ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਮਰ ਸ਼ਹਾਦਤ ਸਮਾਰੋਹ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਤਮਸਤਕ ਹੋਏ : ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ 25 ਨਵੰਬਰ ,2025
ਸਰਦਾਰ ਹਰਮੀਤ ਸਿੰਘ ਕਾਲਕਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਅਤੇ ਉਹਨਾਂ ਨਾਲ ਸ਼ਹੀਦੀ ਦੇ ਮੌਕੇ ਅਡੋਲ ਅਤੇ ਨਿਡਰ ਖੜ੍ਹੇ ਰਹੇ ਮਹਾਨ ਗੁਰਸਿੱਖ — ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਾਲ ਕਿਲ੍ਹਾ ਮੈਦਾਨ ਵਿਖੇ ਹੋ ਰਹੇ ਵਿਸ਼ਾਲ ਸਮਾਰੋਹ ਦੇ ਦੂਜੇ ਦਿਨ ਦੀ ਸ਼ੁਰੂਆਤ ਪੂਰਨ ਸ਼ਰਧਾ, ਕੀਰਤਨ ਅਤੇ ਗੁਰਬਾਣੀ ਦੀ ਪਵਿੱਤਰ ਰੌਸ਼ਨੀ ਨਾਲ ਹੋਈ।
ਅੱਜ ਦੇ ਪਵਿੱਤਰ ਸਮਾਗਮ ਦੌਰਾਨ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬੇਮਿਸਾਲ ਸ਼ਹਾਦਤ ਨੂੰ ਨਮਨ ਕਰਦੇ ਹੋਏ ਹਾਜ਼ਰੀ ਭਰੀ ਅਤੇ ਗੁਰੂ ਘਰ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ।
ਇਸ ਦੇ ਨਾਲ ਹੀ ਦਿੱਲੀ ਦੀ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ ਸਮੇਤ ਪੂਰੀ ਕੈਬਿਨੇਟ, ਅਤੇ ਰੇਲ ਮੰਤਰੀ ਸ੍ਰੀ ਰਵਨੀਤ ਬਿੱਟੂ ਨੇ ਵੀ ਸਮਾਗਮ ਵਿੱਚ ਸ਼ਾਮਿਲ ਹੋ ਕੇ ਸੰਗਤਾਂ ਦੇ ਨਾਲ ਰਲ-ਮਿਲ ਸਿਮਰਨ ਕੀਤੀਆਂ ਅਤੇ ਗੁਰੂ ਸਾਹਿਬ ਦੀ ਤਿਆਗਮਈ ਬਾਣੀ ਤੋਂ ਚਾਨਣ ਪ੍ਰਾਪਤ ਕੀਤਾ।
ਲਾਲ ਕਿਲ੍ਹੇ ਮੈਦਾਨ ਦਾ ਇਹ ਆਤਮਕ ਮਾਹੌਲ ਸੰਗਤ ਦੀ ਅਟੱਲ ਸ਼ਰਧਾ, ਸੇਵਾ ਅਤੇ ਸਮਰਪਣ ਨਾਲ ਹੋਰ ਵੀ ਰੌਸ਼ਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਰ ਪਾਸੇ “ਸਰਬੱਤ ਦਾ ਭਲਾ” ਦਾ ਨਿਮਰ ਅਤੇ ਵਿਸ਼ਵਵਿਆਪੀ ਸੰਦੇਸ਼ ਗੂੰਜ ਰਿਹਾ ਹੈ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਹ ਸਮਾਰੋਹ ਸਾਨੂੰ ਯਾਦ ਦਿਵਾਂਉਦਾ ਹੈ ਕਿ ਮਨੁੱਖਤਾ ਅਤੇ ਧਰਮ ਦੀ ਰੱਖਿਆ ਲਈ ਦਿੱਤਾ ਗਿਆ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਕੁਰਬਾਨੀ ਸਦਾ-ਸਦਾ ਲਈ ਅਮਰ ਹੈ। ਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਰਕਾਰ ਸਾਂਝੇ ਤੋਰ ‘ਤੇ ਇਸ ਇਤਿਹਾਸਕ ਅਵਸਰ ਨੂੰ ਸੰਸਾਰਕ ਪੱਧਰ ’ਤੇ ਉਜਾਗਰ ਕਰਨ ਲਈ ਤਤਪਰ ਹਨ।