Babushahi Special ਸੱਤਾ ਦੇ ਸੁਫਨੇ ਲੈ ਰਹੀ ਭਾਜਪਾ ਦੇ ਸਿਆਸੀ ਰਾਹ ’ਚ ਫਾਨੇ ਵਾਂਗ ਫਸੇ ਚੰਡੀਗੜ੍ਹ ਅਤੇ ਪੰਜਾਬ ਦੇ ਮੁੱਦੇ
ਅਸ਼ੋਕ ਵਰਮਾ
ਬਠਿੰਡਾ, 24 ਨਵੰਬਰ 2025: ਸਿਆਸੀ ਸੁਫਨੇ ਲੈ ਰਹੀ ਪੰਜਾਬ ਭਾਜਪਾ ਨੂੰ ਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ ਤੋਂ ਇਲਾਵਾ ਸੂਬੇ ਨਾਲ ਜੁੜੇ ਕਿਸਾਨੀ ਵਰਗੇ ਮਹੱਤਵਪੂਰਨ ਮੁੱਦਿਆਂ ਨੂੰ ਲੈਕੇ ਆਪਣਿਆਂ ਵੱਲੋਂ ਬੀਜੇ ਕੰਡੇ ਚੁਗਣੇ ਪੈ ਰਹੇ ਹਨ। ਪੰਜਾਬ ਭਾਜਪਾ ਮੁਸ਼ੱਕਤ ਤੋਂ ਬਾਅਦ ਸਿਆਸੀ ਮਹੌਲ ਬਣਾਉਣ ਦਾ ਯਤਨ ਕਰਦੀ ਹੈ ਪਰ ਕੇਂਦਰ ਕੋਈ ਨਾਂ ਕੋਈ ਅਜਿਹਾ ਫਾਨਾ ਗੱਡਦਾ ਹੈ ਜੋ ਕੀਤੇ ਕਰਾਏ ਤੇ ਪਾਣੀ ਫੇਰਨ ਵਾਲਾ ਸਾਬਤ ਹੁੰਦਾ ਹੈ। ਚੰਡੀਗੜ੍ਹ ਨੂੰ ਪੰਜਾਬ ਹੱਥੋਂ ਕੱਢਕੇ ਕੇਂਦਰ ਅਧੀਨ ਲਿਆਉਣ ਦੇ ਮਾਮਲੇ ’ਚ ਬੇਸ਼ੱਕ ਕੇਂਦਰ ਦੀ ਭਾਜਪਾ ਸਰਕਾਰ ਨੇ ਯੂਟਰਨ ਲੈ ਲਿਆ ਹੈ ਪਰ ਪੰਜਾਬ ਦੇ ਭਾਜਪਾਈਆਂ ਨੂੰ ਹਜਮ ਨਹੀਂ ਹੋ ਰਿਹਾ ਕਿ ਭਵਿੱਖ ’ਚ ਕੋਈ ਨਵਾਂ ਪੰਗਾ ਨਹੀਂ ਪਵੇਗਾ। ਭਾਜਪਾ ਆਗੂ ਮੰਨਦੇ ਹਨ ਕਿ ਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਬਣੀ ਤਲਖ਼ੀ ਤੇ ਰਾਜਸੀ ਗਰਮੀ ਵੱਲੋਂ ਮਾਹੌਲ ਨੂੰ ਦਿੱਤਾ ਨਵਾਂ ਮੋੜਾ ਸੂਬਾ ਭਾਜਪਾ ਨੂੰ ਕਸੂਤਾ ਫਸਾਉਣ ਵਾਲਾ ਸਿੱਧ ਹੋਇਆ ਹੈ।
ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਲਗਾਤਾਰ ਇਸ ਤਰਾਂ ਦੇ ਫੈਸਲੇ ਹੋਣ ਕਾਰਨ ਕਈ ਵਾਰ ਤਾਂ ਉਨ੍ਹਾਂ ਨੂੰ ਵੀ ਇਹੋ ਲੱਗਦਾ ਹੈ ਕਿ ਕੇਂਦਰੀ ਆਗੂਆਂ ਨੇ ਪੰਜਾਬ ਤੋਂ ਝਾਕ ਮੁਕਾ ਲਈ ਹੋਵੇ। ਉਨ੍ਹਾਂ ਦੱਸਿਆ ਕਿ ਉਹ ਕੇਂਦਰ ਵੱਲੋਂ ਕਿਸਾਨੀ ਲਈ ਚੁੱਕੇ ਕਦਮਾਂ ਦੀ ਸੂਚੀ ਰੱਖਕੇ ਮਹੌਲ ਬਣਾ ਲੈਂਦੇ ਹਨ ਪਰ ਐਨ ਉਦੋਂ ਕੋਈ ਨਾਂ ਕੋਈ ਅਜਿਹਾ ਫੈਸਲਾ ਆ ਜਾਂਦਾ ਹੈ ਜਿਸ ਤੋਂ ਸੂਬਾ ਲੀਡਰਸ਼ਿਪ ਖੁਦ ਨੂੰ ਫਸਿਆ ਮਹਿਸੂਸ ਕਰਦੀ ਹੈ। ਇੱਕ ਭਾਜਪਾ ਆਗੂ ਦਾ ਪ੍ਰਤੀਕਰਮ ਸੀ ਕਿ ਉਹ ਬਹੁਤੇ ਆਸਵੰਦ ਨਹੀਂ ਕਿ ਭਵਿੱਖ ’ਚ ਕੇਂਦਰ ਪੰਜਾਬ ਨਾਲ ਛੇੜ ਛਾੜ ਬੰਦ ਕਰ ਦੇਵੇਗਾ। ਭਾਜਪਾ ਹਲਕਿਆਂ ਨੇ ਮੰਨਿਆ ਹੈ ਕਿ ਪਾਰਟੀ ਨੂੰ ਚੰਡੀਗੜ੍ਹ ਨੇ ਵੱਡਾ ਹਲੂਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫੈਸਲਾ ਵਾਪਿਸ ਲੈਣਾ ਸਪਸ਼ਟ ਸੰਦੇਸ਼ ਹੈ ਕਿ ਸੂਬੇ ਦੇ ਲੋਕ ਖਾਸ ਤੌਰ ਤੇ ਕਿਸਾਨ ਭਾਜਪਾ ਦੇ ਪੰਜਾਬ ਖਿਲਾਫ ਨਜ਼ਰੀਏ ਨੂੰ ਛੇਤੀ ਕੀਤੇ ਭੁੱਲਣ ਵਾਲੇ ਨਹੀਂ ਹਨ।
ਇਸ ਤੋਂ ਇਹ ਵੀ ਜਾਹਰ ਹੋਇਆ ਹੈ ਕਿ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ ਲੜੇ ਸੰਘਰਸ਼ ਦੌਰਾਨ ਭਾਜਪਾ ਵਿਰੁੱਧ ਰੋਹ ਪੰਜਾਬੀਆਂ ਦੇ ਮਨਾਂ ਦਾ ਹਿੱਸਾ ਬਣ ਗਿਆ ਹੈ। ਮਹੱਤਵਪੂਰਨ ਤੱਥ ਇਹ ਹੈ ਕਿ ਪੰਜਾਬ ਵਿੱਚ ਹਿੰਦੂ ਭਾਈਚਾਰੇ ਦਾ ਵੋਟ ਬੈਂਕ ਵੀ ਕਾਫ਼ੀ ਹੈ ਜਿਸ ਨੂੰ ਪਾਰਟੀ ਆਪਣੇ ਨਾਲ ਜੋੜਨ ਵਿੱਚ ਅਸਫਲ ਰਹੀ ਹੈ। ਸਿਆਸੀ ਮਾਹਿਰ ਆਖਦੇ ਹਨ ਕਿ ਭਾਜਪਾ ਲੀਡਰਸ਼ਿਪ ਜੋ ਮਰਜੀ ਸੋਚੀ ਜਾਏ ਪਰ ਸਿਆਸੀ ਤੌਰ ਤੇ ਪੰਜਾਬ ਦਾ ਹਿੰਦੂ ਉਸ ਤਰਾਂ ਨਹੀਂ ਸੋਚਦਾ ਜਿਵੇਂ ਦੇਸ਼ ਦੀ ਹਿੰਦੂ ਪੱਟੀ ਸੋਚਦੀ ਹੈ। ਇਸ ਦੀ ਮਿਸਾਲ ਹੈ ਕਿ ਸੀਨੀਅਰ ਲੀਡਰਸ਼ਿਪ ਵੱਲੋਂ ਅੱਡੀ ਚੋਟੀ ਵਾਲਾ ਜੋਰ ਲਾਉਣ ਦੇ ਬਾਵਜੂਦ ਤਰਨ ਤਾਰਨ ’ਚ ਭਾਜਪਾ ਜ਼ਮਾਨਤ ਨਹੀਂ ਬਚਾਅ ਸਕੀ ਹੈ ਜਿੱਥੇ ਹਿੰਦੂਆਂ ਦੀਆਂ ਵੋਟਾਂ ਦਾ ਅੰਕੜਾ ਕੋਈ ਘੱਟ ਨਹੀਂ ਹੈ। ਇਸ ਮੌਕੇ ਭਾਜਪਾ ਨੂੰ ਸਿਰਫ਼ 5.30 ਫ਼ੀਸਦੀ ਵੋਟਾਂ ਪਈਆਂ ਹਨ ਜਦੋਂਕਿ ਲੁਧਿਆਣਾ ਪੱਛਮੀ ਦੀ ਚੋਣ ’ਚ 22.54 ਫ਼ੀਸਦੀ ਵੋਟ ਪਏ ਸਨ।
ਮੰਨਿਆ ਜਾ ਰਿਹਾ ਹੈ ਕਿ ਪੰਜਾਬ ’ਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਭੰਗ ਕਰਨ ਦੇ ਫ਼ੈਸਲੇ ਅਤੇ ਕਈ ਕਥਿਤ ਪੰਜਾਬ ਵਿਰੋਧੀ ਫੈਸਲਿਆਂ ਨੇ ਭਾਜਪਾ ਦੇ ਸਿਆਸੀ ਰਾਹ ਡੱਕਣ ਲੱਗੇ ਹਨ। ਕੇਂਦਰ ਦੀ ਭਾਜਪਾ ਹਕੂਮਤ ਵੱਲੋਂ ਹੜ੍ਹਾਂ ਦੇ ਭੰਨੇ ਲੋਕਾਂ ਲਈ ਕੋਈ ਵਿਸ਼ੇਸ਼ ਪੈਕੇਜ ਦਾ ਐਲਾਨ ਨਾ ਕਰਨ ਕਾਰਨ ਵੀ ਭਾਜਪਾ ਖ਼ਿਲਾਫ਼ ਨਾਰਾਜ਼ਗੀ ਪਾਈ ਜਾ ਰਹੀ ਹੈ। ਭਾਜਪਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਹੁੰਗਾਰਾ ਨਾ ਭਰਨਾ ਵੀ ਲੋਕਾਂ ਨੂੰ ਲਗਾਤਾਰ ਰੜਕਦਾ ਰਹਿੰਦਾ ਹੈ। ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਲਾਗੂ ਕਰਨ ਖਿਲਾਫ ਚੱਲੇ ਸੰਘਰਸ਼ ਦੌਰਾਨ ਕਿਸਾਨਾਂ ਤੇ ਦਰਜ ਕੇਸਾਂ ਦਾ ਮਸਲਾ ਵੀ ਲਟਕਦਾ ਆ ਰਿਹਾ ਹੈ। ਭਾਜਪਾ ’ਚ ਸ਼ਾਮਲ ਇੱਕ ਸਿੱਖ ਆਗੂ ਦਾ ਕਹਿਣਾ ਸੀ ਕਿ ਪੰਜਾਬ ’ਚ ਪੈਰ ਜਮਾਉਣ ਲਈ ਭਾਜਪਾ ਨੂੰ ਕਿਸਾਨੀ ਮਸਲੇ ਹੱਲ ਕਰਨੇ ਪੈਣਗੇ ਅਤੇ ਹਰ ਉਹ ਫੈਸਲਾ ਲੈਣ ਤੋਂ ਗੁਰੇਜ਼ ਕਰਨਾ ਹੋਵੇਗਾ ਜੋ ਸੂਬੇ ਦੀ ਦੁਖਦੀ ਰਗ ਤੇ ਹੱਥ ਰੱਖਣ ਵਾਲਾ ਹੋਵੇ।
ਇੱਕ ਭਾਜਪਾ ਆਗੂ ਦਾ ਪ੍ਰਤੀਕਰਮ ਸੀ ਕਿ ਪਾਰਟੀ ਨੇ ਤਰਨ ਤਾਰਨ ਨੂੰ ਗੰਭੀਰਤਾ ਨਾਲ ਲੜਿਆ ਅਤੇ ਸੀਨੀਅਰ ਲੀਡਰਸ਼ਿਪ ਚੋਣ ਪ੍ਰਚਾਰ ’ਚ ਜੁਟੀ ਰਹੀ। ਇਸ ਦੇ ਬਾਵਜੂਦ ਹੁਣ ਤੱਕ ਦੀਆਂ ਜਿਮਨੀ ਚੋਣਾਂ ਦੇ ਨਤੀਜੇ ਅਤੇ ਪੰਜਾਬ ਦੇ ਲੋਕਾਂ ਵੱਲੋਂ ਕੇਂਦਰੀ ਫੈਸਲਿਆਂ ਦਾ ਬਿਨਾਂ ਕਿਸੇ ਸੱਦੇ ਤੋਂ ਨਿੱਠ ਕੇ ਕੀਤੇ ਵਿਰੋਧ ਨੇ ਦੱਸ ਦਿੱਤਾ ਹੈ ਕਿ ਭਾਜਪਾ ਲਈ ਪੰਜਾਬ ਦੇ ਸਿਆਸੀ ਰਾਹ ਇੰਨੇ ਸੌਖੇ ਨਹੀਂ ਹਨ। ਲੋਕ ਆਖਦੇ ਹਨ ਕਿ ਚੋਣਾਂ ਦੇ ਨਤੀਜੇ, ਪੰਜਾਬ ਯੂਨੀਵਰਸਿਟੀ ਤੇ ਚੰਡੀਗੜ੍ਹ ਸਬੰਧੀ ਫੈਸਲੇ ਤੋਂ ਪਿੱਛੇ ਪੈਰ ਹਟਾਉਣ ਦਾ ਮਾਮਲਾ ਕੇਂਦਰੀ ਭਾਜਪਾ ਨੂੰ ਅਗਲੀਆਂ ਚੋਣਾਂ ’ਚ ਪੰਜਾਬੀਆਂ ਨਾਲ ਜੁੜੇ ਮਸਲਿਆਂ ਨੂੰ ਨਜਿੱਠਣ ਅਤੇ ਭਵਿੱਖ ’ਚ ਪੰਜਾਬ ਵਿਰੋਧੀ ਫੈਸਲਾ ਲੈਣ ਤੋਂ ਪਹਿਲਾਂ ਸੌ ਵਾਰੀ ਸੋਚਣ ਲਈ ਪ੍ਰੇਰਿਤ ਕਰੇਗਾ। ਸੀਨੀਅਰ ਆਗੂਆਂ ਵੱਲੋਂ ਦਿੱਤੇ ਸੁਝਾਅ ਭਾਜਪਾ ਹਾਈਕਮਾਂਡ ਸਮਝਦੀ ਤੇ ਮੰਨਦੀ ਹੈ ਜਾਂ ਨਹੀਂ ਕਾਫੀ ਹੱਦ ਤੱਕ ਪਾਰਟੀ ਦਾ ਸਿਆਸੀ ਭਵਿੱਖ ਇਸ ਤੇ ਨਿਰਭਰ ਕਰਦਾ ਹੈ।
ਇਹ ਤੱਥ ਸਹੀ: ਬਲੀਏਵਾਲ
ਭਾਜਪਾ ਪੰਜਾਬ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਦਾ ਕਹਿਣਾ ਸੀ ਕਿ ਇਹ ਸਹੀ ਹੈ ਕਿ ਕੇਂਦਰੀ ਫੈਸਲੇ ਪੰਜਾਬ ਭਾਜਪਾ ਲਈ ਅਣਸੁਖਾਵੇਂ ਸਾਬਤ ਹੁੰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਹਾਈਕਮਾਂਡ ਨੇ ਸੂਬਾ ਲੀਡਰਸ਼ਿਪ ਦੇ ਕਹਿਣ ਤੇ ਫੈਸਲਿਆਂ ਨੂੰ ਬਦਲਿਆ ਵੀ ਹੈ। ਬਲੀਏਵਾਲ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਲਈ ਵੱਡੀਆਂ ਤਬਦੀਲੀਆਂ ਨਜ਼ਰ ਆਉਣਗੀਆਂ।