ਅਰਪਨ ਲਿਖਾਰੀ ਸਭਾ ਕੈਲਗਰੀ ਦੀ ਅਕਤੂਬਰ ਮਹੀਨੇ ਦੀ ਮੀਟਿੰਗ
ਹਰਦਮ ਮਾਨ
ਸਰੀ, 15 ਅਕਤੂਬਰ 2025-ਅਰਪਨ ਲਿਖਾਰੀ ਸਭਾ ਦੀ ਅਕਤੂਬਰ ਮਹੀਨੇ ਦੀ ਮੀਟਿੰਗ ਜਸਵੰਤ ਸਿੰਘ ਸੇਖੋਂ ਅਤੇ ਬੀਬੀ ਕਿਰਨਜੋਤ ਹੁੰਝਣ ਦੀ ਪ੍ਰਧਾਨਗੀ ਹੇਠ ਕੋਸੋ ਹਾਲ ਵਿੱਚ ਹੋਈ। ਪ੍ਰੋਗਰਾਮ ਦਾ ਸੰਚਾਲਨ ਦਰਸ਼ਨ ਸਿੰਘ ਬਰਾੜ ਨੇ ਕੀਤਾ। ਸ਼ੁਰੂਆਤ ਵਿੱਚ ਰਾਜਬੀਰ ਜਵੰਦਾ, ਕੁਲਵਿੰਦਰ ਸਿੰਘ (ਬਾਡੀ ਬਿਲਡਰ), ਪ੍ਰੋ. ਗੁਰਮੀਤ ਸਿੰਘ ਟਿਵਾਣਾ ਅਤੇ ਡਾ. ਪ੍ਰੀਤਮ ਸਿੰਘ ਕੈਂਬੋ ਦੇ ਵਿਛੋੜੇ ’ਤੇ ਇੱਕ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ।
ਇਸ ਮੌਕੇ ਗੁਰੂ ਰਾਮਦਾਸ ਜੀ ਦੇ ਗੁਰਪੁਰਬ, ਦੁਸਹਿਰਾ ਅਤੇ ਦੀਵਾਲੀ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ ਗਈਆਂ। ਸੁਖਮੰਦਰ ਸਿੰਘ ਗਿੱਲ ਨੇ ਗੁਰੂ ਰਾਮਦਾਸ ਜੀ ਦੀ ਸਿਫ਼ਤ ਵਿਚ ਸ਼ਬਦ ਗਾਇਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ। ਇੰਜੀਨੀਅਰ ਜੀਰ ਸਿੰਘ ਬਰਾੜ ਨੇ ਪੰਜਾਬ ਬਿਜਲੀ ਬੋਰਡ ਦੇ ਆਪਣੇ ਅਨੁਭਵ ਸਾਂਝੇ ਕੀਤੇ। ਨੌਜਵਾਨ ਕਵੀ ਤਾਜਬੀਰ ਨੇ ਆਪਣੀ ਕਵਿਤਾ ਰਾਹੀਂ ਜਵਾਨ ਪੀੜ੍ਹੀ ਨੂੰ ਸੋਚਣ ਲਈ ਪ੍ਰੇਰਿਤ ਕੀਤਾ, ਜਦਕਿ ਜੈ ਸਿੰਘ ਉੱਪਲ ਨੇ ਧੀਆਂ ਬਾਰੇ ਸੰਵੇਦਨਸ਼ੀਲ ਕਵਿਤਾ ਪੇਸ਼ ਕੀਤੀ।
ਬਲਕਾਰ ਸਿੰਘ ਨੇ ਆਪਣੇ ਬਾਰੇ ਦਿਲਚਸਪ ਜਾਣਕਾਰੀ ਸਾਂਝੀ ਕੀਤੀ ਅਤੇ ਜਰਨੈਲ ਤੱਗੜ ਨੇ ਨੌਜਵਾਨਾਂ ਦੇ ਬਦਲਦੇ ਰੁਝਾਨਾਂ ਤੇ ਚਿੰਤਾ ਪ੍ਰਗਟ ਕੀਤੀ। ਸਰੂਪ ਸਿੰਘ ਮੰਡੇਰ ਤੇ ਜਸਵੰਤ ਸਿੰਘ ਸੇਖੋਂ ਨੇ ਕਵੀਸ਼ਰੀ ਰੂਪ ਵਿੱਚ “ਤੋੜੀ ਜਾਂਦਾ ਫੁੱਲ ਫੁਲੇਰਾ” ਸੁਣਾ ਕੇ ਸਮਾਗਮ ਨੂੰ ਰੰਗ ਬਖ਼ਸ਼ਿਆ। ਸਰਦੂਲ ਸਿੰਘ ਲੱਖਾ, ਕਿਰਨਜੋਤ ਹੁੰਝਣ, ਹਰਭਜਨ ਸਿੰਘ ਬਿਹਾਲਾ, ਗੁਰਚਰਨ ਸਿੰਘ ਹੇਰਾਂ ਅਤੇ ਬਲਜਿੰਦਰ ਮਾਂਗਟ ਨੇ ਵੀ ਆਪਣੀਆਂ ਕਵਿਤਾਵਾਂ ਰਾਹੀਂ ਵੱਖ-ਵੱਖ ਸਮਾਜਿਕ ਮੁੱਦੇ ਛੇੜੇ।
ਸਤਨਾਮ ਸਿੰਘ ਢਾਅ ਅਤੇ ਜਸਵੰਤ ਸਿੰਘ ਸੇਖੋਂ ਨੇ ਪਾਲ ਸਿੰਘ ਪੰਛੀ ਦੀ ਰਚਨਾ ਰਾਹੀਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਪ੍ਰਿੰਸੀਪਲ ਬਲਦੇਵ ਸਿੰਘ ਦੁਲੱਟ ਨੇ ਕਿਸਾਨੀ ਸੰਕਟ ਬਾਰੇ ਕਵਿਤਾ ਰਾਹੀਂ ਚੜ੍ਹਦੀ ਕਲਾ ਦਾ ਸੁਨੇਹਾ ਦਿੱਤਾ। ਦਰਸ਼ਨ ਸਿੰਘ ਬਰਾੜ ਦੀ ਕਵਿਤਾ “ਪੁੱਤ ਸਾਡਾ ਚੰਡੀਗੜ੍ਹ ਨੇ ਪੱਟਿਆ” ਨੇ ਜਵਾਨੀ ਦੇ ਭਟਕੇ ਰਾਹਾਂ ਨੂੰ ਉਜਾਗਰ ਕੀਤਾ, ਜਦਕਿ ਅੰਗਰੇਜ਼ ਸਿੰਘ ਸੀਤਲ ਨੇ ਗ਼ਜ਼ਲ ਤੇ ਗੀਤ ਸੁਣਾ ਕੇ ਸਭਾ ਨੂੰ ਮੋਹ ਲਿਆ।
ਸਮਾਗਮ ਵਿੱਚ ਮੁਖਵਿੰਦਰ ਸਿੰਘ ਉੱਪਲ, ਮਹਿੰਦਰ ਕੌਰ ਕਾਲੀਰਾਏ ਅਤੇ ਸੁਖਦੇਵ ਕੌਰ ਢਾਅ ਦੀ ਹਾਜ਼ਰੀ ਵੀ ਖ਼ਾਸ ਰਹੀ। ਅੰਤ ਵਿੱਚ ਪ੍ਰਧਾਨ ਜਸਵੰਤ ਸਿੰਘ ਸੇਖੋਂ ਨੇ ਸਾਰੇ ਹਾਜ਼ਰ ਸਾਹਿਤਕਾਰਾਂ ਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਅਗਲੀ ਮੀਟਿੰਗ ਬਾਰੇ ਜਾਣਕਾਰੀ ਸਾਂਝੀ ਕੀਤੀ।