਸਟਿ ਪੈ ਢਾਪੀ ਚਾਦਰ’’ ’ਤੇ ਅਧਾਰਿਤ ਸੀ। ਸੰਮੇਲਨ ਦੌਰਾਨ ਵੱਖ-ਵੱਖ ਧਾਰਮਿਕ ਸ਼ਖ਼ਸੀਅਤਾਂ, ਸਿੱਖ ਇਤਿਹਾਸਕਾਰ, ਸਿੱਖਿਆ ਸ਼ਾਸਤਰੀ ਸ਼ਾਮਲ ਹੋਏ, ਜਿਨ੍ਹਾਂ ਨੇ ਧਾਰਮਿਕ ਇਕਜੁੱਟਤਾ ਤੇ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੰਦਿਆਂ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਦਰਸਾਏ ਮਾਰਗ ਦਰਸ਼ਨ ’ਤੇ ਚੱਲਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਧਾਰਮਿਕ ਸ਼ਾਮਿਲ ਸ਼ਖ਼ਸੀਅਤਾਂ ਵਿਚ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ, ਗੁਰੂ ਨਾਨਕ ਚੇਅਰ ਫਾਰ ਸਟੱਡੀਜ਼ ਇਨ ਯੂਨੀਵਰਸਲ ਐਡਵਾਂਸਮੈਂਟ ਦੇ ਚੇਅਰਪਰਸਨ ਡਾ. ਹਰਪਾਲ ਸਿੰਘ ਪਨੂੰ ਤੋਂ ਇਲਾਵਾ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ, ਪ੍ਰਾਚੀਨ ਨਿਰਮਲ ਮਹਾਮੰਡਲ ਹੁਸ਼ਿਆਰਪੁਰ ਦੇ ਪ੍ਰਧਾਨ ਸੰਤ ਤੇਜਾ ਸਿੰਘ, ਇਸਕਾਨ ਮੰਦਿਰ, ਚੰਡੀਗੜ੍ਹ ਤੋਂ ਹਿੰਦੂ ਅਚਾਰਿਆ ਪਰਘੋਸ਼ ਪ੍ਰਭੂ, ਦਰਬਾਰ ਸ੍ਰੀ ਭੈਣੀ ਸਾਹਿਬ ਦੇ ਪ੍ਰਧਾਨ ਸੂਬਾ ਬਲਵਿੰਦਰ ਸਿੰਘ ਨਾਮਧਾਰੀ, ਪਾਦਰੀ ਸੋਹਨ ਐੱਲ ਸ਼ਾਲੋਮ, ਸ੍ਰੀ ਰਤਵਾੜਾ ਸਾਹਿਬ ਤੋਂ ਭਾਈ ਸੁੱਖਵਿੰਦਰ ਸਿੰਘ ਤੇ ਹੋਰ ਸ਼ਖ਼ਸੀਅਤਾਂ ਸ਼ਾਮਲ ਹੋਈਆਂ।
ਸੰਮੇਲਨ ਦੀ ਸ਼ੁਰੂਆਤ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੀ ਗੁਰੂ ਨਾਨਕ ਚੇਅਰ ਫਾਰ ਸਟੱਡੀਜ਼ ਇਨ ਯੂਨੀਵਰਸਲ ਐਡਵਾਂਸਡਮੈਂਟ ਵੱਲੋਂ ਪ੍ਰਕਾਸ਼ਿਤ ਉੱਘੇ ਪੰਜਾਬੀ ਲੇਖਕ ਗੁਰਪ੍ਰੀਤ ਸਿੰਘ ਨਿਆਮੀਆਂ ਦੀ ਪੁਸਤਕ ’’ਪੁਆਧ ਵਿਚ ਗੁਰੂ ਤੇਗ ਬਹਾਦੁਰ ਜੀ ਦੇ ਗੁਰਧਾਮ’’ ਨੂੰ ਸੰਸਦ ਮੈਂਬਰ (ਰਾਜ ਸਭਾ) ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਤੇ ਮੌਕੇ ’ਤੇ ਮੌਜੂਦ ਸ਼ਖ਼ਸੀਅਤਾਂ ਵੱਲੋਂ ਰਿਲੀਜ਼ ਕੀਤਾ ਗਿਆ। ਨਿਆਮੀਆਂ ਵੱਲੋਂ ਲਿਖੀ ਪੁਸਤਕ ਵਿਚ ਜ਼ਿਕਰ ਕੀਤਾ ਹੈ ਕਿ ਪੁਆਧ ਦੀ ਧਰਤੀ ਦੇ ਚੱਪੇ-ਚੱਪੇ ’ਤੇ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਪਏ ਹਨ। ਜਗਤ ਦੇ ਉਧਾਰ ਹਿਤ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਬਾਕੀ ਇਲਾਕਿਆਂ ਦੇ ਨਾਲ-ਨਾਲ ਪੁਆਧ ਦੇ ਪਿੰਡ-ਪਿੰਡ ਗਏ ਅਤੇ ਧਰਮ ਪ੍ਰਚਾਰ ਕੀਤਾ ਸੀ।ਇਸ ਪੁਸਤਕ ਵਿਚ ਸਿੱਖ ਇਤਿਹਾਸ ਦਾ ਅਣਗੌਲਿਆ ਅਤੇ ਅਮੋਲਕ ਖਜ਼ਾਨਾ ਹੈ।
ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਦੁਨੀਆ ਸ੍ਰੀ ਗੁਰੂ ਤੇਗ ਬਹਾਦੁਰ ਜੀ ਲਾਸਾਨੀ ਸ਼ਹਾਦਤ ਬਾਰੇ ਜਾਣੇ। ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਅਤੇ ਸਿੱਖ ਭਾਈਚਾਰੇ ਨੂੰ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਦੇ ਮਕਸਦ ਨੂੰ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਕਿਉਂਕਿ ਸਾਡੇ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਹੱਕ ਅਤੇ ਇਨਸਾਫ਼ ਲਈ ਆਪਣੀ ਕੁਰਬਾਨੀ ਦਿੱਤੀ ਹੈ।
ਇਸ ਮੌਕੇ ਸੰਸਦ ਮੈਂਬਰ (ਰਾਜ ਸਭਾ) ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸਾਰੀ ਦੁਨੀਆ ਵਿੱਚ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾ ਤੇ ਸਨਮਾਨ ਦੇ ਨਾਲ ਮਨਾਇਆ ਜਾ ਰਿਹਾ ਹੈ। ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਵੱਲੋਂ ਗੁਰੂ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ੇਸ਼ ਸਿੱਕਾ ਅਤੇ ਡਾਕ ਟਿਕਟ ਜਾਰੀ ਕੀਤੀ ਗਈ। ਇਸੇ ਤਰ੍ਹਾਂ ਪੂਰੀ ਦੁਨੀਆ ਭਰ ਦੀਆਂ ਸੰਸਥਾਵਾਂ ਆਪੋ-ਆਪਣੇ ਢੰਗ ਨਾਲ ਨੌਵੀਂ ਪਾਤਸ਼ਾਹੀ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਹਨ।
ਐੱਮਪੀ ਸੰਧੂ ਨੇ ਅੱਗੇ ਕਿਹਾ ਕਿ ਇਹ ਸਾਡਾ ਸੁਭਾਗ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਉਸ ਜਗ੍ਹਾ ’ਤੇ ਸਥਾਪਿਤ ਕੀਤੀ ਗਈ ਹੈ, ਜਿਸ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਹੋਈ ਹੈ। ਇਸੇ ਲਈ ਅੱਜ ਚੰਡੀਗੜ੍ਹ ਯੂਨੀਵਰਸਿਟੀ ਦਾ ਪੂਰੀ ਦੁਨੀਆ ਵਿੱਚ ਜੋ ਵੀ ਰੁਤਬਾ ਹੈ, ਉਹ ਨੌਵੀਂ ਪਾਤਸ਼ਾਹੀ ਦੀਆਂ ਅਸੀਸਾਂ ਸਦਕਾ ਹੀ ਹੈ।
ਸੰਧੂ ਨੇ ਕਿਹਾ ਕਿ ਅਸੀਂ ਗੁਰੂ ਸਾਹਿਬ ਜੀ ਦੀਆਂ ਮਿਹਰਬਾਨੀਆਂ ਦਾ ਕਰਜ਼ ਕਦੇ ਚੁਕਾ ਨਹੀਂ ਸਕਦੇ। ਕਿਉਂਕਿ ਪੂਰੀ ਦੁਨੀਆ ਵਿੱਚ ਅਜਿਹਾ ਕੋਈ ਪੀਰ-ਪੈਗ਼ੰਬਰ ਨਹੀਂ ਹੋਇਆ, ਜਿਸ ਨੇ ਕੌਮ ਦੀ ਖ਼ਾਤਰ ਅਜਿਹੀ ਕੁਰਬਾਨੀ ਦਿੱਤੀ ਹੋਵੇ ਅਤੇ ਆਪਣਾ ਪੂਰਾ ਪਰਿਵਾਰ ਕੁਰਬਾਨ ਕਰ ਦਿੱਤਾ। ਸਿੱਖ ਕੌਮ ਵਿੱਚ ਕੁਰਬਾਨੀਆਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਸਾਡੇ ਗੁਰੂ ਸਾਹਿਬਨਾਂ ਨੇ ਆਪਣਾ ਸੀਸ ਦਿੱਤਾ ਅਤੇ ਨਾਲ ਹੀ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਵਾਰ ਦਿੱਤਾ। ਅੱਗੋਂ ਦਸ਼ਮ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਪਰਿਵਾਰ ਕੌਮ ਤੋਂ ਵਾਰ ਦਿੱਤਾ। ਸਾਨੂੰ ਚਾਹੀਦਾ ਹੈ ਕਿ ਅਸੀਂ ਇਨ੍ਹਾਂ ਮਹਾਨ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖੀਏ ਅਤੇ ਸਾਰੇ ਆਪਸ ਵਿੱਚ ਮਿਲ ਕੇ ਇੱਕ ਹੋ ਕੇ ਰਹੀਏ, ਜਿਸ ਦੇ ਲਈ ਸਾਡੇ ਗੁਰੂ ਸਾਹਿਬਾਨਾਂ ਨੇ ਇੰਨੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ।
ਪ੍ਰਾਚੀਨ ਨਿਰਮਲ ਮਹਾਮੰਡਲ, ਹੁਸ਼ਿਆਰਪੁਰ ਦੇ ਪ੍ਰਧਾਨ ਸੰਤ ਤੇਜਾ ਸਿੰਘ ਨੇ ਕਿਹਾ ਕਿ ਧਰਮ ਕਿਸੇ ਵੀ ਪਹਿਰਾਵੇੇ ਦਾ ਨਾਮ ਨਹੀਂ ਹੈ, ਬਲਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ। ਗੁਰੂ ਸਾਹਿਬ ਜੀ ਦੇ ਅਨੁਸਾਰ ਨਾਮ ਜਪਣਾ, ਸਾਦਾ ਜੀਵਨ, ਨਿਡਰਤਾ, ਲੋਭ ਅਤੇ ਹੰਕਾਰ ਨੂੰ ਛੱਡਣਾ ਹੀ ਧਰਮ ਹੈ। ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਮਾਨਵਤਾ, ਧਾਰਮਿਕ ਸੁਤੰਤਰਤਾ ਤੇ ਸੱਚ ਦੀ ਰੱਖਿਆ ਲਈ ਸੀ। ਸਿੱਖ ਧਰਮ ’ਚ ਇੱਕੋ ਪੰਗਤ ਵਿਚ ਲੰਗਰ ਛੱਕਣ ਦੀ ਪਰੰਪਰਾ ਨੇ ਜਾਤੀ ਭੇਦ-ਭਾਵ ਦੂਰ ਕਰ ਕੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ।
ਇਸਕਾਨ ਦੇ ਹਿੰਦੂ ਅਚਾਰਿਆ ਪ੍ਰਘੋਸ਼ ਪ੍ਰਭੂ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਮਨੁੱਖਤਾ ਨੂੰ ਇਕਜੁੱਟ ਕਰਨ ਵਾਲੀ ਅਵਾਜ਼ ਨੂੰ ਕਦੇ ਵੀ ਦਬਾਇਆ ਨਹੀਂ ਜਾ ਸਕਦਾ ਹੈ। ਸ੍ਰੀ ਗੁਰੂ ਤੇਗ ਬਹਾਦੁਰ ਜੀ ਨੇ ਮਨੁੱਖਤਾ ਲਈ ਆਪਾ ਕੁਰਬਾਨ ਕਰ ਦਿੱਤਾ। ਧਰਮ ਸਾਡੇ ਵਿਚ ਨਫ਼ਰਤ ਪੈਦਾ ਕਰਨ ਲਈ ਨਹੀਂ ਹੈ, ਬਲਕਿ ਇਹ ਸਾਡੇ ਵਿਚ ਇੱਕ ਪੁਲ ਬਣਾਉਣ ਦਾ ਕੰਮ ਕਰਦਾ ਹੈ। ਕੋਈ ਵੀ ਧਰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਹੈ।ਹਰ ਧਰਮ ਸਾਨੂੰ ਸ਼ਾਂਤੀ ਦੇ ਨਾਲ ਰਹਿਣਾ ਸਿਖਾਉਂਦਾ ਹੈ। ਧਰਮ ਸਮੁੱਚੀ ਲੋਕਾਈ ਨੂੰ ਪਿਆਰ, ਮੋਹ ਤੇ ਇਨਸਾਨੀਅਤ ਦੀ ਸੇਵਾ ਬਾਰੇ ਪ੍ਰੇਰਿਤ ਕਰਦਾ ਹੈ।
ਇਸ ਮੌਕੇ ਪਾਦਰੀ ਸੋਹਨ ਐੱਲ ਸ਼ਾਲੋਮ ਨੇ ਕਿਹਾ ਕਿ ਸਾਡੇ ਦਰਮਿਆਨ ਅਜਿਹੇ ਲੋਕ ਮੌਜੂਦ ਹਨ, ਜਿਨ੍ਹਾਂ ਨੂੰ ਆਪਣੇ ਪੁਰਖਿਆਂ ਦੇ ਨਾਮ ਵੀ ਯਾਦ ਨਹੀਂ ਹੋਣੇ, ਪਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਜਿਨ੍ਹਾਂ 350 ਸਾਲ ਪਹਿਲਾਂ ਸਾਡੀ ਸਭਨਾਂ ਦੀ ਧਾਰਮਿਕ ਸੁਤੰਤਰਤਾ ਖ਼ਾਤਰ ਆਪਣਾ ਸੀਸ ਦੇ ਦਿੱਤਾ ਸੀ, ਨੂੰ ਦੁਨੀਆ ਭਰ ਵਿੱਚ ਯਾਦ ਕੀਤਾ ਜਾਂਦਾ ਹੈ। ਸਾਨੂੰ ਗੁਰੂ ਸਾਹਿਬ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਇੱਕ ਦੂਜੇ ਨੂੰ ਪਿਆਰ ਕਰਨਾ ਅਤੇ ਉਨ੍ਹਾਂ ਲਈ ਆਪਾ ਵਾਰਨਾ, ਇਹੀ ਸਾਡੀ ਜ਼ਿੰਦਗੀ ਦਾ ਆਧਾਰ ਹੈ।
ਇਸ ਮੌਕੇ ਦਰਬਾਰ ਸ੍ਰੀ ਭੈਣੀ ਸਾਹਿਬ ਦੇ ਪ੍ਰਧਾਨ ਸੂਬਾ ਬਲਵਿੰਦਰ ਸਿੰਘ ਨਾਮਧਾਰੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਜੋ ਸਾਡੇ ਲਈ ਕੀਤਾ ਹੈ, ਉਸ ਦਾ ਦੇਣ ਅਸੀਂ ਨਹੀਂ ਦੇ ਸਕਦੇ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ ’ਤੇ ਬੈਠ ਕੇ ਕੌਮ ਲਈ ਸ਼ਹਾਦਤ ਦਿੱਤੀ ਅਤੇ ਅੱਗੋਂ ਉਨ੍ਹਾਂ ਦੇ ਪੋਤੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਦਿੱਲੀ ਵਿਖੇ ਆਪਣਾ ਸੀਸ ਵਾਰ ਦਿੱਤਾ, ਅਗੋਂ ਉਨ੍ਹਾਂ ਦੇ ਪੋਤਿਆਂ ਚਾਰ ਸਾਹਿਬਜ਼ਾਦਿਆਂ ਨੇ ਵੀ ਕੌਮ ਦੀ ਖ਼ਾਤਰ ਆਪਣੀ ਲਾਸਾਨੀ ਸ਼ਹਾਦਤ ਦਿੱਤੀ। ਇਹ ਸਿਲਸਿਲਾ ਪੀੜ੍ਹੀ ਦਰ ਪੀੜ੍ਹੀ ਚੱਲਦਾ ਆ ਰਿਹਾ ਸੀ, ਜਿਸ ਕਰਕੇ ਅੱਜ ਅਸੀਂ ਸਿਰ ਉੱਠਾ ਕੇ ਤੁਰ ਸਕਦੇ ਹਾਂ।