ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨੇ PNDT ਐਕਟ ਅਧੀਨ “ਬੇਟੀ ਬਚਾਓ, ਬੇਟੀ ਪੜ੍ਹਾਓ” ਰੈਲੀ ਕੱਢੀ
ਅਸ਼ੋਕ ਵਰਮਾ
ਬਠਿੰਡਾ, 27 ਨਵੰਬਰ 2025 :ਸਿਹਤ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਨੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ PNDT ਐਕਟ ਤਹਿਤ “ਬੇਟੀ ਬਚਾਓ, ਬੇਟੀ ਪੜ੍ਹਾਓ” ਮੁਹਿੰਮ ਸਬੰਧੀ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਰੈਲੀ ਦਾ ਮੁੱਖ ਉਦੇਸ਼ ਲਿੰਗ ਚੋਣ ਰੋਕਥਾਮ ਬਾਰੇ ਨਾਗਰਿਕਾਂ ਵਿੱਚ ਜਾਗਰੂਕਤਾ ਫੈਲਾਉਣਾ ਸੀ।
ਇਸ ਮੌਕੇ ਡਾ. ਤਪਿੰਦਰਜੋਤ ਨੇ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਧੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਦਾ ਜਨਮ ਯਕੀਨੀ ਬਣਾਉਣਾ ਸਾਡੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਗੈਰਕਾਨੂੰਨੀ ਲਿੰਗ ਪਛਾਣ ਜਾਂਚ (Sex Determination) ਕਾਨੂੰਨੀ ਤੌਰ ‘ਤੇ ਦੰਡਨੀਯ ਅਪਰਾਧ ਹੈ ਅਤੇ PNDT ਐਕਟ ਅਧੀਨ ਇਸਦੀ ਸਖ਼ਤ ਮਨਾਹੀ ਹੈ। ਹਰ ਨਾਗਰਿਕ ਦਾ ਫ਼ਰਜ਼ ਹੈ ਕਿ ਅਜਿਹੀਆਂ ਗੈਰਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਵਿੱਚ ਸਹਿਯੋਗ ਕਰਕੇ ਬੇਟੀ ਬਚਾਓ ਮੁਹਿੰਮ ਨੂੰ ਮਜ਼ਬੂਤ ਬਣਾਇਆ ਜਾਵੇ।
ਜ਼ਿਲ੍ਹਾ ਪਰਿਵਾਰ ਕਲਿਆਣ ਅਧਿਕਾਰੀ ਬਠਿੰਡਾ ਡਾ. ਸੁਖਜਿੰਦਰ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਲਿੰਗ ਅਨੁਪਾਤ ਦਾ ਸੰਤੁਲਨ ਸਮਾਜਿਕ ਵਿਕਾਸ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ PNDT ਐਕਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਕਾਨੂੰਨ ਦੀ ਪਾਲਣਾ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ।
ਇਸ ਜਾਗਰੂਕਤਾ ਪ੍ਰੋਗਰਾਮ ਵਿੱਚ ਸਕੂਲ ਦੇ ਪ੍ਰਿੰਸੀਪਲ ਜਗਤਾਰ ਸਿੰਘ ਬਰਾੜ, ਐਨਐਸਐਸ ਅਫਸਰ ਮੈਡਮ ਪਰਮਜੀਤ ਕੌਰ, ਸੁਮਨ (PNDT ਕੋਆਰਡੀਨੇਟਰ), ਹਰਜਿੰਦਰ ਕੌਰ (ਬੀ ਈ ਈ), ਸ਼ੇਰਜੰਗ ਸਿੰਘ (ਕਲਰਕ), ਕੁਲਵੰਤ ਸਿੰਘ (ਕੰਪਿਊਟਰ ਓਪਰੇਟਰ), ਰੇਸ਼ਮ ਸਿੰਘ ਅਤੇ ਜਗਜੀਤ ਸਿੰਘ (ਕਲਾਸ-4 ਕਰਮਚਾਰੀ) ਨੇ ਰੈਲੀ ਨੂੰ ਸਫਲ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।
ਰੈਲੀ ਦੌਰਾਨ ਵਿਦਿਆਰਥੀਆਂ ਨੇ ਪਲੇਕਾਰਡ ਅਤੇ ਨਾਅਰਿਆਂ ਰਾਹੀਂ "ਬੇਟੀ ਬਚਾਓ, ਬੇਟੀ ਪੜ੍ਹਾਓ" ਅਤੇ PNDT ਐਕਟ ਸਬੰਧੀ ਜਾਗਰੂਕਤਾ ਸੰਦੇਸ਼ ਲੋਕਾਂ ਤੱਕ ਪਹੁੰਚਾਇਆ।