ਭਗਵੰਤ ਮਾਨ ਨੇ ਸ੍ਰੀ ਆਨੰਦਪੁਰ ਸਾਹਿਬ ’ਚ ਵਿਧਾਨ ਸਭਾ ਸੈਸ਼ਨ ਸੱਦ ਕੇ ਜਨਤਾ ਦਾ ਪੈਸਾ ਬਰਬਾਦ ਕੀਤਾ: ਅਕਾਲੀ ਦਲ
ਬਹੁਤ ਸ਼ਰਮ ਵਾਲੀ ਗੱਲ ਕਿ ਪਵਿੱਤਰ ਮੌਕੇ ’ਤੇ ਆਪ ਸਰਕਾਰ ਨੇ ਘਟੀਆ ਰਾਜਨੀਤੀ ਕੀਤੀ: ਗਨੀਵ ਕੌਰ ਮਜੀਠੀਆ
ਚੰਡੀਗੜ੍ਹ, 25 ਨਵੰਬਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਚ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਜਨਤਾ ਦੇ ਕਰੋੜਾਂ ਰੁਪਏ ਬਰਬਾਦ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਸਰਕਾਰ ਇਸ ਮੌਕੇ ਦਾ ਫਾਇਦਾ ਪਵਿੱਤਰ ਨਗਰੀ ਵਿਚ ਬੁਨਿਆਦੀ ਢਾਂਚੇ ਵਿਚ ਸੁਧਾਰ ਕਰਨ ਵਾਸਤੇ ਚੁੱਕ ਸਕਦੀ ਸੀ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਵਿਧਾਇਕ ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ਆਪ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ’ਤੇ ਸ੍ਰੀ ਆਨੰਦਪੁਰ ਸਾਹਿਬ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਕਰ ਸਕਦੀ ਸੀ ਪਰ ਇਸਨੇ ਇਸ ਪਵਿੱਤਰ ਦਿਹਾੜੇ ’ਤੇ ਘਟੀਆ ਰਾਜਨੀਤੀ ਕਰਨ ਨੂੰ ਤਰਜੀਹ ਦਿੱਤੀ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਇਕ ਰੋਜ਼ਾ ਸੈਸ਼ਨ ’ਤੇ ਕਰੋੜਾਂ ਰੁਪਏ ਖਰਚਣ ਨੂੰ ਤਰਜੀਹ ਦਿੱਤੀ ਜਿਸਦਾ ਨਤੀਜਾ ਸਿਫਰ ਰਿਹਾ। ਉਹਨਾਂ ਕਿਹਾ ਕਿ ਇਹ ਸਭ ਕੁਝ ਇਕ ਟੈਂਟ ਮਾਲਕ ਨੂੰ ਬਿਜ਼ਨਸ ਦੇਣ ਵਾਸਤੇ ਕੀਤਾ ਗਿਆ।
ਸਰਦਾਰਨੀ ਮਜੀਠੀਆ ਨੇ ਕਿਹਾ ਕਿ ਪੰਜਾਬੀ ਮੁੱਖ ਮੰਤਰੀ ਭਗਵੰਤ ਮਾਨ ਦੇ ਰਵੱਈਏ ’ਤੇ ਹੈਰਾਨ ਹਨ ਜਿਹਨਾਂ ਨੇ ਇਸ ਮੌਕੇ ਧਾਰਮਿਕ ਸਮਾਗਮ ਆਯੋਜਿਤ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦੇਣ ਦੀ ਥਾਂ ’ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਮਲਾ ਕਰਨ ਨੂੰ ਤਰਜੀਹ ਦਿੱਤੀ।
ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਬੀਤੇ ਸਮੇਂ ਵਿਚ ਅਜਿਹੇ ਇਤਿਹਾਸਕ ਮੌਕਿਆਂ ਦਾ ਲਾਭ ਸੂਬੇ ਵਿਚ ਵੱਡੇ ਪ੍ਰਾਜੈਕਟ ਲਿਆਉਣ ਵਾਸਤੇ ਕੀਤਾ ਸੀ। ਉਹਨਾਂ ਕਿਹਾ ਕਿ 1999 ਵਿਚ 300ਵੇਂ ਖਾਲਸਾ ਸਾਜਣਾ ਦਿਵਸ ਮੌਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ 300 ਕਰੋੜ ਰੁਪਏ ਦੇ ਨਿਵੇਸ਼ ਨਾਲ ਵਿਰਾਸਤ ਏ ਖਾਲਸਾ ਦੀ ਸਥਾਪਨਾ ਕੀਤੀ। ਇਸੇ ਤਰੀਕੇ 22000 ਕਰੋੜ ਰੁਪਏ ਦੇ ਨਿਵੇਸ਼ ਨਾਲ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਬਠਿੰਡਾ ਵਿਚ ਸਥਾਪਿਤ ਕੀਤੀ ਗਈ। ਇਸੇ ਤਰੀਕੇ ਫਤਿਹਗੜ੍ਹ ਸਾਹਿਬ ਵਿਚ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ।
ਸਰਦਾਰਨੀ ਮਜੀਠੀਆ ਨੇ ਕਿਹਾ ਕਿ ਦੂਜੇ ਪਾਸੇ ਆਪ ਸਰਕਾਰ ਇਸ ਮੌਕੇ ਜਨਤਾ ਦਾ ਪੈਸਾ ਬਰਬਾਦ ਕੀਤਾ ਅਤੇ ਆਪਣੇ ਆਕਾ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਵਾਸਤੇ ਘਟੀਆ ਰਾਜਨੀਤੀਕੀਤੀ। ਉਹਨਾਂ ਕਿਹਾ ਕਿ ਪੰਜਾਬੀ ਭਗਵੰਤ ਮਾਨ ਦੀ ਇਹ ਸਸਤੀ ਡਰਾਮੇਬਾਜ਼ੀ ਕਦੇ ਨਹੀਂ ਭੁੱਲਣਗੇ ਅਤੇ ਲੋਕਾਂ ਦਾ ਪੈਸਾ ਲੁੱਟਣ ਵਾਸਤੇ ਪਾਰਟੀ ਨੂੰ ਕਰਾਰਾ ਸਬਕ ਸਿਖਾਉਣਗੇ।