Babushahi Special ਲਾਲ ਪਰੀ ਨਾਲ ਟੱਲੀ ਹੋਕੇ ਹਵਾ ਨੂੰ ਗੰਢਾਂ ਦੇਣ ਕਾਰਨ ਸੁੰਨੀਆਂ ਸੜਕਾਂ ਤੇ ਵਾਪਰਦੇ ਖੂਨੀ ਹਾਦਸੇ
ਅਸ਼ੋਕ ਵਰਮਾ
ਬਠਿੰਡਾ, 27 ਨਵੰਬਰ 2025: ਬਠਿੰਡਾ ਟਰੈਫਿਕ ਪੁਲਿਸ ਦੇ ਸ਼ਾਮ ਨੂੰ ਸੜਕਾਂ ਤੋਂ ਹਟਦਿਆਂ ਵਾਹਨ ਚਾਲਕਾਂ ਤੇ ਰਾਹਗੀਰਾਂ ਵਿੱਚ ਲਾਪਰਵਾਹੀ ਦਾ ਰੁਝਾਨ ਤੇਜ਼ ਹੋਣ ਕਾਰਨ ਵੀ.ਆਈ.ਪੀ ਸ਼ਹਿਰ ਬਠਿੰਡਾ ਦੀਆਂ ਸੁੰਨੀਆਂ ਸੜਕਾਂ ਤੇ ਹਾਦਸੇ ਵਾਪਰਨੇ ਆਮ ਜਿਹੀ ਗੱਲ ਬਣ ਗਈ ਹੈ। ਇਹੋ ਹੀ ਨਹੀਂ ਆਵਾਜਾਈ ਨੂੰ ਸੁਚਾਰੂ ਰੂਪ ’ਚ ਚਲਾਉਣ ਲਈ ਲਾਈਆਂ ਟਰੈਫਿਕ ਲਾਈਟਾਂ ਟਿਕਣ ਤੋਂ ਬਾਅਦ ਵੀ ਹਾਦਸਿਆਂ ਦਾ ਰੁਝਾਨ ਵਧਿਆ ਹੈ। ਹਾਲਾਂਕਿ ਇਹ ਨਹੀਂ ਕਿ ਜਿਲ੍ਹਾ ਪੁਲਿਸ ਕਾਰਵਾਈ ਨਹੀਂ ਕਰਦੀ ਬਲਕਿ ਕਾਨੂੰਨੀ ਸ਼ਿਕੰਜੇ ਦੇ ਬਾਵਜੂਦ ਵੱਡੀਆਂ ਵੱਡੀਆਂ ਗੱਡੀਆਂ ਭੰਨ ਤੋੜ ਕਰਦੀਆਂ ਆ ਰਹੀਆਂ ਹਨ। ਦੋ ਦਿਨ ਪਹਿਲਾਂ ਸੁੰਨੀ ਸੜਕ ਤੇ ਚਲਦਿਆਂ ਲਾਪਰਵਾਹੀ ਕਾਰਨ ਟਰਾਲਾ ਡਿਵਾਈਡਰ ਤੇ ਚੜ੍ਹ ਗਿਆ। ਗਨੀਮਤ ਇਹ ਰਹੀ ਕਿ ਕੋਲੋਂ ਦੀ ਲੰਘ ਰਹੀ ਬੱਸ ਦੀਆਂ ਸਵਾਰੀਆਂ ਬਚ ਗਈਆਂ ਅਤੇ ਟਰਾਲਾ ਚਾਲਕ ਵੀ ਬਚ ਗਿਆ। ਕਈ ਮਹੀਨੇ ਪਹਿਲਾਂ ਇੱਕ ਲਾਪਰਵਾਹ ਟਰਾਲਾ ਚਾਲਕ ਨੇ ਦੂਰ ਤੋਂ ਦਿਸਦੇ ਫੌਜੀ ਚੌਂਕ ਨੂੰ ਟੱਕਰ ਮਾਰ ਦਿੱਤੀ ਸੀ।
ਸਵੇਰ ਦਾ ਵਕਤ ਹੋਣ ਕਾਰਨ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਬੱਚਤ ਰਹਿ ਗਈ। ਥੋਹੜੇ ਦਿਨ ਪਹਿਲਾਂ ਇੱਕ ਟਰਾਲਾ ਚਾਲਕ ਕਾਫੀ ਦੂਰ ਤੋਂ ਪੁਲਿਸ ਦੇ ਬੈਰੀਕੇਡ ਘਸੀਟਦਾ ਹੋਇਆ ਹਨੂੰਮਾਨ ਚੌਂਕ ਤੱਕ ਪੁੱਜ ਗਿਆ ਸੀ। ਇਸ ਘਟਨਾ ਦੌਰਾਨ ਵੀ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਰਿਹਾ ਸੀ। ਇਹ ਸਿਰਫ ਤਿੰਨ ਮਿਸਾਲਾਂ ਹਨ ਸ਼ਹਿਰ ’ਚ ਜਦੋਂ ਸੜਕਾਂ ਤੇ ਚੁੱਪ ਦਾ ਪਸਾਰਾ ਹੁੰਦਾ ਹੈ ਤਾਂ ਉਦੋਂਂ ਵੀ ਅਕਸਰ ਗੱਡੀਆਂ ਭਿੜਦੀਆਂ ਰਹਿੰਦੀਆਂ ਹਨ। ਇਸ ਪੱਤਰਕਾਰ ਵੱਲੋਂ ਸੜਕ ਹਾਦਸਿਆਂ ਦੇ ਸ਼ਿਕਾਰ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ ’ਚ ਲਿਜਾਣ ਵਰਗੇ ਮਾਨਵਤਾ ਭਲਾਈ ਕਾਰਜਾਂ ’ਚ ਲੱਗੀਆਂ ਸਮਾਜ ਸੇਵੀ ਸੰਸਥਾਵਾਂ ਸਬੰਧੀ ਕੀਤੀ ਗਈ ਪੜਤਾਲ ਉਪਰੰਤ ਸਾਹਮਣੇ ਆਇਆ ਹੈ ਕਿ ਰਾਤ ਨੂੰ ਖਾਲੀ ਸੜਕਾਂ ਤੇ ਪੁਲਿਸ ਤੋਂ ਬੇਖੌਫ ਹਵਾ ਨੂੰ ਗੰਢਾਂ ਦਿੰਦੀਆਂ ਗੱਡੀਆਂ ਅਤੇ ਆਮ ਲੋਕ ਰੋਜਾਨਾ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਪਰ ਪ੍ਰਸ਼ਾਸ਼ਨ ਮਸਲੇ ਨਾਲ ਨਜਿੱਠਣ ਤੋਂ ਹੱਥ ਖੜ੍ਹੇ ਕਰੀ ਬੈਠਾ ਹੈ।
ਸੜਕ ਹਾਦਸਿਆਂ ਸਬੰਧੀ ਪੜਤਾਲ ਅਨੁਸਾਰ ਇਸ ਇਲਾਕੇ ’ਚ 40 ਤੋਂ 50 ਫੀਸਦੀ ਜਾਨਲੇਵਾ ਹਾਦਸੇ ਸ਼ਾਮ 7 ਵਜੇ ਤੋਂ ਲੈਕੇ ਦੇਰ ਰਾਤ ਤੱਕ ਵਾਪਰਦੇ ਹਨ ਜਿਨ੍ਹਾਂ ਦਾ ਮੁੱਖ ਕਾਰਨ ਪੁਲਿਸ ਦੇ ਡਿਊਟੀ ਤੋ ਹਟਦਿਆਂ ਚਾਲਕਾਂ ਵੱਲੋਂ ਗੱਡੀਆਂ ਚਲਾਉਣ ਵੇਲੇ ਵਰਤੀ ਜਾਂਦੀ ਲਾਪਰਵਾਹੀ ਹੈ। ਇਸ ਦੌਰਾਨ ਤਾਂ ਸੜਕਾਂ ਖਤਰਨਾਕ ਸਿੱਧ ਹੋ ਰਹੀਆਂ ਹਨ ਕਿਉਂਕਿ ਰਾਤ ਨੂੰ ਵੀ ਗੱਡੀਆਂ ਦਿਨ ਵਾਂਗ ਹੀ ਟਕਰਾਉਂਦੀਆਂ ਹਨ। ਦੁਖਦਾਇਕ ਗੱਲ ਇਹ ਵੀ ਹੈ ਕਿ ਮਾਪਿਆਂ ਵੱਲੋਂ ਨਿਆਣਿਆਂ ਨੂੰ ਵਕਤੋਂ ਪਹਿਲਾਂ ਮੋਟਰਸਾਈਕਲ ਆਦਿ ਮੁਹੱਈਆ ਕਰਵਾਉਣ ਕਾਰਨ ਵੀ ਇਸ ਰੁਝਾਨ ਵਿੱਚ ਤੇਜੀ ਦਰਜ ਹੋਈ ਹੈ । ਨਿਆਣੀ ਉਮਰ ਦੇ ਚਾਲਕਾਂ ਚੋਂ ਸਕੂਲੀ ਵਿਦਿਆਰਥੀ ਸਕੂਟਰ ਆਦਿ ਮਿਥੀ ਰਫਤਾਰ ਤੇ ਨਾਂ ਚਲਾਕੇ ਨਾਂ ਕੇਵਲ ਖੁਦ ਦੀ ਜਿੰਦਗੀ ਖਤਰੇ ’ਚ ਪਾਉਂਦੇ ਹਨ ਬਲਕਿ ਦੂਸਰਿਆਂ ਲਈ ਖਤਰਾ ਸਿੱਧ ਹੁੰਦੇ ਹਨ। ਦੇਰ ਰਾਤ ਦੀਆਂ ਸ਼ੁਗਲੀਆ ਪਾਰਟੀਆਂ ਜਾਂ ਸ਼ਾਦੀਆਂ ਚੋਂ ਨਸ਼ੇ ’ਚ ਗੜੁੱਚ ਹੋਣ ਮਗਰੋਂ ਵਧਾਈ ਰਫਤਾਰ ਵੀ ਜਿੰਮੇਂਵਾਰ ਹੈ।
ਇਸ ਤੋਂ ਇਲਾਵਾ ਬਠਿੰਡਾ ’ਚ ਦਰਜ਼ਨ ਦੇ ਕਰੀਬ ਇਹੋ ਜਿਹੇ ਸਥਾਨ ਹਨ ਜਿੰਨ੍ਹਾਂ ਨੂੰ ਮੌਤ ਦੇ ਖੂਹ ਕਿਹਾ ਜਾਂਦਾ ਹੈ। ਇੱਥੋਂ ਦੀ ਲੰਘਣਾ ਮੌਤ ਨੂੰ ਸੱਦਾ ਦੇਣਾ ਹੈ। ਏ ਕੈਟਾਗਿਰੀ ’ਚ ਰੱਖੀਆਂ ਇਨ੍ਹਾਂ ਥਾਵਾਂ ਤੇ ਹਾਦਸਾ ਵਾਪਰਨਾ ਸਧਾਰਨ ਜਿਹੀ ਗੱਲ ਹੋਇਆ ਪਿਆ ਹੈ। ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਸ਼ਾਮ 4 ਵਜੇ ਤੋਂ 9-10 ਵਜੇ ਤੱਕ ਦਾ ਸਫਰ ਤਾਂ ਕਾਫੀ ਖਤਰਨਾਕ ਬਣ ਚੁੱਕਾ ਹੈ। ਉਨ੍ਹਾਂ ਆਖਿਆ ਕਿ ਇਸ ਸਮੇਂ ਦੌਰਾਨ ਦਫਤਰਾਂ ’ਚ ਛੁੱਟੀ ਮਗਰੋਂ ਹਰ ਕਿਸੇ ਨੂੰ ਘਰ ਪਹੁੰਚਣ ਦੀ ਕਾਹਲੀ ਹੁੰਦੀ ਹੈ ਜਿਸ ਕਰਕੇ ਵੀ ਗੱਡੀਆਂ ਦੇ ਘੜਮੱਸ ਕਾਰਨ ਵੀ ਹਾਦਸਿਆਂ ਦਾ ਅਕਸਰ ਖਤਰਾ ਮੰਡਰਾਉਂਦਾ ਰਹਿੰਦਾ ਹੈ। ਇਸ ਦੌਰਾਨ ਵਾਹਨਾਂ ਦੇ ਆਪਸ ਵਿੱਚ ਟਕਰਾਉਣ ਦੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਉਨ੍ਹਾਂ ਦੱਸਿਆ ਕਿ ਜਲਦਬਾਜੀ ਦੀ ਇਸ ਦੌੜ ਵਿੱਚ ਹਾਦਸਿਆਂ ਦਾ ਇੱਕ ਕਾਰਨ ਦੂਜੇ ਰਾਜਾਂ ਦੀਆਂ ਗੱਡੀਆਂ ਵੀ ਹਨ।
ਗੱਡੀਆਂ ’ਚ ਵਾਧਾ ਵੀ ਕਸੂਰਵਾਰ
ਸੂਤਰਾਂ ਦੱਸਦੇ ਹਨ ਕਿ ਬਠਿੰਡਾ ਪੱਟੀ ’ਚ ਹਰ ਸਾਲ ਹਜ਼ਾਰਾਂ ਸੜਕਾਂ ਤੇ ਉਤਰਦੀਆਂ ਹਜ਼ਾਰਾਂ ਗੱਡੀਆਂ ਸਮੱਸਿਆ ਵਧਾਉਂਦੀਆਂ ਹਨ। ਸੂਤਰਾਂ ਮੁਤਾਬਕ ਲੰਘੇ 15 ਸਾਲਾਂ ਦੌਰਾਨ ਗੱਡੀਆਂ ਦੀ ਗਿਣਤੀ 10 ਗੁਣਾ ਵਧ ਗਈ ਹੈ। ਬੇਸ਼ੱਕ ਰਿੰਗ ਰੋਡ ਵਨ ਚੱਲਣ ਕਾਰਨ ਸ਼ਹਿਰ ’ਚ ਆਵਾਜਾਈ ਦਾ ਦਬਾਅ ਘਟਿਆ ਹੈ ਫਿਰ ਵੀ ਅਕਸਰ ਜਾਮ ਹੁੰਦਾ ਟਰੈਫਿਕ ਕਈ ਵਾਰ ਹਾਦਸਿਆਂ ਦਾ ਕਾਰਨ ਬਣ ਜਾਂਦਾ ਹੈ।
ਪੁਲਿਸ ਸਟੰਟਬਾਜਾਂ ਨੂੰ ਨੱਥ ਪਾਏ
ਜੁਆਇੰਟ ਐਕਸ਼ਨ ਕਮੇਟੀ ਦੇ ਕਨਵੀਨਰ ਐਮ ਐਮ ਬਹਿਲ ਦਾ ਕਹਿਣਾ ਸੀ ਕਿ ਟਰੈਫਿਕ ਪੁਲਿਸ, ਕਾਨੂੰਨ ਦਾ ਰਾਜ ਲਾਗੂ ਕਰਨ ’ਚ ਫੇਲ੍ਹ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਇਨਸਾਨੀ ਜਿੰਦਗੀ ਦੀ ਮਹੱਤਤਾ ਦੱਸਕੇ ਸੜਕ ਹਾਦਸੇ ਠੱਲਣ ਦਾ ਪਾਠ ਪੜ੍ਹਾਉਂਦੀ ਹੈ ਪਰ ਸੜਕਾਂ ਤੇ ਸਟੰਟ ਕਰਦੇ ਮੁੰਡਿਆਂ ਨੂੰ ਕੌਣ ਮੱਤ ਦੇਵੇਗਾ ,ਇਸ ਵੱਲ ਧਿਆਨ ਨਹੀਂ ਹੈ। ਉਨ੍ਹਾਂ ਸੜਕਾਂ ਤੇ ਧੂੜਾਂ ਪੱਟਦੇ ਫਿਰਦੇ ਨਿਆਣੇ ਚਾਲਕਾਂ, ਪੜ੍ਹਾਕੂਆਂ ਅਤੇ ਸ਼ਰਾਬੀ ਡਰਾਈਵਰਾਂ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਦੀ ਮੰਗ ਕੀਤੀ।
ਪੁਲਿਸ ਪ੍ਰਸ਼ਾਸ਼ਨ ਦਾ ਪੱਖ
ਡੀਐਸਪੀ ਟਰੈਫਿਕ ਮਨਜੀਤ ਸਿੰਘ ਦਾ ਕਹਿਣਾ ਸੀ ਕਿ ਨਿਯਮ ਭੰਗ ਕਰਨ ਅਤੇ ਬੁਲੇਟ ਦੇ ਪਟਾਕਿਆਂ ਨਾਲ ਸਟੰਟ ਕਰਨ ਵਾਲਿਆਂ ਖਿਲਾਫ ਸਖਤ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਟਰੈਫਿਕ ਪੁਲਿਸ ਪੂਰੀ ਤਰਾਂ ਮੁਸਤੈਦ ਹੈ ਅਤੇ ਕਾਨੂੰਨ ਤੋੜਨ ਦੀ ਆਗਿਆ ਨਹੀਂ ਹੈ।