Gurdaspur News : ਪਿੰਡ ਹਮਰਾਜਪੁਰ ਦੇ ਇਸ ਪਰਿਵਾਰ ਦੀ ਹਾਲਤ ਦੇਖ ਕੇ ਭਰ ਜਾਣਗੀਆਂ ਅੱਖਾਂ, ਲੰਬੜਦਾਰ ਨੇ ਵੀ ਕੀਤੀ ਅਪੀਲ
Babushahi Bureau
ਗੁਰਦਾਸਪੁਰ, 22 ਨਵੰਬਰ, 2025: ਗੁਰਦਾਸਪੁਰ ਦੇ ਪਿੰਡ ਹਮਰਾਜਪੁਰ ਤੋਂ ਇੱਕ ਬੇਹੱਦ ਭਾਵੁਕ ਅਤੇ ਦਰਦਨਾਕ ਕਹਾਣੀ ਸਾਹਮਣੇ ਆਈ ਹੈ। ਇੱਥੇ ਇੱਕ ਪਰਿਵਾਰ ਗਰੀਬੀ ਅਤੇ ਬਦਹਾਲੀ ਦੇ ਅਜਿਹੇ ਦੌਰ ਵਿੱਚੋਂ ਲੰਘ ਰਿਹਾ ਹੈ ਕਿ ਉਨ੍ਹਾਂ ਕੋਲ ਨਾ ਤਾਂ ਸਿਰ ਢਕਣ ਲਈ ਆਪਣੀ ਛੱਤ ਹੈ ਅਤੇ ਨਾ ਹੀ ਅਪਾਹਜ ਪੁੱਤਰ ਦਾ ਇਲਾਜ ਕਰਵਾਉਣ ਲਈ ਪੈਸੇ। ਹਾਲਾਤ ਇਹ ਹਨ ਕਿ ਪਿਛਲੇ ਚਾਰ ਸਾਲਾਂ ਤੋਂ ਇਹ ਪਰਿਵਾਰ ਗੁਆਂਢੀਆਂ ਦੇ ਘਰ ਰਹਿਣ ਲਈ ਮਜਬੂਰ ਹੈ।
ਪਰਿਵਾਰ ਦੇ ਮੁਖੀ ਜਸਬੀਰ ਸਿੰਘ ਨੇ ਦੱਸਿਆ ਕਿ ਉਹ ਕਿਰਾਏ 'ਤੇ ਈ-ਰਿਕਸ਼ਾ ਲੈ ਕੇ ਚਲਾਉਂਦਾ ਹੈ। ਦਿਨ ਭਰ ਮਿਹਨਤ ਕਰਕੇ ਉਹ 400-500 ਰੁਪਏ ਕਮਾਉਂਦਾ ਹੈ, ਜਿਸ ਵਿੱਚੋਂ 300 ਰੁਪਏ ਤਾਂ ਈ-ਰਿਕਸ਼ਾ ਦਾ ਕਿਰਾਇਆ ਹੀ ਨਿਕਲ ਜਾਂਦਾ ਹੈ। ਬਾਕੀ ਬਚੇ ਪੈਸਿਆਂ ਨਾਲ ਪਰਿਵਾਰ ਦਾ ਗੁਜ਼ਾਰਾ ਕਰਨਾ ਬੇਹੱਦ ਮੁਸ਼ਕਿਲ ਹੈ। ਉਸਦੀ ਪਤਨੀ ਘਰ ਵਿੱਚ ਅਪਾਹਜ ਪੁੱਤਰ ਦੀ ਦੇਖਭਾਲ ਕਾਰਨ ਬਾਹਰ ਕੰਮ ਕਰਨ ਤੋਂ ਅਸਮਰੱਥ ਹੈ।
ਗਰੀਬੀ ਦਾ ਆਲਮ ਇਹ ਹੈ ਕਿ ਪਰਿਵਾਰ ਦੀਆਂ ਦੋ ਧੀਆਂ, ਜੋ 12ਵੀਂ ਤੱਕ ਪੜ੍ਹ ਚੁੱਕੀਆਂ ਹਨ, ਨੂੰ ਪਰਿਵਾਰ ਦਾ ਸਹਾਰਾ ਬਣਨ ਲਈ ਦੁਕਾਨਾਂ 'ਤੇ ਕੰਮ ਕਰਨਾ ਪੈ ਰਿਹਾ ਹੈ।
4 ਸਾਲਾਂ ਤੋਂ ਗੁਆਂਢੀਆਂ ਦੇ ਰਹਿਮ 'ਤੇ ਪਰਿਵਾਰ
ਕੁਦਰਤ ਦੀ ਮਾਰ ਅਜਿਹੀ ਪਈ ਕਿ ਪਿਛਲੇ ਚਾਰ ਸਾਲਾਂ ਤੋਂ ਉਨ੍ਹਾਂ ਦੇ ਘਰ ਦੀ ਛੱਤ ਡਿੱਗੀ ਪਈ ਹੈ। ਮੀਂਹ-ਹਨ੍ਹੇਰੀ ਵਿੱਚ ਰਹਿਣਾ ਅਸੰਭਵ ਹੋਣ ਕਾਰਨ, ਇਹ ਪਰਿਵਾਰ ਗੁਆਂਢੀਆਂ ਦੇ ਘਰ ਸ਼ਰਨ ਲੈ ਕੇ ਦਿਨ ਕੱਟ ਰਿਹਾ ਹੈ। ਘਰ ਦੀ ਮੁਰੰਮਤ ਲਈ ਉਨ੍ਹਾਂ ਕੋਲ ਕੋਈ ਸਾਧਨ ਨਹੀਂ ਹੈ।
ਪਿੰਡ ਦੇ ਲੰਬੜਦਾਰ ਨੇ ਕੀਤੀ ਮਦਦ ਦੀ ਅਪੀਲ
ਪਿੰਡ ਦੇ ਲੰਬੜਦਾਰ ਸੁਰਜੀਤ ਸਿੰਘ ਨੇ ਇਸ ਪਰਿਵਾਰ ਦੀ ਹਾਲਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਿੰਡ ਵਿੱਚ ਇਸ ਤੋਂ ਵੱਧ ਲੋੜਵੰਦ ਪਰਿਵਾਰ ਕੋਈ ਹੋਰ ਨਹੀਂ ਹੈ। ਉਨ੍ਹਾਂ ਕਿਹਾ ਕਿ ਬੱਚੇ ਦਾ ਇਲਾਜ ਅਤੇ ਘਰ ਦੀ ਮੁਰੰਮਤ ਦੋਵੇਂ ਸੰਭਵ ਹਨ, ਬੱਸ ਲੋੜ ਹੈ ਆਰਥਿਕ ਮਦਦ ਦੀ। ਉਨ੍ਹਾਂ ਨੇ ਸਮਾਜਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਗੇ ਆ ਕੇ ਇਸ ਪਰਿਵਾਰ ਦੀ ਬਾਂਹ ਫੜਨ।