ਡੈਮੋਕਰੇਟਿਕ ਟੀਚਰਜ਼ ਫਰੰਟ ਵੱਲੋਂ ਮੈਰੀਟੋਰੀਅਸ ਅਤੇ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ, 27 ਨਵੰਬਰ2025: ਲੰਬੇ ਸਮੇਂ ਤੋਂ ਆਪਣੇ ਪੱਕੇ ਹੋਣ ਲਈ ਸੰਘਰਸ਼ ਕਰ ਰਹੇ ਮੈਰੀਟੋਰੀਅਸ ਅਧਿਆਪਕ ਅਤੇ ਕੱਚੇ ਅਧਿਆਪਕ 30 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿਖੇ ਰੈਲੀ ਕਰਨਗੇ|ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ, ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਬਲਜਿੰਦਰ ਸਿੰਘ ਅਤੇ ਸਕੱਤਰ ਜਸਵਿੰਦਰ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚੋ ਨਿਕਲੇ ਹੁਸ਼ਿਆਰ ਵਿਦਿਆਰਥੀਆਂ ਨੂੰ ਪੜਾਉਣ ਵਾਲੇ ਮੈਰੀਟੋਰੀਅਸ ਅਧਿਆਪਕ ਵੀ ਪਿਛਲੇ 15-15 ਸਾਲ ਤੋਂ ਠੇਕੇ ਤੇ ਸੇਵਾਵਾਂ ਨਿਭਾ ਰਹੇ ਹਨ ਜਦਕਿ ਉਹਨਾਂ ਦੇ ਪੜਾਏ ਵਿਦਿਆਰਥੀ ਅੱਜ ਡਾਕਟਰ, ਇੰਜਨੀਅਰ ਅਤੇ ਹੋਰ ਵੱਡੇ ਅਹੁਦਿਆਂ ਤੇ ਕੰਮ ਕਰ ਰਹੇ ਹਨ |ਹਰ ਸਾਲ ਇਹਨਾਂ ਮੈਰੀਟੋਰੀਅਸ ਸਕੂਲਾਂ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਮੈਰਿਟਾਂ ਵਿੱਚ ਆਉਂਦੇ ਹਨ ਪਰ ਉਹਨਾਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਸੋਸ਼ਣ ਦਾ ਸ਼ਿਕਾਰ ਹੋ ਰਹੇ ਹਨ|
ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਵਿਕਾਸ ਗਰਗ, ਵਿੱਤ ਸਕੱਤਰ ਅਨਿਲ ਭੱਟ, ਜਥੇਬੰਦਕ ਸਕੱਤਰ ਕੁਲਵਿੰਦਰ ਸਿੰਘ ਬਿਰਕ ਅਤੇ ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਖੇਮੂਆਣਾ ਦੱਸਿਆ ਕਿ ਇਸੇ ਤਰਾਂ ਪਿਛਲੇ 25-25 ਸਾਲ ਤੋਂ ਆਪਣੀ ਪੂਰੀ ਜ਼ਿੰਦਗੀ ਸਰਕਾਰੀ ਸਕੂਲਾਂ ਦੇ ਲੇਖੇ ਲਾ ਚੁੱਕੇ ਕੱਚੇ ਅਧਿਆਪਕ ਬਿਨਾਂ ਪੱਕੇ ਹੋਏ ਖਾਲੀ ਹੱਥ ਰਿਟਾਇਰ ਹੋ ਰਹੇ ਹਨ | ਜ਼ਿਲ੍ਹਾ ਕਮੇਟੀ ਮੈਂਬਰ ਬਲਜਿੰਦਰ ਕੌਰ ਅਤੇ ਰਣਦੀਪ ਕੌਰ ਖਾਲਸਾ ਨੇ ਕਿਹਾ ਕਿ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਵੱਲੋਂ ਇਹਨਾਂ ਦੇ ਧਰਨਿਆਂ ਵਿੱਚ ਆ ਕੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਪੱਕੇ ਕਰਨ ਦਾ ਲਾਰਾ ਅੱਜ ਸੈਕੜੇ ਕੈਬਨਿਟ ਮੀਟਿੰਗਾਂ ਹੋ ਜਾਣ ਦੇ ਬਾਵਜੂਦ ਵੀ ਲਾਰਾ ਹੀ ਰਿਹਾ । ਨਿਗੁਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਇਹ ਅਧਿਆਪਕ ਆਪਣੇ ਪੱਕੇ ਹੋਣ ਲਈ ਹੁਣ ਫਿਰ ਸੰਘਰਸ਼ ਦੇ ਮੈਦਾਨ ਵਿੱਚ ਹਨ|
ਉਹਨਾਂ ਕਿਹਾ ਕਿ ਇਹਨਾਂ ਦੋਵਾਂ ਕੈਟਾਗਰੀਆਂ ਦੇ ਅਧਿਆਪਕਾਂ ਵੱਲੋਂ ਮੈਰੀਟੋਰੀਅਸ ਅਧਿਆਪਕ ਯੂਨੀਅਨ ਪੰਜਾਬ ਅਤੇ ਸਪੈਸ਼ਲ ਅਧਿਆਪਕ ਫ਼ਰੰਟ ਦੇ ਝੰਡੇ ਹੇਠ 30 ਨਵੰਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਰੈਲੀ ਕਰ ਕੀਤੀ ਜਾ ਰਹੀ ਹੈ |ਜਿਸ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਅਧਿਆਪਕ ਸ਼ਾਮਿਲ ਹੋਣਗੇ|ਬਲਾਕ ਪ੍ਰਧਾਨ ਭੁਪਿੰਦਰ ਸਿੰਘ ਮਾਈਸਰਖਾਨਾ ਭੋਲਾ ਰਾਮ ਬਲਕਰਨ ਸਿੰਘ ਕੋਟਸ਼ਮੀਰ ਰਾਜਵਿੰਦਰ ਸਿੰਘ ਜਲਾਲ ਅਤੇ ਅਸ਼ਵਨੀ ਡੱਬਵਾਲੀ ਨੇ ਕਿਹਾ ਕਿ ਡੀ. ਟੀ. ਐਫ਼. ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਹਨਾਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਲਿਆ ਕੇ ਰੈਗੂਲਰ ਗ੍ਰੇਡ ਵਿੱਚ ਪੱਕਾ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਚੋਣ ਸਾਲ ਵਿਚ ਵੱਡੇ ਸੰਘਰਸ਼ ਦਾ ਟਾਕਰਾ ਕਰਨ ਲਈ ਤਿਆਰ ਰਹੇ |